
ਪੰਜਾਬ ਦੇ ਖੇਤਾਂ 'ਚ ਦਾਤੀ ਖੜਕਣੀ ਸ਼ੁਰੂ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਖੇਤਾਂ 'ਚ ਦਾਤੀ ਖੜਕਣੀ ਸ਼ੁਰੂ ਹੋ ਗਈ ਹੈ। ਡਰ ਭਰੇ ਮਾਹੌਲ 'ਚ ਵੀ ਖੇਤਾਂ ਵਿਚ ਕਿਸਾਨ ਤੇ ਮਜ਼ਦੂਰ ਪੂਰੇ ਉਤਸ਼ਾਹ ਨਾਲ ਜੁਟ ਗਏ ਹਨ। ਸੂਬੇ ਅੰਦਰ ਕੋਰੋਨਾ ਵਾਇਰਸ ਨੂੰ ਲੈ ਕੇ 14 ਅਪ੍ਰੈਲ ਤਕ ਲਾਏ ਗਏ ਕਰਫ਼ਿਊ ਨੂੰ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਫ਼ਸਲ ਦੀ ਵਾਢੀ ਲਈ ਕਰਫ਼ਿਊ ਹਟਾਉਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਪੰਜਾਬ ਸਰਕਾਰ ਵਲੋਂ ਇਸ ਕਰਫ਼ਿਊ ਨੂੰ 1 ਮਈ ਤਕ ਵਧਾਏ ਜਾਣ ਤੋਂ ਬਾਅਦ ਇਲਾਕੇ ਦੇ ਕਈ ਕਿਸਾਨਾਂ ਨੇ ਕਣਕ ਦੀ ਵਾਢੀ ਸ਼ੁਰੂ ਕਰ ਦਿਤੀ ਹੈ।
File photo
ਜ਼ਿਲ੍ਹਾ ਮੋਗਾ ਅੰਦਰ ਵੱਡੇ ਪੱਧਰ 'ਤੇ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਕੁੱਝ ਕਿਸਾਨਾਂ ਨੇ ਕਣਕ ਦੀ ਫ਼ਸਲ ਹੱਥੀਂ ਕੱਟਣੀ ਸ਼ੁਰੂ ਕਰ ਦਿਤੀ ਹੈ। ਮੌਸਮ ਦੇ ਬਦਲਦੇ ਮਿਜਾਜ਼ ਨੂੰ ਦੇਖਦੇ ਹੋਏ ਕਈ ਕਿਸਾਨਾਂ ਨੇ ਮਜ਼ਦੂਰਾਂ ਦੀ ਘਾਟ ਦੇ ਬਾਵਜੂਦ ਕਣਕ ਦੀ ਕਟਾਈ ਦਾ ਕੰਮ ਨਿਬੇੜਨਾ ਸ਼ੁਰੂ ਕਰ ਦਿਤਾ ਹੈ। ਸੂਬੇ ਦੇ ਕੁੱਝ ਕਿਸਾਨਾਂ ਨੇ ਦਸਿਆ ਕਿ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਵਲੋਂ ਲਾਏ ਗਏ ਕਰਫ਼ਿਊ ਕਾਰਨ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਅਪਣੇ-ਅਪਣੇ ਸੂਬਿਆਂ ਨੂੰ ਵਾਪਸ ਚਲੇ ਜਾਣ ਕਾਰਨ ਕਈ ਕਿਸਾਨ ਪਰਵਾਰ ਖ਼ੁਦ ਵਾਢੀ ਕਰਨ ਲੱਗ ਗਏ ਹਨ।
ਪੰਜਾਬ 'ਚ ਕਰਫ਼ਿਊ ਦੇ ਕਾਰਨ ਕਣਕ ਦੀ ਵਾਢੀ 'ਚ ਆਉਣ ਵਾਲੀਆਂ ਦਿੱਕਤਾਂ ਨੂੰ ਦੇਖਦੇ ਹੋਏ ਇਨ੍ਹਾਂ ਨਾਲ ਨਜਿੱਠਣ ਲਈ ਕਿਸਾਨਾਂ ਵਲੋਂ ਅਪਣੇ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਕਈ ਕਿਸਾਨਾਂ ਵਲੋਂ ਅਪਣੀ ਪੱਕੀ ਕਣਕ ਦੀ ਫ਼ਸਲ ਨੂੰ ਪਿੰਡ ਦੇ ਕੁੱਝ ਲੋਕਾਂ ਦੀ ਮਦਦ ਨਾਲ ਕਟਣਾ ਸ਼ੁਰੂ ਕਰ ਦਿਤਾ ਹੈ। ਕਿਸਾਨਾਂ ਨੂੰ ਇਹ ਖ਼ਬਰਾਂ ਵੀ ਪ੍ਰੇਸ਼ਾਨ ਕਰ ਰਹੀਆਂ ਹਨ ਕਿ ਕਾਫ਼ੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਵਾਪਸ ਚਲੇ ਗਏ ਹਨ। ਭਾਵੇਂ ਸਰਕਾਰ ਕਈ ਵਾਰ ਕਹਿ ਚੁਕੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਜਾਣ ਨਹੀਂ ਦਿਤਾ ਗਿਆ ਪਰ ਫਿਰ ਵੀ ਕਿਸਾਨਾਂ ਨੂੰ ਲਗਦਾ ਹੈ ਕਿ ਕਿਤੇ ਉਨ੍ਹਾਂ ਦੀ ਫ਼ਸਲ ਖੇਤਾਂ 'ਚ ਹੀ ਖ਼ਰਾਬ ਨਾ ਹੋ ਜਾਵੇ ਕਿਉਂਕਿ ਬੱਦਲ ਵਾਰ-ਵਾਰ ਚੜ੍ਹ ਕੇ ਆ ਜਾਂਦੇ ਹਨ। ਇਸ ਲਈ ਛੋਟੇ ਕਿਸਾਨ ਅਪਣੇ ਪਰਵਾਰਕ ਮੈਂਬਰਾਂ ਨੂੰ ਨਾਲ ਲਾ ਕੇ ਕਣਕ ਇਕੱਠੀ ਕਰਨ ਲੱਗ ਪਏ ਹਨ। ਇਸ ਵੇਲੇ ਇਕ ਹੋਰ ਖ਼ਦਸਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਕਾਫ਼ੀ ਕੰਬਾਈਨਾਂ ਦੂਜੇ ਰਾਜਾਂ ਨੂੰ ਫਸ ਗਈਆਂ ਹਨ ਤੇ ਬਹੁਤੇ ਕਿਸਾਨਾਂ ਨੂੰ ਕੰਬਾਈਨਾਂ ਦੀ ਸੇਵਾ ਵੀ ਨਹੀਂ ਮਿਲਣੀ, ਇਸ ਲਈ ਕਿਸਾਨਾਂ ਨੂੰ ਲਗਦਾ ਹੈ ਕਿ ਜਿੰਨੀ ਕੁ ਹੋ ਸਕਦੀ ਹੈ ਉਹ ਅਪਣੇ ਤੌਰ 'ਤੇ ਹੀ ਫ਼ਸਲ ਸੰਭਾਲ ਲੈਣ।