
ਮਿੱਟੀ ਦੇ ਭਰੇ ਟਿਪਰ ਵੀ ਲਾਏ, ਚੰਡੀਗੜ੍ਹ ਵਿਚ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ ’ਤੇ ਪੱਕੀਆਂ ਰੋਕਾਂ
ਚੰਡੀਗੜ੍ਹ (ਨਵਿੰਦਰ ਸਿੰਘ ਬੜਿੰਗ): ਸੰਯੁਕਤ ਕਿਸਾਨ ਮੋਰਚੇ ਨੇ 5 ਮਾਰਚ ਨੂੰ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਵੀ ਪੂਰੀ ਤਿਆਰੀ ਕਰ ਲਈ ਹੈ, ਜਿਸ ਕਾਰਨ ਪੁਲਿਸ ਨੇ ਚੰਡੀਗੜ੍ਹ ਵਿਚ ਦਾਖ਼ਲ ਹੋਣ ਵਾਲੇ 12 ਰਸਤਿਆਂ ਨੂੰ ਡਾਇਵਰਟ ਕਰ ਦਿਤਾ ਹੈ।
ਇਸ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਅਪੀਲ ਹੈ ਕਿ ਉਹ 5 ਮਾਰਚ ਨੂੰ ਚੰਡੀਗੜ੍ਹ ਪੁਲਿਸ ਵਲੋਂ ਜਾਰੀ ਰੂਟ ਪਲਾਨ ਨੂੰ ਦੇਖ ਕੇ ਹੀ ਅਪਣੇ ਘਰਾਂ ਤੋਂ ਬਾਹਰ ਨਿਕਲਣ। ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਤਾਂ ਜੋ ਕਿਸਾਨਾਂ ਨੂੰ ਚੰਡੀਗੜ੍ਹ ਆਉਣ ਤੋਂ ਰੋਕਿਆ ਜਾ ਸਕੇ। ਪੁਲਿਸ ਵਲੋਂ ਸਾਰੇ ਰਸਤਿਆਂ ’ਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸਾਨ 5 ਮਾਰਚ ਤੋਂ ਪਹਿਲਾਂ ਅਪਣੇ ਨਿਜੀ
ਵਾਹਨਾਂ ਰਾਹੀਂ ਚੰਡੀਗੜ੍ਹ ਵਿਚ ਦਾਖ਼ਲ ਨਾ ਹੋ ਸਕਣ। ਜ਼ਿਕਰਯੋਗ ਹੈ ਕਿ ਕਿਸਾਨ ਚੰਡੀਗੜ੍ਹ ਵਲ ਮਾਰਚ ਕਰਨ ’ਤੇ ਅੜੇ ਹੋਏ ਹਨ। ਕਿਸਾਨਾਂ ਨੇ ਚਿਤਾਵਨੀ ਦਿਤੀ ਹੈ ਕਿ ਉਹ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਆਉਣਗੇ।
ਇਸ ਨਾਲ ਹੀ ਕਿਸਾਨਾਂ ਨੂੰ ਰੋਕਣ ਲਈ ਪੂਰੇ ਸ਼ਹਿਰ ਵਿਚ 2500 ਪੁਲਿਸ ਜਵਾਨ ਤਾਇਨਾਤ ਕੀਤੇ ਜਾਣਗੇ। ਸ਼ਹਿਰ ਭਰ ਦੀਆਂ 12 ਵਿਸ਼ੇਸ਼ ਚੌਕੀਆਂ ’ਤੇ ਕਰੀਬ 1200 ਸਿਪਾਹੀਆਂ ਤੋਂ ਇਲਾਵਾ ਐਸਐਚਓਜ਼ ਅਤੇ ਡੀਐਸਪੀਜ਼ ਨੂੰ ਤਾਇਨਾਤ ਕੀਤਾ ਗਿਆ ਹੈ। ਚੰਡੀਗੜ੍ਹ ਪੁਲਸ ਨੇ ਜ਼ੀਰਕਪੁਰ ਬੈਰੀਅਰ, ਫੈਦਾ ਬੈਰੀਅਰ, ਸੈਕਟਰ 48/49 ਦੀ ਡਿਵਾਈਡਿੰਗ ਰੋਡ, ਸੈਕਟਰ 49/50, ਸੈਕਟਰ 50/51 (ਜੇਲ ਰੋਡ), ਸੈਕਟਰ 51/52 (ਮਟੌਰ ਬੈਰੀਅਰ), ਸੈਕਟਰ 52/53 (ਕਜਹੇੜੀ ਚੌਕ), ਸੈਕਟਰ 53/54 ਫ਼ਰਨੀਚਰ ਮਾਰਕੀਟ, (ਬਡਹੇੜੀ ਬੈਰੀਅਰ) ਸੈਕਟਰ 55/56 (ਪਲਸੋਰਾ ਬੈਰੀਅਰ), ਨਵਾਂ ਗਾਓਂ ਬੈਰੀਅਰ ਅਤੇ ਮੁੱਲਾਂਪੁਰ ਬੈਰੀਅਰ ਨੂੰ ਡਾਇਵਰਟ ਕੀਤਾ ਗਿਆ ਹੈ।