
ਲੋੜ ਤੋਂ ਵੱਧ ਪਾਣੀ ਲੱਗਣਾ
ਮੌਜੂਦਾ ਸਮੇਂ ਵਿਚ ਕਣਕ ਦੇ ਪੀਲੇ ਪੈਣ ਦੇ ਕਈ ਕਾਰਨ ਹਨ ਜਿਸ ਦੇ ਵਿਚ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਖਾਦਾਂ ਪਾਉਣ ਸਮੇਂ ਕੀਤੀਆਂ ਗ਼ਲਤੀਆਂ ਇਹਨਾਂ ਦਾ ਨਤੀਜਾ ਹੁੰਦਾ ਹੈ। ਜਿਨ੍ਹਾਂ ਗਲਤੀਆਂ ਕਰ ਕੇ ਹੀ ਕਣਕ ਪੀਲੀ ਪੈ ਜਾਂਦੀ ਹੈ।
ਲੋੜ ਤੋਂ ਵੱਧ ਪਾਣੀ ਲੱਗਣਾ
ਕਣਕ ਨੂੰ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਖ਼ਾਸ ਤੌਰ ਤੇ ਭਾਰੀਆਂ ਜ਼ਮੀਨਾਂ ਵਿਚ ਕਣਕ ਦੇ ਪੀਲੇ ਹੋਣ ਦੀ ਸਮੱਸਿਆ ਅਕਸਰ ਆ ਜਾਂਦੀ ਹੈ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਭਾਰੀਆਂ ਜ਼ਮੀਨਾਂ ਵਿਚ ਪਾਣੀ ਜ਼ੀਰਨ ਦੀ ਰਫ਼ਤਾਰ ਬਹੁਤ ਘੱਟ ਹੁੰਦੀ ਹੈ। ਜ਼ਿਆਦਾ ਪਾਣੀ ਲੱਗਣ ਨਾਲ ਫ਼ਸਲ ਦੀਆਂ ਜੜ੍ਹਾਂ ਨੂੰ ਹਵਾ ਸਹੀ ਮਾਤਰਾ ਵਿਚ ਨਹੀਂ ਮਿਲਦੀ ਜਿਸ ਕਾਰਨ ਜੜ੍ਹਾਂ ਕੰਮ ਨਹੀਂ ਕਰ ਪਾਉਂਦੀਆਂ ਅਤੇ ਫ਼ਸਲ ਪੀਲੀ ਪੈ ਜਾਂਦੀ ਹੈ।
ਇਸ ਸਮੱਸਿਆ ਦੇ ਹੱਲ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਣਕ ਦੀ ਫ਼ਸਲ ਨੂੰ ਬਹੁਤਾ ਭਰਵਾਂ ਪਾਣੀ ਨਹੀਂ ਲਾਉਣਾ ਚਾਹੀਦਾ। ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਪਾਣੀ ਪਰਾਲੀ ਦੇ ਹੇਠੋਂ ਲੰਘਦਾ ਹੈ ਤੇ ਰਵਾਇਤੀ ਢੰਗ ਨਾਲ ਬੀਜੀ ਕਣਕ ਦੇ ਖੇਤਾਂ ਵਾਂਗ ਦਿਖਾਈ ਨਹੀਂ ਦਿੰਦਾ। ਇਸ ਲਈ ਕਿਸਾਨ ਓਨੀ ਦੇਰ ਪਾਣੀ ਬੰਦ ਨਹੀਂ ਕਰਦੇ ਜਿੰਨੀ ਦੇਰ ਪਾਣੀ ਪਰਾਲੀ ਦੇ ਉੱਪਰ ਦਿਖਾਈ ਨਹੀਂ ਦਿੰਦਾ ਅਤੇ ਇਸ ਤਰ੍ਹਾਂ ਸਿੰਚਾਈ ਭਾਰੀ ਹੋ ਜਾਂਦੀ ਹੈ। ਇਸ ਦੇ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਭਾਰੀਆਂ ਜ਼ਮੀਨਾਂ ਵਿਚ ਪਾਣੀ ਲਗਾਉਣ ਲਈ ਪ੍ਰਤੀ ਏਕੜ 8 ਕਿਆਰੇ ਅਤੇ ਹਲਕੀਆਂ ਜ਼ਮੀਨਾਂ ਵਿਚ 16 ਕਿਆਰੇ ਪਾ ਕੇ ਸਿੰਚਾਈ ਕਰਨ।
ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਪਾਣੀ ਲਗਾਉਣ ਸਮੇਂ ਹੋਰ ਵੀ ਧਿਆਨ ਰੱਖਣ ਦੀ ਲੋੜ ਪੈਂਦੀ ਹੈ ਕਿਉਂਕਿ ਖੇਤ ਵਿੱਚ ਪਰਾਲੀ ਦੀ ਪਰਤ ਹੋਣ ਕਰਕੇ ਪਾਣੀ ਛੇਤੀ ਨਹੀਂ ਸੁੱਕਦਾ। ਇਸ ਲਈ ਹੈਪੀ ਸੀਡਰ ਵਾਲੀ ਕਣਕ ਵਿਚ ਪਹਿਲਾ ਪਾਣੀ ਹਲਕਾ ਅਤੇ ਕੁਝ ਦੇਰ ਨਾਲ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹੈਪੀ ਸੀਡਰ ਵਾਲੀ ਕਣਕ ਵਿਚ ਹਲਕਾ ਪਾਣੀ ਲਾਉਣ ਲਈ ਝੋਨੇ ਦੀ ਬਿਜਾਈ ਵੇਲੇ ਹੀ ਛੋਟੇ ਕਿਆਰੇ ਪਾਓ ਜਾਂ ਕਣਕ ਦੀ ਬਿਜਾਈ ਤੋਂ ਬਾਅਦ ਖੇਤ ਵਿਚ ਘੱਟ ਤੋਂ ਘੱਟ ਦੋ ਕਿਆਰੇ ਜ਼ਰੂਰ ਪਾਉ। ਹਲਕੀਆਂ ਜ਼ਮੀਨਾਂ ਵਿਚ ਕਣਕ ਨੂੰ ਪਹਿਲਾ ਪਾਣੀ ਤਕਰੀਬਨ 25-30 ਦਿਨ ਅਤੇ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ 30-35 ਦਿਨਾਂ ਤੱਕ ਲਾਉਣਾ ਚਾਹੀਦਾ ਹੈ। ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਪਾਣੀ ਮੌਸਮ ਦੀ ਬਰਸਾਤ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਲਗਾਇਆ ਜਾਵੇ।
ਨਾਈਟ੍ਰੋਜਨ ਦੀ ਘਾਟ
ਨਾਈਟ੍ਰੋਜਨ ਦੀ ਘਾਟ ਵੀ ਕਣਕ ਦੀ ਫ਼ਸਲ ਦੇ ਪੀਲੇ ਪੈਣ ਦਾ ਕਾਰਨ ਬਣ ਜਾਂਦੀ ਹੈ। ਨਾਈਟ੍ਰੋਜਨ ਦੀ ਘਾਟ ਪੁਰਾਣੇ ਪੱਤਿਆਂ ਤੋਂ ਸ਼ੁਰੂ ਹੁੰਦੀ ਹੈ ਜਿਸ ਨਾਲ ਹੇਠਲੇ ਪੁਰਾਣੇ ਪੱਤੇ ਪੀਲੇ ਪੈ ਜਾਂਦੇ ਹਨ। ਨਾਈਟ੍ਰੋਜਨ ਤੱਤ ਦੀ ਘਾਟ ਦਾ ਮੁੱਖ ਕਾਰਨ ਖਾਦਾਂ ਦੀ ਸਹੀ ਮਾਤਰਾ ਅਤੇ ਸਹੀ ਸਮੇਂ ਤੇ ਵਰਤੋਂ ਨਾ ਹੋਣਾ, ਜ਼ਮੀਨ ਵਿੱਚ ਨਾਈਟ੍ਰੋਜਨ ਤੱਤ ਦੀ ਜਮਾਂਦਰੂ ਤੌਰ 'ਤੇ ਘਾਟ ਅਤੇ ਜ਼ਿਆਦਾ ਮੀਂਹ ਪੈਣ ਨਾਲ ਨਾਈਟ੍ਰੋਜਨ ਤੱਤ ਦਾ ਜ਼ੀਰ ਜਾਣਾ ਆਦਿ ਹੁੰਦੀ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਸਿਫ਼ਾਰਸ਼ ਮੁਤਾਬਿਕ ਯੂਰੀਆ ਖ਼ਾਦ ਦੀ ਵਰਤੋਂ ਕਰਨੀ ਚਾਹੀਦੀ ਹੈ।
ਮੈਂਗਨੀਜ਼ ਦੀ ਘਾਟ
