
Farmer Center Meeting: ਇਸ ਵਾਰ ਸ਼ਾਮ ਦੀ ਥਾਂ ਸਵੇਰ ਨੂੰ ਮੀਟਿੰਗ ਹੋਵੇਗੀ
ਚੰਡੀਗੜ੍ਹ (ਭੁੱਲਰ): ਸ਼ੰਭੂ ਅਤੇ ਖਨੌਰੀ ਮੋਰਚੇ ਦੇ ਆਗੂਆਂ ਦੀ 19 ਮਾਰਚ ਨੂੰ ਤੈਅ ਮਿਤੀ ਮੁਤਾਬਕ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਬਾਰੇ ਕਿਸਾਨ ਜਥੇਬੰਦੀਆਂ ਨੂੰ ਕੇਂਦਰੀ ਖੇਤੀ ਮੰਤਰਾਲੇ ਵਲੋਂ ਲਿਖਤੀ ਸੱਦਾ ਪੱਤਰ ਮਿਲ ਚੁੱਕਿਆ ਹੈ। ਵਰਨਣਯੋਗ ਗੱਲ ਹੈ ਕਿ ਇਸ ਵਾਰ ਸਵੇਰੇ 11 ਵਜੇ ਮੀਟਿੰਗ ਹੋਵੇਗੀ ਜਦਕਿ ਪਿਛਲੀਆਂ ਸਾਰੀਆਂ ਮੀਟਿੰਗਾਂ ਦੇਰ ਸ਼ਾਮ ਹੁੰਦੀਆਂ ਸਨ।
ਇਹ ਦੇਰ ਰਾਤ ਤਕ ਸਮਾਪਤ ਹੁੰਦੀਆਂ ਸਨ। ਮੀਟਿੰਗ ਦਾ ਸਥਾਨ ਵੀ ਇਸ ਵਾਰ ਪਹਿਲਾਂ ਵਾਲਾ ਸੈਕਟਰ 26 ਦਾ ਪੰਜਾਬ ਸਰਕਾਰ ਦੇ ਮਹਾਤਮਾ ਗਾਂਧੀ ਟ੍ਰੇਨਿੰਗ ਇੰਸਟੀਚਿਊਟ ਦਾ ਹੀ ਰੱਖਿਆ ਗਿਆ ਹੈ। ਮੀਟਿੰਗ ਲਈ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੇ ਮਰਨ ਵਰਤ ਉਪਰ ਬੈਠੇ ਆਗੂ
ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਦੇ ਨਾਂ ਉਪਰ ਹੀ ਭੇਜਿਆ ਗਿਆ ਹੈ। ਦੋਵੇਂ ਫ਼ੋਰਮਾਂ ਦੇ ਦੋ ਦਰਜਨ ਤੋਂ ਵੱਧ ਆਗੂ ਗੱਲਬਾਤ ਵਿਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ ਬੀਤੇ ਦਿਨ ਦੋਵੇਂ ਫ਼ੋਰਮਾਂ ਨੇ ਚੰਡੀਗੜ੍ਹ ਵਿਚ ਮੀਟਿੰਗ ਕਰ ਕੇ ਅਪਣੀ ਰਣਨੀਤੀ ’ਤੇ ਵੀ ਚਰਚਾ ਕੀਤੀ ਹੈ।
ਕਿਸਾਨ ਆਗੂ ਮੁੱਖ ਤੌਰ ’ਤੇ ਐਮ.ਐਸ.ਪੀ. ਦੇ ਗਰੰਟੀ ਕਾਨੂੰਨ ਦੀ ਮੰਗ ਪ੍ਰਵਾਨ ਕਰਵਾਉਣ ਲਈ ਹੀ ਪੂਰੀ ਤਿਆਰੀ ਨਾਲ ਗੱਲਬਾਤ ਵਿਚ ਸ਼ਾਮਲ ਹੋਣਗੇ। ਬਾਰਡਰ ਖੋਲ੍ਹਣ ਦੀ ਮੰਗ ਵੀ ਚੁੱਕੀ ਜਾਵੇਗੀ। ਇਸ ਮੀਟਿੰਗ ਵਿਚ ਕੇਂਦਰੀ ਮੰਤਰੀਆਂ ਨਾਲ ਪੰਜਾਬ ਦੇ ਕੁੱਝ ਮੰਤਰੀ ਵੀ ਸ਼ਾਮਲ ਹੋ ਰਹੇ ਹਨ।