
ਪਿੰਡ ਬਦਰਪੁਰ ਵਿਚ 70 ਫ਼ੀਸਦੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਹੈ।
ਚੰਡੀਗੜ੍ਹ - ਪੰਜਾਬ ਦੇ ਕੁੱਝ ਕਿਸਾਨਾਂ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਟਿਕਾਊ ਤਰੀਕੇ ਨਾਲ ਨਿਪਟਾਉਣਾ ਸ਼ੁਰੂ ਕਰ ਦਿੱਤਾ ਹੈ, ਚਾਹੇ ਇਸ ਨੂੰ ਕੁਦਰਤੀ ਖ਼ਾਦ ਵਜੋਂ ਵਰਤਣਾ ਹੋਵੇ ਜਾਂ ਬਾਲਣ ਉਤਪਾਦਨ ਲਈ ਵੇਚਣਾ। ਆਮ ਤੌਰ 'ਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜ ਦਿੱਤਾ ਜਾਂਦਾ ਹੈ ਜੋ ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।
ਕਿਸਾਨ ਹੁਣ ਪਰਾਲੀ ਨੂੰ ਅੱਗ ਲਗਾਉਣ ਜਾਂ ਬਾਲਣ ਬਣਾਉਣ ਲਈ ਵੇਚਣ ਦੀ ਬਜਾਏ ਕੁਦਰਤੀ ਖਾਦ ਵਜੋਂ ਵਰਤ ਰਹੇ ਹਨ।
ਸੂਬੇ ਦੇ ਕਿਸਾਨਾਂ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿਚ ਮਿਲਾ ਕੇ ਨਾ ਸਿਰਫ਼ ਖਾਦਾਂ ਦੀ ਖ਼ਪਤ ਘਟਾਈ ਹੈ, ਸਗੋਂ ਹੋਰ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧਨ ਕਰ ਕੇ ਪੈਸਾ ਵੀ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਮੁਹਾਲੀ ਜ਼ਿਲ੍ਹੇ ਦੇ ਆਖ਼ਰੀ ਪਿੰਡ ਬਦਰਪੁਰ ਵਿਚ ਕਰੀਬ 30 ਏਕੜ ਜ਼ਮੀਨ ਵਿਚ ਖੇਤੀ ਕਰਨ ਵਾਲੇ ਭੁਪਿੰਦਰ ਸਿੰਘ (59) ਸਾਲ 2018 ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਹੈ।
ਕਿਸਾਨ ਦਾ ਕਹਿਣਾ ਹੈ ਕਿ ਉਹ ਅੱਗ ਲਗਾਉਣ ਦੀ ਬਜਾਏ 'ਐਮਬੀ ਹਲ' ਨਾਮਕ ਹਲ ਵਾਹੁਣ ਵਾਲੇ ਸੰਦ ਦੀ ਵਰਤੋਂ ਕਰ ਕੇ ਇਸ ਨੂੰ ਮਿੱਟੀ ਵਿਚ ਮਿਲਾ ਰਿਹਾ ਹੈ। ਇਸ ਤੋਂ ਬਾਅਦ, ਜ਼ਮੀਨ ਅਗਲੀ ਫ਼ਸਲ ਯਾਨੀ ਕਣਕ ਬੀਜਣ ਲਈ ਤਿਆਰ ਹੈ। ਭੁਪਿੰਦਰ ਸਿੰਘ ਨੇ ਕਿਹਾ, “ਮਿੱਟੀ ਵਿਚ ਪਰਾਲੀ ਨੂੰ ਮਿਲਾਉਣ ਨਾਲ ਖਾਦਾਂ ਦੀ ਖ਼ਪਤ ਘਟੀ ਹੈ। ਪਹਿਲਾਂ ਅਸੀਂ ਕਣਕ ਦੀ ਬਿਜਾਈ ਤੋਂ ਪੋਟਾਸ਼ ਦੀ ਵਰਤੋਂ ਕਰਦੇ ਸੀ।”
ਉਨ੍ਹਾਂ ਕਿਹਾ, “ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ। ਭੁਪਿੰਦਰ ਸਿੰਘ ਦੇ ਪਿੰਡ ਦੇ ਲਗਭਗ 70 ਫ਼ੀਸਦੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਹੈ। ਭੁਪਿੰਦਰ ਸਿੰਘ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਵਧੀਆ ਪ੍ਰਬੰਧਨ ਲਈ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ ਹੈ। ਬਦਰਪੁਰ ਵਿਚ, ਉਤਪਾਦਕਾਂ ਨੇ ਇੱਕ 'ਫਾਰਮਰਜ਼ ਕਲੱਬ' ਸਥਾਪਤ ਕੀਤਾ ਹੈ ਜਿੱਥੋਂ ਉਹ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸੰਦ ਪ੍ਰਦਾਨ ਕਰਦੇ ਹਨ।
