ਝੋਨੇ, ਦਾਲਾਂ, ਤੇਲ ਦੇ ਬੀਜਾਂ ਸਮੇਤ ਸਾਰੀਆਂ ਪ੍ਰਮੁੱਖ ਫ਼ਸਲਾਂ ਦੀ ਬਿਜਾਈ ’ਚ ਵੇਖਿਆ ਗਿਆ ਵਾਧਾ
ਨਵੀਂ ਦਿੱਲੀ: ਖੇਤੀਬਾੜੀ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ’ਚ ਕਿਸਾਨਾਂ ਨੇ ਇਸ ਸਾਲ ਹੁਣ ਤਕ 979.89 ਲੱਖ ਹੈਕਟੇਅਰ ਰਕਬੇ ’ਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਕੀਤੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 966.40 ਲੱਖ ਹੈਕਟੇਅਰ ਸੀ।
ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲਾਨਾ ਆਧਾਰ ’ਤੇ ਬਿਜਾਈ ਲਗਭਗ 1.4 ਫੀ ਸਦੀ ਜ਼ਿਆਦਾ ਹੁੰਦੀ ਹੈ।
ਜਿਣਸਾਂ ਦੇ ਹਿਸਾਬ ਨਾਲ ਝੋਨੇ, ਦਾਲਾਂ, ਤੇਲ ਬੀਜਾਂ, ਬਾਜਰੇ ਅਤੇ ਗੰਨੇ ਦੀ ਬਿਜਾਈ ਸਾਲ-ਦਰ-ਸਾਲ ਵੱਧ ਰਹੀ ਹੈ। ਦੂਜੇ ਪਾਸੇ ਕਪਾਹ ਅਤੇ ਜੂਟ/ਮੇਸਟਾ ਦੀ ਬਿਜਾਈ ’ਚ ਗਿਰਾਵਟ ਆਈ ਹੈ।
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਲ ਹੀ ’ਚ ਕਿਹਾ ਸੀ ਕਿ ਕੇਂਦਰ ਸਰਕਾਰ ਸਾਰੇ ਸੂਬਿਆਂ ’ਚ ਉੜਦ, ਅਰਹਰ ਅਤੇ ਮਸੂਰ ਦੀ 100 ਫ਼ੀ ਸਦੀ ਖਰੀਦ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੇ ਇਸ ਮੁੱਦੇ ’ਤੇ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿਤਾ ਤਾਂ ਜੋ ਵੱਧ ਤੋਂ ਵੱਧ ਕਿਸਾਨ ਦਾਲਾਂ ਦੀ ਕਾਸ਼ਤ ਲਈ ਅੱਗੇ ਆ ਸਕਣ।
ਭਾਰਤ ਦਾਲਾਂ ਦਾ ਇਕ ਵੱਡਾ ਖਪਤਕਾਰ ਅਤੇ ਉਤਪਾਦਕ ਹੈ ਅਤੇ ਇਹ ਅਪਣੀਆਂ ਖਪਤ ਦੀਆਂ ਜ਼ਰੂਰਤਾਂ ਦਾ ਇਕ ਹਿੱਸਾ ਆਯਾਤ ਰਾਹੀਂ ਪੂਰਾ ਕਰਦਾ ਹੈ। ਭਾਰਤ ਮੁੱਖ ਤੌਰ ’ਤੇ ਚਨਾ, ਮਸੂਰ, ਉੜਦ, ਕਾਬੁਲੀ ਚਨਾ ਅਤੇ ਅਰਹਰ ਦੀਆਂ ਦਾਲਾਂ ਦੀ ਖਪਤ ਕਰਦਾ ਹੈ। ਕਿਸਾਨਾਂ ਨੂੰ ਵੱਖ-ਵੱਖ ਰਿਆਇਤਾਂ ਸਮੇਤ ਕਈ ਉਪਾਵਾਂ ਦੇ ਬਾਵਜੂਦ, ਭਾਰਤ ਅਜੇ ਵੀ ਅਪਣੀਆਂ ਘਰੇਲੂ ਜ਼ਰੂਰਤਾਂ ਲਈ ਦਾਲਾਂ ਦੀ ਦਰਾਮਦ ’ਤੇ ਨਿਰਭਰ ਹੈ। ਸਾਲ 2023-24 ’ਚ ਦਾਲਾਂ ਦੀ ਦਰਾਮਦ ਲਗਭਗ ਦੁੱਗਣੀ ਹੋ ਗਈ ਹੈ।