
ਭਾਜਪਾ ਆਗੂ ਸੁਰਜੀਤ ਜਿਆਣੀ ਨੇ ਰੋਜ਼ਾਨਾ ਸਪੋਕਸਮੈਨ 'ਤੇ ਦੱਸੀਆਂ ਬੈਠਕ ਦੀਆਂ ਗੱਲਾਂ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਪ੍ਰਚੰਡ ਰੂਪ ਧਾਰਨ ਕਰਦਾ ਜਾ ਰਿਹਾ ਹੈ, ਇਸ ਦੇ ਚਲਦਿਆਂ ਕੇਂਦਰ ਸਰਕਾਰ ਵੀ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੋ ਗਈ ਹੈ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਭਾਜਪਾ ਦੀ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਨਾਲ ਖ਼ਾਸ ਗੱਲਬਾਤ ਕੀਤੀ।
Surjit Jyani Interview
ਭਾਜਪਾ ਆਗੂ ਸੁਰਜੀਤ ਜਿਆਣੀ ਨੇ ਬੀਤੇ ਦਿਨ ਕੇਂਦਰੀ ਖੇਤੀਬਾੜੀ ਮੰਤਰੀ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕੇਂਦਰੀ ਮੰਤਰੀਆਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
Farmer
ਸੁਰਜੀਤ ਜਿਆਣੀ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਖੁਦ ਕਿਸਾਨ ਹਨ ਤੇ ਉਹ ਕਿਸਾਨੀ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਸੁਰਜੀਤ ਜਿਆਣੀ ਨੇ ਦੱਸਿਆ ਕਿ ਕਿਸਾਨਾਂ ਦਾ ਮੁੱਦਾ ਕੇਂਦਰ ਸਰਕਾਰ ਦੇ ਧਿਆਨ ਵਿਚ ਪਹਿਲਾਂ ਵੀ ਆਇਆ ਸੀ, ਪਰ ਕੋਰੋਨਾ ਮਹਾਂਮਾਰੀ ਅਤੇ ਬਿਹਾਰ ਚੋਣਾਂ ਕਾਰਨ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਹੁਣ ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਰਾਜ਼ੀ ਹੈ।
Piyush Goyal
ਜਿਆਣੀ ਨੇ ਕਿਹਾ ਕਿ ਸਾਰੀਆਂ 31 ਕਿਸਾਨ ਜਥੇਬੰਦੀਆਂ ਨਾਲ ਤਾਂ ਗੱਲਬਾਤ ਨਹੀਂ ਕਰਵਾਈ ਜਾ ਸਕਦੀ ਪਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਰੱਖਿਆ ਮੰਤਰੀ ਨੇ ਕਰੀਬ 20 ਮਿੰਟ ਫੋਨ 'ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਰਾਜਨਾਥ ਸਿੰਘ ਨੇ ਦੇਸ਼ ਦੇ ਰੱਖਿਆ ਮੰਤਰੀ ਵਜੋਂ ਨਹੀਂ ਬਲਕਿ ਕਿਸਾਨ ਵਜੋਂ ਬਲਬੀਰ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਬੈਠਕ ਲਈ ਸੱਦਾ ਦਿੱਤਾ, ਪਰ ਬਲਬੀਰ ਸਿੰਘ ਰਾਜੇਵਾਲ ਨੇ 4 ਦਿਨ ਦਾ ਸਮਾਂ ਮੰਗਿਆ। ਉਹਨਾਂ ਦੱਸਿਆ ਕਿ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਬੈਠਕ ਦਫ਼ਤਰ ਵਿਚ ਨਹੀਂ ਬਲਕਿ ਉਹਨਾਂ ਦੇ ਘਰ ਵਿਚ ਕੀਤੀ ਜਾਵੇਗੀ।
Rajnath Singh
