
ਪਿਛਲੇ ਵਰ੍ਹੇ ਪੰਜਾਬ ’ਚ ਕਣਕ ਦੇ ਝਾੜ ਵਿਚ ਲਗਭਗ 15 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਸੀ, ਜਿਸ ਕਰਕੇ ਜ਼ਮੀਨਾਂ ਦੇ ਠੇਕੇ ਵੀ ਘਟ ਗਏ ਸੀ।
ਚੰਡੀਗੜ੍ਹ - ਇਸ ਵਾਰ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲੇਗਾ ਕਿਉਂਕਿ ਇਸ ਵਾਰ ਕਣਕ ਦੀ ਫ਼ਸਲ ਵਾਰੇ ਨਿਆਰੇ ਕਰਨ ਵਾਲੀ ਹੈ। ਖੇਤੀ ਮਾਹਰਾਂ ਮੁਤਾਬਕ ਠੰਢ ਜ਼ਿਆਦਾ ਪੈਣ ਕਰਕੇ ਝਾੜ ਵਧਣ ਦੇ ਆਸਾਰ ਹਨ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਉੱਪਰ ਕਣਕ ਦੀ ਮੰਗ ਕਾਫ਼ੀ ਵਧ ਗਈ ਹੈ। ਇਸ ਵੇਲੇ ਕਣਕ ਅਤੇ ਇਸ ਦੇ ਆਟੇ ਤੋਂ ਬਣੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੱਸ ਦਈਏ ਕਿ ਪਿਛਲੇ ਵਰ੍ਹੇ ਪੰਜਾਬ ’ਚ ਕਣਕ ਦੇ ਝਾੜ ਵਿਚ ਲਗਭਗ 15 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਸੀ, ਜਿਸ ਕਰਕੇ ਜ਼ਮੀਨਾਂ ਦੇ ਠੇਕੇ ਵੀ ਘਟ ਗਏ ਸੀ।
ਓਧਰ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਠੀਕ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਵੱਡੀ ਬਿਮਾਰੀ ਤੋਂ ਵੀ ਕਣਕ ਦਾ ਬਚਾਅ ਰਿਹਾ ਹੈ। ਖੇਤੀ ਮਹਰਾਂ ਦਾ ਕਹਿਣਾ ਹੈ ਕਿ ਜੇਕਰ ਅੱਧ ਮਾਰਚ ਤੱਕ ਪਾਰਾ ਹੇਠਲੇ ਪੱਧਰ 'ਤੇ ਆਉਂਦਾ ਹੈ ਤਾਂ ਕਣਕ ਦਾ ਝਾੜ ਚੰਗੇ ਰਹੇਗਾ। ਇਸ ਤੋਂ ਇਲਾਵਾ ਬਾਰਸ਼ ਉੱਪਰ ਵੀ ਨਿਰਭਰ ਕਰਦਾ ਹੈ। ਦੱਸ ਦਈਏ ਕਿ ਇਸ ਵਾਰ ਪੰਜਾਬ ਵਿਚ 35.08 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੈ ਤੇ ਖੇਤੀ ਮਹਿਕਮੇ ਵੱਲੋਂ ਕਣਕ ਦੀ ਪੈਦਾਵਾਰ 164.75 ਲੱਖ ਮੀਟਰਕ ਟਨ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਪਿਛਲੇ ਵਰ੍ਹੇ ਪੈਦਾਵਾਰ 148.68 ਲੱਖ ਮੀਟਰਿਕ ਟਨ ਸੀ।
Wheat Yield
ਦੂਜੇ ਪਾਸੇ ਰੂਸ-ਯੂਕਰੇਨ ਜੰਗ ਕਰਕੇ ਕੌਮਾਂਤਰੀ ਪੱਧਰ ’ਤੇ ਕਣਕ ਦੀ ਮੰਗ ਵਧੀ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਅਨਾਜ ਦਿੱਤੇ ਜਾਣ ਦੀ ਮਿਆਦ ਵਿਚ ਵੀ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਕਣਕ ਦੀ ਮੰਗ ਹਾਲੇ ਹੋਰ ਵਧੇਗੀ। ਪੰਜਾਬ ਵਿਚ ਇਸ ਸਾਲ ਇੱਕ ਤੋਂ ਦੂਜੇ ਥਾਂ ਅਨਾਜ ਪਹੁੰਚਾਉਣ ਦਾ ਅਮਲ ਵੀ ਤੇਜ਼ ਰਿਹਾ ਹੈ ਤੇ ਸੂਬੇ ਵਿਚ ਅਨਾਜ ਦੇ ਭੰਡਾਰ ਤੇਜ਼ੀ ਨਾਲ ਖ਼ਾਲੀ ਹੋ ਰਹੇ ਹਨ।
ਇਹ ਵੀ ਪੜ੍ਹੋ - ਕੇਂਦਰੀ ਵਿਦਿਆਲਿਆਂ ਅਤੇ ਉੱਚ ਵਿਦਿਅਕ ਅਦਾਰਿਆਂ ਵਿਚ ਸਟਾਫ ਦੀਆਂ 58,000 ਅਸਾਮੀਆਂ ਖਾਲੀ
ਆਮ ਤੌਰ ’ਤੇ ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਅਨਾਜ ਭੰਡਾਰਾਂ ਵਿਚ 40 ਤੋਂ 50 ਲੱਖ ਮੀਟਰਿਕ ਟਨ ਕਣਕ ਮੌਜੂਦ ਹੁੰਦੀ ਹੈ, ਪਰ ਇਸ ਵਾਰ ਸਿਰਫ਼ 20 ਲੱਖ ਮੀਟਰਕ ਟਨ ਕਣਕ ਹੀ ਬਚੀ ਹੈ। ਮਾਰਚ ਮਹੀਨੇ ਤੱਕ ਸਮੁੱਚੇ ਸੂਬੇ ਦੇ ਗੁਦਾਮਾਂ ’ਚੋਂ ਕਣਕ ਖ਼ਤਮ ਹੋ ਜਾਵੇਗੀ। ਭਾਰਤੀ ਖ਼ੁਰਾਕ ਨਿਗਮ ਕੋਲ ਪੰਜਾਬ ਵਿੱਚ ਸਿਰਫ਼ ਛੇ ਲੱਖ ਮੀਟਰਿਕ ਟਨ ਕਣਕ ਬਚੀ ਹੈ ਤੇ 14 ਲੱਖ ਮੀਟਰਿਕ ਟਨ ਕਣਕ ਸਟੇਟ ਏਜੰਸੀਆਂ ਕੋਲ ਪਈ ਹੈ।