
ਕਿਸਾਨ ਨੇ ਤਿਆਰ ਕੀਤੀ ਅਮਰੂਦ ਦੀ ਬਰਫ਼ੀ
ਫਰੀਦਕੋਟ (ਸੁਖਜਿੰਦਰ ਸਹੋਤਾ) - ਕਿਸਾਨ ਜਿੱਥੇ ਆਪਣੀਆਂ ਜ਼ਮੀਨਾਂ ਅਤੇ ਮੰਡੀ ਕਰਨ ਸਿਸਟਮ ਨੂੰ ਬਚਾਉਣ ਲਈ ਵੱਡੀ ਗਿਣਤੀ ਵਿਚ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਉਥੇ ਹੀ ਪੰਜਾਬ ਦੇ ਕੁਝ ਕਿਸਾਨ ਅਜਿਹੇ ਵੀ ਹਨ ਜੋ ਆਪਣੇ ਇਸ ਸੰਘਰਸ਼ ਦੇ ਨਾਲ ਨਾਲ ਆਪਣੇ ਖੇਤੀ ਕਾਰੋਬਾਰ ਨੂੰ ਸਿਰਫ਼ ਬਚਾਅ ਹੀ ਨਹੀਂ ਸਗੋਂ ਖ਼ੁਦ ਖੇਤੀ ਨੂੰ ਲਾਹੇਵੰਦ ਕਿੱਤਾ ਬਣਾ ਰਹੇ ਹਨ।
ਕਣਕ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਖੇਤੀ ਤੋਂ ਰੋਜ਼ਾਨਾ ਦੀ ਕਮਾਈ ਦਾ ਸਾਧਨ ਬਣਾ ਰਹੇ ਹਨ। ਇਹੀ ਨਹੀਂ ਫਰੀਦਕੋਟ ਦੇ ਇਕ ਕਿਸਾਨ ਨੇ ਮਸ਼ਹੂਰ ਭਾਈਆਂ ਦੀ ਬਰਫੀ ਵਰਗੀ ਆਪਣੇ ਖੇਤ ਦੇ ਵਿਚ ਲੱਗੇ ਅਮਰੂਦਾਂ ਤੋਂ ਬਰਫੀ ਵੀ ਤਿਆਰ ਕਰ ਦਿੱਤੀ ਹੈ ਜਿਸ ਨੂੰ ਲੋਕਾਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ।
ਇਹ ਕਿਸਾਨ ਫਰੀਦਕੋਟ ਜਿਲ੍ਹੇ ਦੇ ਕਸਬਾ ਬਰਗਾੜੀ ਦਾ ਅਮਰਜੀਤ ਸਿੰਘ ਢਿੱਲੋਂ ਹੈ, ਜੋ ਇੰਜਨੀਅਰ ਹੋਣ ਦੇ ਬਾਵਜੂਦ ਵੀ ਖੇਤੀ ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਖੇਤਾਂ ਵਿਚ ਖ਼ੁਦ ਕੰਮ ਕਰ ਕੇ ਜਿਥੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਰਿਹਾ ਉਥੇ ਹੀ ਆਪਣੀ ਉਪਜ ਨੂੰ ਆਪਣੇ ਖੇਤ ਵਿਚ ਲੱਗੇ ਅਮਰੂਦਾਂ ਤੋਂ ਬਣੀ ਬਰਫ਼ੀ ਦੁਕਾਨ ਤੇ ਵੇਚ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ।
ਉਸ ਨੂੰ ਆਪਣੀ ਉਪਜ ਵੇਚਣ ਲਈ ਨਾਂ ਤਾਂ ਕਿਸੇ ਮੰਡੀ ਦੀ ਲੋੜ ਹੈ ਅਤੇ ਨਾਂ ਹੀ ਕਿਸੇ ਖਾਸ ਮੌਕੇ ਦੀ। ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਪਿਤਾ ਪੁਰਖੀ ਕਰੀਬ 12 ਏਕੜ ਜ਼ਮੀਨ ਹੈ ਅਤੇ ਆਪਣੀ ਇੰਜਨੀਅਰਇੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਨੌਕਰੀ ਕਰਨ ਦੀ ਬਜਾਏ ਖੇਤੀ ਨੂੰ ਹੀ ਆਪਣਾ ਕਿੱਤਾ ਬਣਾਇਆ ਅਤੇ ਆਪਣੇ ਖੇਤਾਂ ਵਿਚ ਕੰਮ ਕਰ ਕੇ ਆਪਣੀ ਪਹਿਚਾਣ ਬਣਾਈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਜਦੋਂ ਤੋਂ ਖੇਤੀ ਧੰਦਾ ਅਪਣਾਇਆ ਉਦੋਂ ਤੋਂ ਆਪਣੇ ਖੇਤਾਂ ਵਿਚ ਕਣਕ ਝੋਨੇ ਦੀ ਫਸਲ ਦੀ ਕਾਸ਼ਤ ਨਹੀਂ ਕੀਤੀ ਸਗੋਂ ਉਸ ਨੇ ਬਦਲਵੀਂ ਖੇਤੀ ਨੂੰ ਤਰਜੀਹ ਦਿੱਤੀ ਅਤੇ ਬਦਲਵੀਂ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਮਾਹਿਰਾਂ ਤੋਂ ਇਸ ਬਾਰੇ ਗਿਆਨ ਹਾਸਲ ਕਰ ਉਸ ਨੇ ਆਪਣੇ ਖੇਤਾਂ ਵਿਚ ਸਬਜੀਆ ਅਤੇ ਫਲਾਂ ਦੀ ਕਾਸ਼ਤ ਸ਼ੁਰੂ ਕੀਤੀ।
ਉਹਨਾਂ ਦੱਸਿਆ ਕਿ ਮੰਡੀ ਕਰਨ ਦੀ ਸਮੱਸਿਆ ਤੋਂ ਬਚਣ ਲਈ ਉਹਨਾਂ ਨੇ ਆਪਣੇ ਖੇਤ ਵਿਚ ਹੀ ਆਪਣਾ ਆਊਟਲੈਟ ਖੋਲ੍ਹ ਲਿਆ ਅਤੇ ਸੀਜਨ ਵਾਈਜ ਸਬਜੀ ਅਤੇ ਫਲਾਂ ਦੀ ਕਾਸ਼ਤ ਸ਼ੁਰੂ ਕੀਤੀ ਜਿਸ ਕਾਰਨ ਉਸ ਕੋਲ ਹਰ ਸਮੇਂ ਸਬਜ਼ੀਆ ਅਤੇ ਸੀਜਨਲ ਫਲ ਮੌਜੂਦ ਰਹਿੰਦੇ ਹਨ ਅਤੇ ਲੋਕ ਦੂਰ ਦੂਰ ਤੋਂ ਆ ਕੇ ਉਹਨਾਂ ਤੋਂ ਸਬਜੀਆ ਖ੍ਰੀਦ ਕੇ ਲੈ ਜਾਂਦੇ ਹਨ। ਉਹਨਾਂ ਦੱਸਿਆ ਕਿ ਆਮ ਵੇਖਣ ਵਿਚ ਆਉਂਦਾ ਹੈ ਕਿ ਕਿਸਾਨ ਬਦਲਵੀ ਖੇਤੀ ਅਪਣਾ ਲੈਂਦੇ ਹਨ ਪਰ ਜਲਦ ਹੀ ਉਹ ਸਮੱਸਿਆਵਾਂ ਦੇ ਚਲਦੇ ਉਸ ਨੂੰ ਛੱਡ ਦਿੰਦੇ ਹਨ।
Amarjeet Singh
ਉਹਨਾਂ ਕਿਹਾ ਕਿ ਮੈਂ ਕਦੀ ਵੀ ਆਪਣੇ ਖੇਤ ਵਿਚ ਇਕ ਫਸਲ ਦੀ ਕਾਸ਼ਤ ਨਹੀਂ ਕਰਦਾ ਇਕ ਫਸਲ ਦੀ ਕਾਸ਼ਤ ਕਰਨ ਨਾਲ ਫਸਲ ਜਦ ਜ਼ਿਆਦਾ ਹੁੰਦੀ ਹੈ ਅਤੇ ਉਸ ਲਈ ਮੰਡੀ ਕਰਨ ਲਈ ਦੂਰ ਦਰਾਡੇ ਜਾਣਾ ਪੈਂਦਾ ਹੈ ਜਿਸ ਕਾਰਨ ਕਾਫ਼ੀ ਖਰਚ ਤੇ ਖੱਜਲ ਖੁਆਰੀ ਹੁੰਦੀ ਹੈ ਪਰ ਜੇਕਰ ਵੱਖ ਵੱਖ ਤਰਾਂ ਦੀਆ ਫਸਲਾਂ ਹੋਣਗੀਆਂ ਤਾਂ ਉਸ ਦਾ ਮੰਡੀ ਕਰਨ ਇਕੋ ਜਗ੍ਹਾ ਤੇ ਖੁਦ ਕਰ ਸਕਦੇ ਹਾਂ।