ਮੈਂਗਨੀਜ਼ ਦੀ ਘਾਟ ਆਮ ਤੌਰ ਤੇ ਝੋਨਾ-ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿਚ ਜ਼ਿਆਦਾ ਵੇਖਣ ਵਿਚ ਆਉਂਦੀ ਹੈ। ਇਸ ਨਾਲ ਵੀ ਕਣਕ ਦੀ ਫ਼ਸਲ ਪੀਲੀ ਪੈ ਜਾਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਤੇ ਦਿਖਾਈ ਦਿੰਦੀਆਂ ਹਨ। ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਪੀਲੀ ਪੈ ਜਾਂਦੀ ਹੈ ਅਤੇ ਇਸ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ।
ਪੱਤਿਆਂ ਦੇ ਮੁੱਢ ਵਾਲੇ 2/3 ਹਿੱਸੇ ਵਿਚ ਇਹ ਘਾਟ ਜ਼ਿਆਦਾ ਦਿਖਾਈ ਦਿੰਦੀ ਹੈ। ਬਾਅਦ ਵਿਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਦਾ ਆਕਾਰ ਧਾਰਨ ਕਰ ਲੈਂਦੇ ਹਨ। ਮੈਂਗਨੀਜ਼ ਦੀ ਘਾਟ ਪੂਰੀ ਕਰਨ ਲਈ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿਚ ਧੁੱਪ ਵਾਲੇ ਦਿਨਾਂ ਵਿਚ ਕਰਨੇ ਚਾਹੀਦੇ ਹਨ।
ਗੰਧਕ ਦੀ ਘਾਟ
ਗੰਧਕ ਦੀ ਘਾਟ ਰੇਤਲੀਆਂ ਜ਼ਮੀਨਾਂ ਵਿਚ ਜ਼ਿਆਦਾ ਆਉਂਦੀ ਹੈ ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ। ਇਸ ਦੀ ਘਾਟ ਵਿਚ ਬੂਟੇ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ। ਆਮ ਤੌਰ ਤੇ ਕਿਸਾਨ ਇਸ ਦੀ ਘਾਟ ਅਤੇ ਨਾਈਟ੍ਰੋਜਨ ਦੀ ਘਾਟ ਨੂੰ ਲੈ ਕੇ ਉਲਝਣ ਵਿਚ ਪੈ ਜਾਂਦੇ ਹਨ।
ਨਾਈਟ੍ਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫ਼ਰਕ ਹੈ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ। ਜਿੱਥੇ ਫ਼ਾਸਫ਼ੋਰਸ ਤੱਤ ਸਿੰਗਲ ਸੁਪਰਫ਼ਾਸਫ਼ੇਟ ਦੇ ਤੌਰ 'ਤੇ ਨਾ ਪਾਇਆ ਹੋਵੇ ਉਥੇ 100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾਉਣ ਨਾਲ ਗੰਧਕ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਜੇਕਰ ਖੜ੍ਹੀ ਫ਼ਸਲ ਵਿਚ ਗੰਧਕ ਦੀ ਘਾਟ ਜਾਪੇ ਤਾਂ ਇਸ ਸਮੇਂ ਵੀ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।ਜਿਪਸਮ ਦੀ ਵਰਤੋਂ ਸਮੇਂ ਇਸ ਗੱਲ ਦਾ ਖਿਆਲ ਰੱਖਣਾ ਜ਼ਰੂਰੀ ਹੈ ਕਿ ਇਸ ਨੂੰ ਤਰੇਲ ਉਤਰਣ ਤੋਂ ਬਾਅਦ ਹੀ ਪਾਉਣਾ ਚਾਹੀਦਾ ਹੈ|