ਭੁਪਿੰਦਰ ਨੇ ਕਿਹਾ - “ਸਾਡੇ ਕੋਲ ਐਮਬੀ ਹਲ, ਮਲਚਰ, ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ ਵਰਗੀਆਂ ਮਸ਼ੀਨਾਂ ਹਨ, ਜੋ ਨੇੜਲੇ ਪਿੰਡਾਂ ਦੇ ਹੋਰ ਕਿਸਾਨਾਂ ਨੂੰ ਕਿਰਾਏ 'ਤੇ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਲਈ ਛੋਟੇ ਕਿਸਾਨਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਉਹ ਦੂਜਿਆਂ ਨੂੰ ਵੀ ਉਸ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਉਤਸ਼ਾਹਿਤ ਕਰਦਾ ਹੈ।
ਮੋਹਾਲੀ ਦੇ ਪਿੰਡ ਥੇੜੀ ਵਿਚ ਕਰੀਬ 100 ਏਕੜ ਰਕਬੇ ਵਿਚ ਖੇਤੀ ਕਰਨ ਵਾਲੇ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਫ਼ਸਲ ਦੀ ਰਹਿੰਦ-ਖੂੰਹਦ ਨੂੰ ਨੇੜੇ ਦੀ ਫੈਕਟਰੀ ਵਿਚ ਵੇਚਦਾ ਹੈ ਜੋ ਇਸ ਨੂੰ ਬਾਲਣ ਵਿਚ ਬਦਲਦਾ ਹੈ। ਉਹ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ 'ਹੈਪੀ ਸੀਡਰ', 'ਸੁਪਰ ਸੀਡਰ', ਹਲ, 'ਮਲਚਰ' ਵਰਗੀਆਂ ਮਸ਼ੀਨਾਂ ਕੁਝ ਹੋਰ ਕਿਸਾਨਾਂ ਨੂੰ ਦਿੰਦਾ ਹੈ। ਸਿੰਘ, ਤਿੰਨ ਹੋਰ ਕਿਸਾਨਾਂ ਨਾਲ ਮਿਲ ਕੇ ਪਰਾਲੀ ਦਾ ਪ੍ਰਬੰਧਨ ਕਰਨ ਲਈ 'ਬੇਲਰਾਂ' ਦੀ ਵਰਤੋਂ ਕਰ ਰਹੇ ਹਨ।
ਅਵਤਾਰ ਸਿੰਘ ਰਾਜ ਦੇ ਚਾਰ ਜ਼ਿਲ੍ਹਿਆਂ - ਫਤਿਹਗੜ੍ਹ ਸਾਹਿਬ, ਮੁਹਾਲੀ, ਰੂਪਨਗਰ ਅਤੇ ਮੋਗਾ ਵਿਚ ਕਿਸਾਨਾਂ ਦੇ ਖੇਤਾਂ ਵਿਚੋਂ ਪਰਾਲੀ ਇਕੱਠੀ ਕਰਦਾ ਹੈ।
ਸਿੰਘ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਹੈ। ਫਿਰ ਇਸ ਨੂੰ ਡੇਰਾਬੱਸੀ ਦੀ ਇੱਕ ਧਾਗਾ ਫੈਕਟਰੀ ਅਤੇ ਫਿਰੋਜ਼ਪੁਰ ਦੀ ਇੱਕ ਬਿਜਲੀ ਪੈਦਾ ਕਰਨ ਵਾਲੀ ਕੰਪਨੀ ਨੂੰ ਵੇਚਿਆ ਜਾਂਦਾ ਹੈ।
“ਹੁਣ ਅਸੀਂ ਟਾਊਟਾਂ ਦੀ ਬਜਾਏ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਿੱਧੇ ਕੰਪਨੀਆਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਨਾਲ ਸਾਨੂੰ ਹੋਰ ਪੈਸਾ ਮਿਲੇਗਾ।"
ਅਕਤੂਬਰ ਅਤੇ ਨਵੰਬਰ ਵਿਚ ਰਾਸ਼ਟਰੀ ਰਾਜਧਾਨੀ ਅਤੇ ਆਸ-ਪਾਸ ਦੇ ਖੇਤਰਾਂ ਵਿਚ ਹਵਾ ਪ੍ਰਦੂਸ਼ਣ ਦੇ ਪੱਧਰ ਵਿਚ ਚਿੰਤਾਜਨਕ ਵਾਧਾ ਹੋਣ ਪਿੱਛੇ ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਪਰਾਲੀ ਨੂੰ ਸਾੜਨਾ ਇੱਕ ਮੁੱਖ ਕਾਰਨ ਹੈ।