
ਕਿਹਾ, ਖੇਤ ’ਚ ਲੈ ਕੇ ਥਾਲੀ ਤਕ ਭੋਜਨ ਪਹੁੰਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਔਰਤਾਂ
ਨਵੀਂ ਦਿੱਲੀ: ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸੋਮਵਾਰ ਨੂੰ ਕਿਹਾ ਕਿ ਖੇਤੀ-ਖੁਰਾਕ ਪ੍ਰਣਾਲੀ ’ਚ ਔਰਤਾਂ ਦੇ ਯੋਗਦਾਨ ਨੂੰ ਮਾਨਤਾ ਨਹੀਂ ਦਿਤੀ ਗਈ ਹੈ ਅਤੇ ਇਸ ਨੂੰ ਹੁਣ ਬਦਲਣ ਦੀ ਜ਼ਰੂਰਤ ਹੈ, ਕਿਉਂਕਿ ਉਹ ਖੇਤ ’ਚ ਲੈ ਕੇ ਥਾਲੀ ਤਕ ਭੋਜਨ ਪਹੁੰਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਖੇਤੀ ਢਾਂਚੇ ਦੇ ‘ਪਿਰਾਮਿਡ’ ’ਚ ਸਭ ਤੋਂ ਹੇਠਾਂ ਰਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉੱਪਰ ਆਉਣ ਅਤੇ ਫੈਸਲਾ ਲੈਣ ਵਾਲਿਆਂ ਦੀ ਭੂਮਿਕਾ ਨਿਭਾਉਣ ਦੇ ਮੌਕੇ ਤੋਂ ਵਾਂਝੇ ਕੀਤਾ ਜਾਂਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਸਲ ’ਚ ਕੋਵਿਡ-19 ਕੌਮਾਂਤਰੀ ਮਹਾਮਾਰੀ ਨਾਲ ਖੇਤੀ-ਖੁਰਾਕ ਪ੍ਰਣਾਲੀ ਅਤੇ ਸਮਾਜ ’ਚ ਸੰਰਚਨਾਤਮਕ ਨਾਬਰਾਬਰੀ ਵਿਚਕਾਰ ਮਜ਼ਬੂਤ ਸਬੰਧ ਸਾਹਮਣੇ ਆਏ। ਉਨ੍ਹਾਂ ਕਿਹਾ, ‘‘ਔਰਤਾਂ ਭੋਜਨ ਬਣਾਉਂਦੀਆਂ ਹਨ, ਉਗਾਉਂਦੀਆਂ ਹਨ, ਫਸਲ ਕਟਦੀਆਂ ਹਨ, ਪ੍ਰੋਸੈੱਸ ਕਰਦੀਆਂ ਹਨ ਅਤੇ ਉਨ੍ਹਾਂ ਦੀ ਵੰਡ ਕਰਦੀਆਂ ਹਨ। ਉਹ ਭੋਜਨ ਨੂੰ ਖੇਤ ’ਚ ਥਾਲੀ ਤਕ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਪਰ ਹੁਣ ਵੀ ਦੁਨੀਆਂ ਭਰ ’ਚ ਉਨ੍ਹਾਂ ਨਾਲ ਵਿਤਕਰੇਪੂਰਨ ਸਮਾਜਕ-ਮਾਨਦੰਡਾਂ ਰਾਹੀਂ ਰੋਕਿਆ ਜਾਂਦਾ ਹੈ... ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਨਹੀਂ ਦਿਤੀ ਜਾਂਦੀ।’’
ਮੁਰਮੂ ਨੇ ਖੇਤੀ ਦੇ ਖੇਤਰ ’ਚ ਲਿੰਗੀ ਮੁੱਦਿਆਂ ’ਤੇ ਇਕ ਕੌਮਾਂਤਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਉਨ੍ਹਾਂ ਦੀ ਭੂਮਿਕਾ ਨੂੰ ਹਾਸ਼ੀਏ ’ਤੇ ਰਖਿਆ ਜਾਂਦਾ ਹੈ। ਖੇਤੀ-ਖੁਰਾਕ ਪ੍ਰਣਾਲੀ ਦੀ ਪੂਰੀ ਲੜੀ ’ਚ ਉਨ੍ਹਾਂ ਦੀ ਹੋਂਦ ਨੂੰ ਨਕਾਰ ਦਿਤਾ ਗਿਆ ਹੈ। ਇਸ ਕਹਾਣੀ ਨੂੰ ਬਦਲਣ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ ਕਿ ਭਾਰਤ ’ਚ ਬਦਲਾਅ ਵੇਖੇ ਜਾ ਰਹੇ ਹਨ ਕਿਉਂਕਿ ਕਾਨੂੰਨੀ ਅਤੇ ਸਰਕਾਰੀ ਦਖ਼ਲਅੰਦਾਜ਼ੀ ਰਾਹੀਂ ਔਰਤਾਂ ਵੱਧ ਮਜ਼ਬੂਤ ਹੋ ਰਹੀਆਂ ਹਨ। ਇਨ੍ਹਾਂ ਖੇਤਰ ’ਚ ਔਰਤਾਂ ਦੇ ਸਫ਼ਲ ਉਦਯੋਗਪਤੀ ਬਣਨ ਦੀ ਨਵੀਂਆਂ ਕਹਾਣੀਆਂ ਹਨ।
ਚਾਰ ਦਿਨਾਂ ਦੇ ਇਸ ਸੰਮੇਲਨ ਨੂੰ ਕੰਸੋਰਟੀਅਮ ਆਫ਼ ਇੰਟਰਨੈਸ਼ਨਲ ਐਗਰੀਕਲਚਰਲ ਰੀਸਰਚ ਸੈਂਟਰਸ (ਸੀ.ਜੀ.ਆਈ.ਏ.ਆਰ.) ਜੈਂਡਰ ਇੰਪੈਕਟ ਪਲੇਟਫ਼ਾਰਮ ਅਤੇ ਭਾਰਤੀ ਖੇਤੀ ਖੋਜ ਕੌਂਸਲ (ਆਈ.ਸੀ.ਏ.ਆਰ.) ਵਲੋਂ ਸਾਂਝੇ ਤੌਰ ’ਤੇ ਕਰਵਾਇਆ ਜਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਕਮਜ਼ੋਰ ਨਹੀਂ ਬਲਕਿ ਤਾਕਤਵਰ ਹਨ। ਉਨ੍ਹਾਂ ਨੇ ਖੇਤੀ-ਖੁਰਾਕ ਪ੍ਰਣਾਲੀ ਨੂੰ ਵੱਧ ਨਿਆਂਸੰਗਤ ਬਣਾਉਣ ਲਈ ‘ਨਾ ਸਿਰਫ਼ ਔਰਤਾਂ ਦੇ ਵਿਕਾਸ ਬਲਕਿ ਔਰਤਾਂ ਦੀ ਅਗਵਾਈ ਵਾਲੇ ਵਿਕਾਸ’ ਦਾ ਸੱਦਾ ਦਿਤਾ।
ਇਸ ਮੌਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਔਰਤਾਂ ਨੇ ਦੇਸ਼ ਦੇ ਖੇਤੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਈ ਹੈ। ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਅਤੇ ਸ਼ੋਭਾ ਕਰੰਦਲਾਜੇ ਅਤੇ ਖੇਤੀ ਸਕੱਤਰ ਮਨੋਜ ਆਹੂਜਾ ਵੀ ਇਸ ਪ੍ਰੋਗਰਾਮ ’ਚ ਹਾਜ਼ਰ ਸਨ।