
ਕਿਸਾਨਾਂ ਵਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵਲੋਂ ਸ਼ਹਿਰ ਦੇ ਐਂਟਰੀ ...
ਧੂਰੀ : ਕਿਸਾਨਾਂ ਵਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ਉਪਰ ਨਾਕੇ ਲਗਾਏ ਗਏ ਜਿਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ 'ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ 'ਤੇ ਲੁਧਿਆਣਾ ਵਲੋਂ ਆ ਰਹੀ ਇਕ ਪਿੱਕਅੱਪ ਗੱਡੀ ਰੋਕ ਕੇ ਚੈੱਕ ਕੀਤੀ ਗਈ ਜਿਸ ਵਿਚ ਕਰੀਬ 1 ਹਜ਼ਾਰ ਲੀਟਰ ਦੁੱਧ ਪਲਾਸਟਿਕ ਦੇ ਢੋਲਾਂ ਵਿਚ ਲਿਆਂਦਾ ਜਾ ਰਿਹਾ ਸੀ।
ਜਿਸ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਦੁੱਧ ਦੀ ਕੁਆਲਟੀ ਚੈੱਕ ਕੀਤੀ ਤਾਂ ਉਨ੍ਹਾਂ ਨੇ ਮਿਲਾਵਟੀ ਦੁੱਧ ਹੋਣ ਦੀ ਸ਼ੰਕਾ ਜ਼ਾਹਰ ਕੀਤੀ। ਇਸ ਘਟਨਾ ਦਾ ਪਤਾ ਚਲਦਿਆਂ ਥਾਣਾ ਸਿਟੀ ਧੂਰੀ ਦੇ ਮੁਖੀ ਸ੍ਰੀ ਰਾਜੇਸ਼ ਸਨੇਹੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਰ ਇਹ ਦੁੱਧ ਨਕਲੀ ਜਾਂ ਮਿਲਾਵਟੀ ਸਾਬਤ ਹੋਇਆ ਤਾਂ ਸਬੰਧਤ ਵਿਅਕਤੀ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰਨ 'ਤੇ ਜ਼ਿਲ੍ਹਾ ਸਿਹਤ ਅਫ਼ਸਰ ਸ੍ਰੀ ਰਵਿੰਦਰ ਗਰਗ ਅਤੇ ਫ਼ੂਡ ਸੇਫਟੀ ਇੰਸਪੈਕਟਰ ਸ. ਚਰਨਜੀਤ ਸਿੰਘ ਨੇ ਅਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਉਕਤ ਦੁੱਧ ਦੇ ਸੈਂਪਲ ਭਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਦਸਿਆ ਕਿ ਜੇਕਰ ਜਾਂਚ ਦੌਰਾਨ ਜੇਕਰ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਉਪਰੰਤ ਕਿਸਾਨ ਆਗੂਆਂ ਵਲੋਂ ਨਾਲ ਵਗਦੇ ਰਜਵਾਹੇ ਵਿਚ ਇਹ ਦੁੱਧ ਡੋਲ੍ਹ ਦਿਤਾ ਗਿਆ। ਇਸ ਸਬੰਧੀ ਦੁੱਧ ਲਿਜਾ ਰਹੇ ਮਾਲਕ ਜਸਪਾਲ ਬਾਂਸਲ ਨੇ ਦੁੱਧ ਦੀ ਕੁਆਲਟੀ ਸਬੰਧੀ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦਸਿਆ ਕਿ ਉਹ ਇਹ ਦੁੱਧ ਅਪਣੀ ਲੁਧਿਆਣਾ ਸਥਿਤ ਡੇਅਰੀ ਤੋਂ ਹੀਰਾ ਡੇਅਰੀ ਸੰਗਰੂਰ ਨੂੰ ਸਪਲਾਈ ਕਰਨ ਲਈ ਲੈ ਕੇ ਜਾ ਰਿਹਾ ਸੀ
ਅਤੇ ਇਹ ਦੁੱਧ ਸਪਰੇਟਾ ਕਿਸਮ ਦਾ ਸੀ, ਇਸ ਲਈ ਇਹ ਆਮ ਦੁੱਧ ਨਾਲ ਪਤਲਾ ਸੀ ਅਤੇ ਮਹਿਕਮੇ ਵਲੋਂ ਇਸ ਦੁੱਧ ਦੇ ਭਰੇ ਸੈਂਪਲ ਪਾਸ ਹੋਣ ਦੀ ਆਸ ਜ਼ਾਹਰ ਕੀਤੀ। ਵਰਣਨਯੋਗ ਹੈ ਕਿ ਜਦੋਂ ਸਵੇਰ ਵੇਲੇ ਇਹ ਦੁੱਧ ਫੜਿਆ ਗਿਆ ਸੀ, ਉਸ ਮੌਕੇ ਲੋਕ ਦੁੱਧ ਦੀਆਂ ਢੋਲੀਆਂ ਅਤੇ ਡੋਲੂ ਵਗੈਰਾ ਭਰ ਕੇ ਅਪਣੇ ਘਰਾਂ ਨੂੰ ਲੈ ਕੇ ਜਾਂਦੇ ਵੇਖੇ ਗਏ।