
''ਮੇਰੀ ਮ੍ਰਿਤਕ ਦੇਹ ਮੋਰਚੇ 'ਤੇ ਰਹਿਣੀ ਚਾਹੀਦੀ''
ਕੇਂਦਰ ਸਰਕਾਰ ਨਾਲ ਭਲਕੇ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅੱਜ ਸ਼ੰਭੂ ਮੋਰਚੇ ਵਿੱਚ ਕਿਸਾਨ ਤੀਜੀ ਵੱਡੀ ਮਹਾਂਪੰਚਾਇਤ ਕਰ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦਿਲ ਦਾ ਦੌਰਾ ਪੈਣ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਹਨ।
ਦੇਰ ਰਾਤ ਕਿਸਾਨਾਂ ਦਾ ਵਫ਼ਦ ਉਨ੍ਹਾਂ ਨੂੰ ਮਿਲਿਆ। ਕਿਸਾਨ ਆਗੂ ਬਲਦੇਵ ਸਿੰਘ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਸ ਦੀ ਮੌਤ ਹੋ ਗਈ ਤਾਂ ਉਸ ਦਾ ਅੰਤਿਮ ਸਸਕਾਰ ਉਦੋਂ ਤੱਕ ਨਾ ਕੀਤਾ ਜਾਵੇ ਜਦੋਂ ਤੱਕ ਸਰਕਾਰ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ।
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 80ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਡੱਲੇਵਾਲ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਖ਼ੁਦ ਹਾਜ਼ਰ ਹੋਣਾ ਚਾਹੁੰਦੇ ਹਨ। ਨਾਲ ਹੀ ਕਿਸਾਨਾਂ ਦਾ ਪੱਖ ਵੀ ਸਰਕਾਰ ਅੱਗੇ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾਵੇ।
ਹਸਪਤਾਲ 'ਚ ਦਾਖ਼ਲ ਬਲਦੇਵ ਸਿੰਘ ਸਿਰਸਾ ਨੇ 33 ਸੈਕਿੰਡ ਦਾ ਸੰਦੇਸ਼ ਜਨਤਾ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਠੀਕ ਹੋ ਗਏ ਤਾਂ ਉਹ ਮੋਰਚੇ 'ਚ ਸ਼ਾਮਲ ਹੋਣਗੇ ਜੇ ਕੁਝ ਵੀ ਹੁੰਦਾ ਹੈ, ਉਸ ਦਾ ਸਰੀਰ ਮੋਰਚੇ 'ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੇਰੀ ਮ੍ਰਿਤਕ ਦੇਹ ਮੋਰਚੇ 'ਤੇ ਰਹਿਣੀ ਚਾਹੀਦੀ ਹੈ। ਜਿੰਨਾ ਸਮਾਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਮੇਰਾ ਸਸਕਾਰ ਨਾ ਕਰਨਾ।