
ਕਿਸਾਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਅਸਰ ਹੁਣ ਦਿੱਲੀ ਸਮੇਤ ਆਸਪਾਸ ਦੇ ਇਲਾਕਿਆਂ ਵਿਚ ਦਿਸਣ ਲੱਗਿਆ ਹੈ। ਇਸ ਹੜਤਾਲ ਦੀ ਵਜ੍ਹਾ ...
ਨਵੀਂ ਦਿੱਲੀ : ਕਿਸਾਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਅਸਰ ਹੁਣ ਦਿੱਲੀ ਸਮੇਤ ਆਸਪਾਸ ਦੇ ਇਲਾਕਿਆਂ ਵਿਚ ਦਿਸਣ ਲੱਗਿਆ ਹੈ। ਇਸ ਹੜਤਾਲ ਦੀ ਵਜ੍ਹਾ ਨਾਲ ਆਉਣ ਵਾਲੇ ਦਿਨਾਂ ਵਿਚ ਦਿੱਲੀ-ਐਨਸੀਆਰ ਦੇ ਵੱਖ-ਵੱਖ ਇਲਾਕਿਆਂ ਵਿਚ ਫ਼ਲ ਸਬਜ਼ੀਆਂ ਅਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਸਪਲਾਈ 'ਤੇ ਅਸਰ ਪੈ ਸਕਦਾ ਹੈ। ਦਿੱਲੀ ਦੀ ਸਭ ਤੋਂ ਵੱਡੀ ਮੰਡੀ ਵਿਚੋਂ ਇਕ ਆਜ਼ਾਦਪੁਰ ਮੰਡੀ ਦੇ ਪ੍ਰਧਾਨ ਆਦਿਲ ਖ਼ਾਨ ਨੇ ਦਸਿਆ ਕਿ ਕਿਸਾਨਾਂ ਦੀ ਹੜਤਾਲ ਦੀ ਵਜ੍ਹਾ ਨਾਲ ਸਬਜ਼ੀਆਂ, ਫ਼ਲਾਂ ਅਤੇ ਹੋਰ ਖ਼ੁਰਾਕੀ ਸਮੱਗਰੀਆਂ ਨਾਲ ਭਰੇ ਟਰੱਕਾਂ ਦੀ ਗਿਣਤੀ ਵਿਚ ਕਮੀ ਆਈ ਹੈ।
farmer protestਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦੀ ਹੜਤਾਲ ਖ਼ਤਮ ਨਾ ਹੋਈ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਉਨ੍ਹਾਂ ਦਸਿਆ ਕਿ ਦਿੱਲੀ ਦੀਆਂ ਮੰਡੀਆਂ ਵਿਚ ਫਿਲਹਾਲ ਤਾਂ ਖ਼ੁਰਾਕੀ ਸਮੱਗਰੀਆਂ ਦਾ ਸਟਾਕ ਹੈ ਪਰ ਆਉਣ ਵਾਲੇ ਦਿਨਾਂ ਵਿਚ ਇਸ ਦੀ ਕਿੱਲਤ ਹੋ ਸਕਦੀ ਹੈ। ਜੇਕਰ ਇਹ ਹੜਤਾਲ ਅਗਲੇ ਕੁੱਝ ਦਿਨਾਂ ਤਕ ਚਲਦੀ ਰਹੀ ਹੈ ਤਾਂ ਦਿੱਲੀ ਵਿਚ ਆਉਣ ਵਾਲੇ ਦਿਨਾਂ ਵਿਚ ਫ਼ਲ ਅਤੇ ਸਬਜ਼ੀਆਂ ਦੀ ਕਮੀ ਆ ਸਕਦੀ ਹੈ।
farmer protestਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ ਦੇ ਕਿਸਾਨਾਂ ਨੇ ਸ਼ੁਕਰਵਾਰ ਤੋਂ 10 ਦਿਨ ਦਾ ਪਿੰਡ ਬੰਦ ਐਲਾਨ ਕੀਤਾ ਹੋਇਆ ਹੈ। ਦੇਸ਼ ਭਰ ਦੇ ਕਈ ਕਿਸਾਨ ਸੰਗਠਨਾਂ ਨੇ ਲੰਬੇ ਸਮੇਂ ਤੋਂ ਅਪਣੀਆਂ ਮੰਗਾਂ ਨੂੰ ਨਾ ਮੰਨੇ ਜਾਣ ਦੇ ਵਿਰੋਧ ਵਿਚ ਬੰਦ ਬੁਲਾਇਆ ਹੈ। ਇਸ ਬੰਦ ਵਿਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਸਮੇਤ ਕਈ ਸੂਬਿਆਂ ਦੇ ਕਿਸਾਨ ਸ਼ਾਮਲ ਹਨ। ਇਨ੍ਹਾਂ ਦੀ ਮੁੱਖ ਮੰਗ ਹੈ ਕਿ ਇਨ੍ਹਾਂ ਦੀਆਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਇਨ੍ਹਾਂ ਨੂੰ ਦਿਤਾ ਜਾਵੇ। ਨਾਲ ਹੀ ਫ਼ਸਲਾਂ ਅਤੇ ਸਬਜ਼ੀਆਂ ਦਾ ਵੀ ਘੱਟੋ ਘੱਟ ਮੁੱਲ ਤੈਅ ਕੀਤਾ ਜਾਵੇ।
vegetablesਕਿਸਾਨ ਲੰਬੇ ਸਮੇਂ ਤੋਂ ਦੁੱਧ ਦੀ ਘੱਟੋ ਘੱਟ ਕੀਮਤ 27 ਰੁਪਏ ਲੀਟਰ ਕਰਨ ਦੀ ਮੰਗ ਕਰ ਰਹੇ ਹਨ। ਬੰਦ ਦੌਰਾਨ ਕਿਸਾਨ ਕਈ ਥਾਵਾਂ 'ਤੇ ਘਿਰਾਓ ਕਰਨਗੇ। ਨਾਲ ਹੀ ਉਹ ਰੈਲੀਆਂ ਵੀ ਕਰਨਗੇ। ਇਸ ਹੜਤਾਲ ਨਾਲ ਦੁੱਧ, ਫ਼ਲ, ਸਬਜ਼ੀਆਂ ਦੀ ਸਪਲਾਈ 'ਤੇ ਅਸਰ ਪੈ ਰਿਹਾ ਹੈ। ਦਿੱਲੀ ਦੀਆਂ ਵੱਖ-ਵੱਖ ਮੰਡੀਆਂ ਵਿਚ ਸਬਜ਼ੀ ਦੀ ਸਪਲਾਈ ਘੱਟ ਹੋਈ ਹੈ, ਜਿਸ ਨਾਲ ਕੀਮਤ ਵਧਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦਾ ਅਸਰ ਦਿੱਲੀ ਦੀਆਂ ਮੰਡੀਆਂ 'ਤੇ ਵੀ ਦੇਖਣ ਨੂੰ ਮਿਲੇਗਾ।