
ਕਣਕ ਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ 23 ਏਕੜ ਵਿਚ ਲਾਇਆ ਬਾਗ਼
ਮੁੱਲਾਂਪੁਰ ਗ਼ਰੀਬਦਾਸ/ਕੁਰਾਲੀ/ਮਾਜਰੀ (ਰਵਿੰਦਰ ਸਿੰਘ ਸੈਣੀ, ਕੁਲਵੰਤ ਸਿੰਘ ਧੀਮਾਨ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਦੀ ਥਾਂ ਫਸਲੀ ਵਿਭਿੰਨਤਾ ਅਪਣਾ ਕੇ ਕਣਕ ਤੇ ਝੋਨੇ ਦੀ ਚੱਕਰ ਵਿੱਚੋਂ ਬਾਹਰ ਨਿਕਲਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਘੱਟ ਪਾਣੀ ਅਤੇ ਘੱਟ ਲਾਗਤ ਨਾਲ ਹੋਰ ਫਸਲਾਂ ਦੀ ਕਾਸ਼ਤ ਕਰ ਕੇ ਵਧੇਰੇ ਮੁਨਾਫਾ ਕਮਾ ਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਣ।
Mango tree
ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਸਮਝਦੇ ਹੋਏ ਪਿੰਡ ਪੜੌਲ ਬਲਾਕ ਮਾਜਰੀ ਦਾ ਇਕ ਸੂਝਵਾਨ ਅਤੇ ਅਗਾਂਹਵਧੂ ਕਿਸਾਨ ਨਿਹਾਲ ਸਿੰਘ ਪੁੱਤਰ ਸ੍ਰੀ ਗੁਰਮੇਲ ਸਿੰਘ ਆਪਣੇ ਪਰਿਵਾਰ ਨਾਲ ਮਿਲ ਕੇ 23 ਏਕੜ ਜ਼ਮੀਨ ਵਿੱਚ ਅੰਬ ਅਤੇ ਅਮਰੂਦ ਦੀ ਕਾਸ਼ਤ ਕਰ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ। ਅਗਾਂਹਵਧੂ ਕਿਸਾਨ ਨਿਹਾਲ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਸ. ਅਮੀ ਸਿੰਘ ਬਾਜਵਾ ਨੇ ਲਾਇਲਪੁਰ ਕਾਲਜ, (ਪਾਕਿਸਤਾਨ) ਤੋਂ ਬੀ.ਐਸ.ਸੀ. (ਖੇਤੀਬਾੜੀ) ਕਰਨ ਮਗਰੋਂ ਸਰਕਾਰੀ ਨੌਕਰੀ ਨਾ ਕਰਦੇ ਹੋਏ ਇੱਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ।
Guava
ਇਸ ਮਗਰੋਂ ਉਨ੍ਹਾਂ ਆਪਣੇ ਖੇਤਾਂ ਵਿੱਚ ਅਮਰੂਦਾਂ ਦਾ ਬਾਗ ਲਾਇਆ ਪਰ ਮੰਡੀਕਰਨ ਨਾ ਹੋਣ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ। ਸਾਲ 2006 ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਲਗਪਗ 18 ਏਕੜ ਰਕਬੇ ਵਿੱਚ ਬਾਗ ਲਾਇਆ ਗਿਆ ਅਤੇ ਚੰਗੀ ਆਮਦਨ ਹੋਣ ਕਰ ਕੇ ਹੁਣ ਇਸ ਸਾਲ ਪੰਜ ਏਕੜ ਹੋਰ ਰਕਬਾ ਬਾਗਬਾਨੀ ਅਧੀਨ ਲਿਆਂਦਾ ਗਿਆ। ਨਿਹਾਲ ਸਿੰਘ ਨੇ ਦੱਸਿਆ ਕਿ ਸਿੰਜਾਈ ਲਈ ਦੋ ਮੋਟਰ ਕੁਨੈਕਸ਼ਨ ਹੋਣ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਫਸਲ ਲਈ ਉਨ੍ਹਾਂ ਕੋਲ ਪਾਣੀ ਦੀ ਘਾਟ ਹਮੇਸ਼ਾ ਰਹਿੰਦੀ ਹੈ
ਪਰ ਬਾਗਬਾਨੀ ਲਈ ਪਾਣੀ ਦੀ ਘੱਟ ਜ਼ਰੂਰਤ ਪੈਣ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਖੇਤੀ ਸੰਦਾਂ ਉਤੇ ਆਉਣ ਵਾਲਾ ਖਰਚਾ ਵੀ ਘਟ ਗਿਆ ਹੈ। ਉਪਰੋਂ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਬੱਚਤ ਰਹਿੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਾਗਬਾਨੀ ਰਾਹੀਂ ਉਹ ਪ੍ਰਤੀ ਏਕੜ 80 ਤੋਂ 90 ਹਜ਼ਾਰ ਰੁਪਏ ਕਮਾ ਰਿਹਾ ਹੈ ਅਤੇ ਬਾਗ ਦੇ ਆਲੇ-ਦੁਆਲੇ ਉਹ ਜਾਮਣਾਂ ਤੇ ਸਬਜ਼ੀਆਂ ਤੇ ਦਾਲਾਂ ਦੀ ਕਾਸ਼ਤ ਕਰ ਰਿਹਾ ਹੈ,
Nihal Singh
ਜਿਸ ਰਾਹੀਂ ਉਹ ਵਧੇਰੇ ਲਾਭ ਕਮਾ ਸਕੇਗਾ।ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਨਵੇਂ ਲਾਏ ਬਾਗਾਂ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ 40 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਕਿਸਾਨ ਰਵਾਇਤੀ ਫਸਲਾਂ ਤੋਂ ਹਟ ਕੇ ਨਵੇਂ ਬਾਗ ਲਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕਿਸਾਨ ਵੱਲੋਂ ਬਾਗਬਾਨੀ ਵਿੱਚ ਕੀਤੇ ਜਾ ਰਹੇ ਕੰਮ ਤੋਂ ਹੋਰ ਕਿਸਾਨਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।