
ਮੋਰਚੇ ਦੀ ਮੀਟਿੰਗ ਪੰਜਾਬ ਦੇ ਆਗੂ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਨੂੰ ਮੁੜ ਸਰਗਰਮ ਕਰ ਕੇ ਬਾਕੀ ਰਹਿੰਦੀਆਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਤੇਜ਼ ਕਰਨ ਲਈ ਮੋਰਚੇ ਦ ਕੌਮੀ ਤਾਲਮੇਲ ਕਮੇਟੀ ਦੇ ਮੁੜ ਗਠਨ ਅਤੇ ਇਸ ਦੇ ਵਿਸਤਾਰ ਦਾ ਫ਼ੈਸਲਾ ਲਿਆ ਗਿਆ ਹੈ। ਮੋਰਚੇ ਦੀ ਮੀਟਿੰਗ ਪੰਜਾਬ ਦੇ ਆਗੂ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲਵਿਚ ਰਕੇਸ਼ ਟਿਕੈਤ, ਡਾ. ਦਰਸ਼ਨਪਾਲ, ਹਨਨ ਮੌਲਾ, ਤੇਜਿੰਦਰ ਵਿਰਕ ਸ਼ਾਮਲ ਸਨ।
ਮੋਰਚੇ ਦੀਆਂ ਪਿਛਲੀਆਂ ਸਰਗਰਮੀਆਂ ਦੀ ਰੀਪੋਰਟ ਪੇਸ਼ ਕਰਨ ਬਾਅਦ ਨਵੀਂ ਕੌਮੀ ਤਾਲਮੇਲ ਕਮੇਟੀ ਦੇ ਗਠਨ ਲਈ 11 ਮੈਂਬਰੀ ਪੈਨਲ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 9 ਮੈਂਬਰੀ ਪੁਰਾਣੀ ਤਾਲਮੇਲ ਕਮੇਟੀ ਵਿਚੋਂ ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚੜੂਨੀ ਪਹਿਲਾਂ ਹੀ ਸਿਆਸੀ ਰਾਹ ’ਤੇ ਪੈਣ ਕਾਰਨ ਅਲੱਗ ਹੋ ਚੁੱਕੇ ਹਨ। ਯੋਗਿੰਦਰ ਯਾਦਵ ਨੂੰ ਵੀ ਮੀਟਿੰਗ ਵਿਚ ਤਾਲਮੇਲ ਕਮੇਟੀ ਤੋਂ ਫ਼ਾਰਗ ਕਰ ਦਿਤਾ ਗਿਆ ਹੈ। ਉਨ੍ਹਾਂ ਸਿਆਸੀ ਸਰਗਰਮੀ ਵਿਚ ਹਿੱਸਾ ਲੈਣ ਕਾਰਨ ਖ਼ੁਦ ਹੀ ਬੇਨਤੀ ਕੀਤੀ ਸੀ। ਨਾਲ ਹੀ ‘ਕੱਕਾ’ ਤੇ ‘ਡੱਲੇਵਾਲ’ ਵੀ ਬਾਹਰ ਕਰ ਦਿਤੇ ਗਏ ਹਨ।
ਮੀਟਿੰਗ ਵਿਚ ਭਵਿੱਖ ਦੇ ਸੰਘਰਸ਼ ਲਈ ਜੋ ਨਵਾਂ ਮੰਗ ਪੱਤਰ ਤਿਆਰ ਕੀਤਾ ਗਿਆ ਹੈ, ਉਨ੍ਹਾਂ ਵਿਚ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿਲ ਵਾਪਸ ਕਰਵਾਉਣ, ਸਾਰੇ ਕਿਸਾਨਾਂ ਦੀ ਕਰਜ਼ਾ ਮਾਫ਼ੀ, ਕਿਸਾਨਾਂ ਨੂੰ ਸਹੀ ਫ਼ਸਲੀ ਬੀਮਾ ਤੇ ਪੈਨਸ਼ਨ ਦੇਣ ਅਤੇ ਲਖੀਮਪੁਰ ਕਾਂਡ ਦੇ ਇਨਸਾਫ਼ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਹਟਾ ਕੇ ਇਰਾਦਾ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਨ ਦੀਆਂ ਮੰਗਾਂ ਰੱਖੀਆਂ ਗਈਆਂ ਹਨ। ਕਿਸਾਨਾਂ ਤੇ ਦਰਜ ਮਾਮਲਿਆਂ ਦੀ ਵਾਪਸੀ ਅਤੇ ਸ਼ਹੀਦ ਕਿਸਾਨ ਪ੍ਰਵਾਰਾਂ ਲਈ ਮੁਆਵਜ਼ੇ ਦੀ ਮੰਗ ਵੀ ਸ਼ਾਮਲ ਹੈ।
15 ਸਤੰਬਰ ਤੋਂ ਵੱਖ ਵੱਖ ਪੜਾਵਾਂ ਵਿਚ ਅੱਗੇ ਵਧੇਗਾ ਸੰਘਰਸ਼
ਕਿਸਾਨ ਮੋਰਚੇ ਦੇ ਆਗੂਆਂ ਦੀ ਮੀਟਿੰਗ ਵਿਚ ਕੀਤੇ ਫ਼ੈਸਲੇ ਮੁਤਾਬਕ 15 ਸਤੰਬਰ ਤੋਂ ਦੇਸ਼ ਵਿਆਪੀ ਸੰਘਰਸ਼ ਸ਼ੁਰੂ ਕਰ ਕੇ ਇਸ ਨੂੰ ਵੱਖ ਵੱਖ ਪੜਾਵਾਂ ਵਿਚ ਲਾਮਬੰਦੀ ਕਰ ਕੇ ਅੱਗੇ ਵਧਾਇਆ ਜਾਵੇਗਾ। 15 ਤੋਂ 25 ਸਤੰਬਰ ਤਕ ਬਲਾਕ ਤੇ ਤਹਿਸੀਲ ਪਧਰੀ ਰੋਸ ਮੁਜ਼ਾਹਰੇ, ਸਾਰੇ ਰਾਜਾਂ ਵਿਚ ਵੱਡੀਆਂ ਰੈਲੀਆਂ ਕਰ ਕੇ 25 ਸਤੰਬਰ ਨੂੰ ਰਾਜਪਾਲਾਂ ਨੂੰ ਮੰਗ ਪੱਤਰ ਦੇਣ, 3 ਅਕਤੂਬਰ ਨੂੰ ਲਖੀਮਪੁਰ ਖੇੜੀ ਦਿਵਸ ਤਹਿਤ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਤੋਂ ਬਾਅਦ ਸੰਘਰਸ਼ ਦਾ ਅਗਲਾ ਤਿੱਖਾ ਪੜਾਅ ਸ਼ੁਰੂ ਹੋਵੇਗਾ। ਸਿਆਸੀ ਹੋ ਚੁੱਕੀਆਂ ਜਥੇਬੰਦੀਆਂ ਨੂੰ ਮੋਰਚੇ ਤੋਂ ਅਲੱਗ ਕਰਨ ਦਾ ਫ਼ੈਸਲਾ ਲਿਆ ਗਿਆ ਹੈ।