
ਹਰਮੀਤ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਖੇਤਾਂ ਵਿਚ ਵਾਹ ਕੇ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰ ਰਿਹਾ ਹੈ।
ਜਲਾਲਾਬਾਦ (ਸੁਖਦੇਵ ਸਿੰਘ ਸੰਧੂ) : ਪੰਜਾਬ ਸਰਕਾਰ ਵਲੋਂ ਵਾਤਾਵਰਨ ਦੀ ਸੰਭਾਲ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਖੇਤ ਵਿਚ ਹੀ ਇਸ ਦੀ ਸੰਭਾਲ ਕਰਨ ਸਬੰਧੀ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰਖਿਆ ਜਾਵੇ।
ਇਧਰ ਅਗਾਂਹਵਧੂ ਕਿਸਾਨ ਹਰਮੀਤ ਸਿੰਘ ਨਿੱਜਰ ਅਪਣੀ ਸੂਝਬੂਝ ਨਾਲ ਨਾ ਸਿਰਫ਼ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾ ਰਿਹਾ ਹੈ ਬਲਕਿ ਨਾਲ ਹੀ ਅਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਕਰ ਰਿਹਾ ਹੈ ਤੇ ਪਿੰਡ ਵਾਸੀਆਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਹਰਮੀਤ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਖੇਤਾਂ ਵਿਚ ਵਾਹ ਕੇ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰ ਰਿਹਾ ਹੈ।
ਪਿੰਡ ਬਲੇਲ ਕੇ ਉਤਾੜ ਤਹਿਸੀਲ ਜਲਾਲਾਬਾਦ (ਬਲਾਕ ਗੁਰੁਹਰਸਹਾਏ) ਦੇ ਅਗਾਂਹਵਧੂ ਕਿਸਾਨ ਹਰਮੀਤ ਸਿੰਘ ਨਿੱਜਰ ਪੁੱਤਰ ਗਿਆਨ ਸਿੰਘ ਨਿੱਜਰ ਨੇ ਦਸਿਆ ਕਿ ਉਹ ਅਪਣੇ 30 ਏਕੜ ਰਕਬੇ ਵਿਚ ਪਿਛਲੇ 4 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਸਗੋਂ ਐਸ ਐਮ ਐਸ ਕੰਬਾਈਨ, ਆਰ ਐਮ ਬੀ ਪਲੌ, ਡਿਸਕ ਹੈਰੋ, ਮਲਚਰ, ਹੈਪੀ ਸੀਡਰ ਅਤੇ ਸੁਪਰ ਸੀਡਰ ਆਦਿ ਆਧੁਨਿਕ ਖੇਤੀਬਾੜੀ ਸੰਦ ਵਰਤ ਕੇ ਪਰਾਲੀ ਨੂੰ ਖੇਤਾਂ ਵਿਚ ਹੀ ਜਜ਼ਬ ਕਰ ਰਿਹਾ ਹੈ।
ਉਨ੍ਹਾਂ ਦਸਿਆ ਕਿ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਹੁੰਦੇ ਨੁਕਸਾਨਾਂ ਤੋਂ ਪ੍ਰੇਰਤ ਹੋਣ ਉਪਰੰਤ ਉਸ ਨੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦਾ ਇਰਾਦਾ ਬਣਾ ਲਿਆ ਅਤੇ ਪਿਛਲੇ ਚਾਰ ਸਾਲ ਤੋਂ ਅਪਣੇ ਖੇਤ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ।
ਕਿਸਾਨ ਹਰਮੀਤ ਸਿੰਘ ਨੇ ਦਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਦਾ ਪ੍ਰਦੂਸ਼ਿਤ ਹੁੰਦਾ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।
ਕਿਸਾਨ ਨੇ ਕਿਹਾ ਕਿ ਉਹ ਜਦੋਂ ਤੋਂ ਉਸ ਨੇ ਅਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣੀ ਬੰਦ ਕੀਤੀ ਹੈ, ਉਸ ਦੀਆਂ ਫ਼ਸਲਾਂ ਦਾ ਝਾੜ ਵੀ ਵਧ ਆਉਂਦਾ ਹੈ ਅਤੇ ਖਾਦਾਂ ਦੀ ਵਰਤੋਂ ਵੀ ਘੱਟ ਗਈ ਹੈ। ਇਸ ਕਰ ਕੇ ਉਸ ਦਾ ਖਰਚਾ ਕਾਫ਼ੀ ਘਟਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਅਪਣੀ ਫ਼ਸਲ ਦੀ ਰਹਿੰਦ ਨੂੰ ਸਾੜਨ ਦੀ ਬਜਾਏ ਖੇਤ ਵਿਚ ਹੀ ਵਹਾਉਣ ਫਿਰ ਵੇਖਣ ਕਿ ਉਨ੍ਹਾਂ ਦੀ ਫ਼ਸਲ ਦਾ ਝਾੜ ਕਿੰਨਾ ਵਧਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾਂਭ ਕੇ ਵਾਤਾਵਰਣ ਤੇ ਧਰਤੀ ਦੀ ਸੰਭਾਲ ਵਿਚ ਅਪਣਾ ਵੱਡਮੁਲਾ ਯੋਗਦਾਨ ਪਾ ਰਿਹਾ ਹੈ।