ਉਹਨਾਂ ਦੱਸਿਆ ਕਿ ਇਸ ਵਕਤ ਉਹਨਾਂ ਕੋਲ 4 ਤੋਂ 5 ਤਰ੍ਹਾਂ ਦੀਆ ਸਬਜ਼ੀਆਂ ਆਪਣੇ ਖੇਤਾਂ ਵਿਚ ਮੌਜੂਦ ਹਨ ਕਿਨੂੰ ਆਪਣੇ ਖੇਤ ਵਿਚ ਮੌਜੂਦ ਹੈ ਜੋ ਹੁਣ ਖਤਮ ਹੁੰਦਾ ਜਾ ਰਿਹਾ ਇਸ ਤੋਂ ਪਹਿਲਾਂ ਅਮਰੂਦ ਸੀ ਉਹ ਵੀ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਨਵਾਂ ਫਲ ਲੱਗ ਰਿਹਾ ਹੈ, ਅੱਗੇ ਅੰਗੂਰ ਦੀ ਫਸਲ ਤਿਆਰ ਹੋ ਰਹੀ ਹੈ। ਉਹਨਾਂ ਦੱਸਿਆ ਕਿ ਕਈ ਤਰ੍ਹਾਂ ਦੀਆ ਸਬਜ਼ੀਆਂ ਉਹਨਾਂ ਕੋਲ ਹਨ। ਇਹੀ ਨਹੀਂ ਜੋ ਵੀ ਅਮਰਜੀਤ ਸਿੰਘ ਦੀ ਦੁਕਾਨ ਤੇ ਆ ਕੇ ਸਬਜੀ ਜਾਂ ਫਲ ਖਰੀਦਦਾ ਹੈ। ਉਸ ਨੂੰ ਸਭ ਤੋਂ ਪਹਿਲਾਂ ਸਟੋਰ ਦੇ ਚਾਰ ਚੁਫੇਰੇ ਲੱਗੇ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਦਾ ਆਨੰਦ ਮਿਲਦਾ।
Amarjeet Singh
ਉਹਨਾਂ ਦੱਸਿਆ ਕਿ ਉਹਨਾਂ ਦੇ ਇਸ ਕੰਮ ਲਈ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਈ ਵਾਰ ਉਹਨਾਂ ਨੂੰ ਮਾਨ ਸਨਮਾਨ ਮਿਲ ਚੁੱਕਾ ਹੈ। ਉਹਨਾਂ ਦੱਸਿਆ ਕਿ ਅਸੀਂ ਆਪਣੇ ਖੇਤ ਵਿਚ ਲੱਗੇ ਅਮਰੂਦਾਂ ਤੋਂ ਅਮਰੂਦਾਂ ਦੀ ਬਰਫੀ ਤਿਆਰ ਕੀਤੀ ਹੈ ਜਿਸ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਇਹ ਇਕ ਨਵੇਕਲੀ ਕਿਸਮ ਦੀ ਪਹਿਲ ਹੈ। ਉਹਨਾਂ ਨਾਲ ਹੀ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਜੇਕਰ ਕਿਸਾਨਾਂ ਨੂੰ ਬਦਲਵੀਂ ਖੇਤੀ ਵੱਲ ਲੈ ਕੇ ਜਾਣਾ ਹੈ ਤਾਂ ਉਸ ਲਈ ਸਰਕਾਰ ਨੂੰ ਵੀ ਜਮੀਨੀ ਪੱਧਰ ਤੇ ਕੰਮ ਕਰਨੇ ਚਾਹੀਦੇ ਹਨ।
Amarjeet Singh
ਉਹਨਾਂ ਕਿਹਾ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਕਣਕਾਂ ਦੀ ਕਟਾਈ ਦੇ ਚਲਦੇ ਨਹਿਰੀ ਪਾਣੀ ਵੀ ਬੰਦ ਕਰ ਦਿੱਤਾ ਜਾਂਦਾ ਅਤੇ ਬਿਜਲੀ ਸਪਲਾਈ ਵੀ ਖੇਤਾਂ ਦੀ ਬੰਦ ਕਰ ਦਿੱਤੀ ਜਾਂਦੀ ਹੈ। ਬਦਲਵੀਂ ਖੇਤੀ ਲਈ ਇਹਨਾਂ ਦਿਨਾ ਵਿਚ ਪਾਣੀ ਦੀ ਜਰੂਰਤ ਹੁੰਦੀ ਹੈ ਪਰ ਧਰਤੀ ਹੇਠਲਾ ਪਾਣੀ ਬਿਜਲੀ ਦੀ ਸਮੱਸਿਆ ਕਾਰਨ ਨਹਿਰੀ ਪਾਣੀ ਬੰਦ ਹੋਣ ਕਾਰਨ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਲਈ ਪਾਣੀ ਨਹੀਂ ਮਿਲਦਾ ਇਸ ਦਾ ਸਰਕਾਰ ਨ ਹੱਲ ਕਰਨਾਂ ਚਾਹੀਦੀ ਹੈ।