ਰਾਜੇਵਾਲ ਵੱਲੋਂ ਕੇਂਦਰੀ ਰੱਖਿਆ ਮੰਤਰੀ ਨਾਲ ਗੱਲ ਨਾ ਹੋਣ ਦਾ ਦਾਅਵਾ ਕਰਨ ਦੇ ਸਵਾਲ 'ਤੇ ਸੁਰਜੀਤ ਜਿਆਣੀ ਨੇ ਕਿਹਾ ਕਿ ਉਹ ਬਹਿਸ ਵਿਚ ਨਹੀਂ ਪੈਣਾ ਚਾਹੁੰਦੇ। ਸੁਰਜੀਤ ਜਿਆਣੀ ਨੇ ਕਿਹਾ ਕਿ ਉਹ ਪੰਜਾਬ ਦਾ ਭਲਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਰੇਲ ਗੱਡੀਆਂ ਬੰਦ ਹਨ, ਅੱਜ ਥਰਮਲ ਪਲਾਂਟ ਬੰਦ ਹੋਣ ਕੰਢੇ ਹੈ, ਪੰਜਾਬ 'ਚ ਕਦੀ ਵੀ ਬਲੈਕਆਊਟ ਹੋ ਸਕਦਾ ਹੈ। ਇਸ ਵਿਚ ਸਾਰਿਆਂ ਦਾ ਨੁਕਸਾਨ ਹੈ।
Balbir Singh Rajewal
ਮਾਲਗੱਡੀਆਂ ਚਲਾਉਣ ਦੇ ਮਾਮਲੇ 'ਤੇ ਸੁਰਜੀਤ ਜਿਆਣੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਬਹੁਤ ਤਕੜਾ ਦਬਾਅ ਹੈ। ਉਹਨਾਂ ਕਿਹਾ ਕਿ ਜੇਕਰ ਮਾਲ ਗੱਡੀਆਂ ਨੂੰ ਕਿਸਾਨ ਹਰੀ ਝੰਡੀ ਦੇ ਦੇਣ ਤਾਂ ਇਸ ਵਿਚ ਸਾਰਿਆਂ ਦਾ ਫਾਇਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਅੰਬਾਨੀ ਦੀ ਹੈ ਤੇ ਇਹ ਗੱਡੀ ਅਡਾਣੀ ਦੀ ਹੈ, ਇਹ ਗੱਲ ਠੀਕ ਨਹੀਂ।
Surjit Jyani
ਸੁਰਜੀਤ ਜਿਆਣੀ ਨੇ ਕਿਹਾ ਕਿ ਮਾਲ ਗੱਡੀਆਂ ਚਲਾਉਣ ਵਾਲੇ ਕਹਿ ਰਹੇ ਨੇ ਕਿ ਉਹਨਾਂ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਕਿਸਾਨ ਚਾਹੇ ਬਾਕੀ ਸੰਘਰਸ਼ ਜਾਰੀ ਰੱਖਣ ਪਰ ਉਹਨਾਂ ਨੂੰ ਰੇਲ ਗੱਡੀਆਂ ਲਈ ਪਹਿਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੇ ਰੇਲ ਗੱਡੀਆਂ ਨੂੰ ਚਲਾਉਣ ਬਾਰੇ ਕੋਈ ਸਪੱਸ਼ਟ ਪਹਿਲ ਨਹੀਂ ਕੀਤੀ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਰਾਜਨਾਥ ਸਿੰਘ ਨਾਲ ਗੱਲ਼ਬਾਤ ਕਰਨੀ ਚਾਹੀਦੀ ਹੈ।
Farmer
ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਬਾਰੇ ਸੋਚ ਰਹੇ ਹਾਂ ਜੇਕਰ ਕੋਈ ਹੋਰ ਗੱਲ ਹੈ ਤਾਂ ਉਸ ਦਾ ਹੱਲ ਬੈਠ ਕੇ ਹੀ ਨਿਕਲੇਗਾ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਤੇ ਉਹ ਕਿਸਾਨਾਂ ਕੋਲੋਂ ਟਾਇਮ ਮੰਗ ਰਹੀ ਹੈ। ਸੁਰਜੀਤ ਜਿਆਣੀ ਨੇ ਕਿਹਾ ਕਿ ਕਾਨੂੰਨ ਪੂਰੇ ਦੇਸ਼ ਲਈ ਹੈ। ਪੰਜਾਬ ਦੀ ਸਮੱਸਿਆ ਵੱਖਰੀ ਹੈ, ਹਰਿਆਣਾ ਦੀ ਸਮੱਸਿਆ ਵੱਖਰੀ ਹੈ ਤੇ ਹੋਰ ਸੂਬਿਆਂ ਦੀ ਵੱਖਰੀ। ਉਹਨਾਂ ਕਿਹਾ ਕਿ ਕਿਸਾਨ ਕਾਨੂੰਨ ਵਾਪਸ ਲੈਣ ਦੀ ਗੱਲ ਨਾ ਕਰਨ, ਕਿਸਾਨ ਇਹ ਦੱਸਣ ਕਿ ਕਾਨੂੰਨ ਵਿਚ ਕਿਸਾਨਾਂ ਦੇ ਹਿੱਤ ਬਾਰੇ ਕਿਹੜੀ ਚੀਜ਼ ਜੋੜੀ ਜਾਵੇ ਜਾਂ ਜੇਕਰ ਕੋਈ ਕਮੀ ਹੈ ਉਸ ਬਾਰੇ ਦੱਸਿਆ ਜਾਵੇ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਨੂੰ ਕੋਈ ਵੀ ਨਰਾਜ਼ ਨਹੀਂ ਕਰਨਾ ਚਾਹੁੰਦਾ।