
ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਲਈ 15 ਦਿਨ ਹੋਰ ਟਰੈਕ ਖ਼ਾਲੀ ਰੱਖਣ ਦਾ ਫ਼ੈਸਲਾ ਕੀਤਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ/ਨੀਲ ਭਲਿੰਦਰ) : ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਅਪਣੀ ਅਗਲੀ ਰਣਨੀਤੀ ਲਈ ਕਿਸਾਨ ਭਵਨ ਚੰਡੀਗੜ੍ਹ ਵਿਚ 4 ਘੰਟੇ ਲੰਮੀ ਮੀਟਿੰਗ ਕਰ ਕੇ ਮਾਲ ਗੱਡੀਆਂ ਲਈ 15 ਦਿਨ ਹੋਰ ਟਰੈਕ ਖ਼ਾਲੀ ਰੱਖਣ ਦਾ ਫ਼ੈਸਲਾ ਕੀਤਾ ਹੈ। ਪਰ ਨਾਲ ਹੀ ਮੁਸਾਫ਼ਰ ਗੱਡੀਆਂ ਨੂੰ ਕਿਸੇ ਤਰ੍ਹਾਂ ਦੀ ਛੋਟ ਨਾ ਦੇਣ ਦਾ ਐਲਾਨ ਕੀਤਾ ਹੈ।
Farmer Protest
ਪੰਜਾਬ ਸਰਕਾਰ ਵਲੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨਾਲ ਹੋਈ ਕਿਸਾਨ ਆਗੂਆਂ ਦੀ ਮੀਟਿੰਗ ਵਿਚ ਵੀ ਇਸ ਬਾਰੇ ਸਪਸ਼ਟ ਕਰ ਦਿਤਾ ਗਿਆ। ਦੂਜੇ ਪਾਸੇ ਮੰਤਰੀ ਰੰਧਾਵਾ ਨਾਲ ਹੋਈ ਬੀ.ਕੇ.ਯੂ. (ਏਕਤਾ) ਉੁਗਰਾਹਾਂ ਦੀ ਵਖਰੀ ਮੀਟਿੰਗ ਵਿਚ ਵੀ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਵੀ ਸਰਕਾਰ ਨੂੰ ਸਾਫ਼ ਕਹਿ ਦਿਤਾ ਕਿ ਕਾਰਪੋਰੇਟ ਘਰਾਣਿਆਂ ਦੇ ਨਿਜੀ ਥਰਮਲ ਪਲਾਂਟਾਂ ਦੇ ਰੇਲ ਟਰੈਕਾਂ ਤੋਂ ਕਿਸੇ ਵੀ ਹਾਲਤ ਵਿਚ ਧਰਨੇ ਨਹੀਂ ਚੁੱਕੇ ਜਾਣਗੇ ਪਰ ਬਾਕੀ ਪੂਰੇ ਸੂਬੇ ਵਿਚ ਮਾਲ ਗੱਡੀਆਂ ਲਈ ਟਰੈਕ ਖ਼ਾਲੀ ਹਨ।
Sukhjinder Randhawa
30 ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਇਸ ਦੀ ਪ੍ਰਧਾਨਗੀ ਕਰਨ ਵਾਲੇ ਜਮਹੂਰੀ ਕਿਸਾਨ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਮਾਲ ਗੱਡੀਆਂ ਨੂੰ 15 ਦਿਨ ਦੀ ਹੋਰ ਛੋਟ ਦਿਤੀ ਜਾਵੇ ਪਰ ਮੁਸਾਫ਼ਰ ਗੱਡੀਆਂ ਨਹੀਂ ਚਲਣ ਦਿਤੀਆਂ ਜਾਣਗੀਆਂ।
Farmer protest
ਇਹ ਨਵੀਂ ਗੱਲ ਜ਼ਰੂਰ ਕੀਤੀ ਗਈ ਹੈ ਕਿ ਹੁਣ ਕਿਸਾਨ ਰੇਲਵੇ ਸਟੇਸ਼ਨਾਂ ਦੇ ਪਲੇਟ ਫ਼ਾਰਮਾਂ 'ਤੇ ਧਰਨੇ ਨਹੀਂ ਦੇਣਗੇ ਅਤੇ ਉਹ ਪਲੇਟ ਫ਼ਾਰਮ ਤੋਂ ਬਾਹਰ ਧਰਨੇ ਲਾਉਣਗੇ ਜਦਕਿ ਟਰੈਕ ਪਹਿਲਾਂ ਹੀ ਖ਼ਾਲੀ ਹਨ ਤਾਂ ਜੋ ਮਾਲ ਗੱਡੀਆਂ ਨੂੰ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਦਸਿਆ ਕਿ ਟੋਲ ਪਲਾਜ਼ਿਆਂ, ਕਾਰਪੋਰੇਟਾਂ ਦੇ ਮਾਲਜ਼ ਤੇ ਰਿਲਾਇੰਸ ਪੰਪਾਂ ਦੇ ਘਿਰਾਉ ਪਹਿਲਾਂ ਵਾਂਗ ਜਾਰੀ ਰਹਿਣਗੇ।