ਕਿਨੂੰਆਂ ਦੀ ਕਟਾਈ-ਛੰਗਾਈ ਕਿਉਂ ਹੈ ਜ਼ਰੂਰੀ ? ਜਾਣਨ ਲਈ ਪੜ੍ਹੋ ਪੂਰੀ ਖ਼ਬਰ
Published : Nov 19, 2022, 5:41 pm IST
Updated : Nov 19, 2022, 7:53 pm IST
SHARE ARTICLE
kinnow cultivation
kinnow cultivation

ਪੜ੍ਹੋ ਸਾਰੀ ਵਿਧੀ

 

ਚੰਡੀਗੜ੍ਹ - ਕਿੰਨੂ ਪੰਜਾਬ ਦਾ ਮੁੱਖ ਫ਼ਲ ਹੈ ਅਤੇ ਪੰਜਾਬ ਦੀ ਖੇਤੀ ਆਰਥਿਕਤਾ ਵਿਚ ਇਸ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦੀ ਫ਼ਸਲ ਪੂਰੇ ਉੱਤਰੀ ਭਾਰਤ ਵਿਚ ਉੱਗਾਈ ਜਾਂਦੀ ਹੈ ਪਰ ਕਿੰਨੂ ਦਾ ਝਾੜ ਅਤੇ ਗੁਣਵੱਤਾ ਤੁੜਾਈ ਉਪਰੰਤ ਸੁਚੱਜੀ ਕਾਂਟ-ਛਾਂਟ ‘ਤੇ ਨਿਰਭਰ ਕਰਦਾ ਹੈ। ਬੂਟੇ ਨੂੰ ਹਵਾਦਾਰ ਅਤੇ ਰੌਸ਼ਨੀਦਾਰ ਬਣਾੳਣਾ ਹੀ ਕਾਂਟ-ਛਾਂਟ ਦਾ ਮੁੱਖ ਮਕਸਦ ਹੈ। ਕਿੰਨੂਆਂ ਦੀ ਖੇਤੀ ਹੁਣ ਵਾਲੇ ਮੌਸਮ ਵਿਚ ਬਿਹਤਰ ਹੁੰਦੀ ਹੈ ਤੇ ਅਗਲੇ ਸਾਲ਼ ਫ਼ਲ ਦੇਣ ਵਾਲੀਆਂ ਅਤੇ ਕੁੱਝ ਬੇਲੋੜੀਆਂ ਟਾਹਣੀਆਂ ਕੱਟੀਆਂ ਜਾਂਦੀਆਂ ਹਨ। 

ਕਟਾਈ-ਛੰਗਾਈ ਦੀ ਲੋੜ:- ਟਾਹਣੀਆਂ ਅਤੇ ਪੌਦੇ ਦੇ ਉੱਚਿਤ ਵਿਕਾਸ ਲਈ ਕਾਂਟ-ਛਾਂਟ ਬਹੁਤ ਜ਼ਰੂਰੀ ਹੈ। ਕਿੰਨੂ ਵਿੱਚ ਦੋ ਮੁੱਖ ਫੁਟਾਰੇ ਬਹਾਰ (ਫਰਵਰੀ-ਮਾਰਚ) ਅਤੇ ਬਰਸਾਤੀ (ਜੁਲਾਈ-ਅਗਸਤ) ਰੁੱਤ ਵਿਚ ਆਉਂਦੇ ਹਨ। ਮੌਸਮ ਅਨੁਕੂਲ ਰਹਿਣ ਤੇ ਫੁਟਾਰਾ ਤਿੰਨ ਤੋਂ ਚਾਰ ਵਾਰ ਵੀ ਆ ਸਕਦਾ ਹੈ। ਕਾਂਟ-ਛਾਂਟ ਨਾ ਕਰਨ 'ਤੇ ਬੂਟੇ ਬਹੁਤ ਸੰਘਣੇ ਹੋ ਜਾਂਦੇ ਹਨ, ਜਿਸ ਕਾਰਨ ਧੁੱਪ ਅਤੇ ਹਵਾ ਅੰਦਰ ਤੱਕ ਨਹੀਂ ਪਹੁੰਚ ਪਾਉਂਦੀ। ਇਸ ਕਾਰਨ ਬੂਟੇ ਦੀ ਅੰਦਰਲੀ ਛੱਤਰੀ ਵਿਚ ਫ਼ਲ ਨਹੀਂ ਲੱਗਦਾ। ਕਾਂਟ-ਛਾਂਟ ਨਾਲ ਕੀੜੇ ਅਤੇ ਬਿਮਾਰੀਆਂ ਦੇ ਵਾਧੇ ‘ਤੇ ਵੀ ਠੱਲ੍ਹ ਪੈਂਦੀ ਹੈ।

ਕਟਾਈ-ਛੰਗਾਈ ਦਾ ਸਹੀ ਸਮਾਂ:- ਕਿੰਨੂ ਦੇ ਬੂਟਿਆਂ ਦੀ ਕਾਂਟ-ਛਾਂਟ ਤੇਜ਼ ਵਾਧੇ ਸਮੇਂ ਨਹੀਂ ਬਲਕਿ ਸਰਦੀ ਦੇ ਅੰਤ ਜਾਂ ਬਹਾਰ ਦੀ ਸ਼ੁਰੂਆਤ ਵਿਚ ਹੀ ਕਾਂਟ-ਛਾਂਟ ਕਰਨ ਦਾ ਸਭ ਤੋਂ ਢੁੱਕਵਾਂ ਸਮਾਂ ਹੈ।
ਕਟਾਈ-ਛੰਗਾਈ ਦਾ ਢੰਗ ਅਤੇ ਤਰੀਕਾ:- 1-2 ਸਾਲ ਦੇ ਛੋਟੇ ਬੂਟਿਆਂ ਵਿੱਚ ਜੜ-ਮੁੱਢ ਤੋਂ ਨਿਕਲਣ ਵਾਲੇ ਫੁਟਾਰੇ ਨੂੰ ਲਗਾਤਾਰ ਕੱਟਦੇ-ਵੱਢਦੇ ਰਹੋ। 3-4 ਸਾਲ ਦੇ ਬੂਟਿਆਂ ਵਿੱਚ ਤਿਕੋਨੀਆਂ, ਸਿੱਧੀਆਂ ਅਤੇ ਕੰਡੇਦਾਰ ਅਤੇ ਜ਼ਮੀਨ ਨੂੰ ਛੂੰਹਦੀਆਂ ਟਾਹਣੀਆਂ ਦੀ ਕਟਾਈ ਜ਼ਰੂਰ ਕਰਨੀ ਚਾਹੀਦੀ ਹੈ। ਕਿੰਨੂ ਦੀਆਂ ਜ਼ਿਆਦਾ ਟਾਹਣੀਆਂ ਕੱਟਣ ਨਾਲ ਇਸ ਦੇ ਬੂਟਿਆਂ ਦੀ ਦਿੱਖ ਵਿਗੜ ਜਾਂਦੀ ਹੈ ਤੇ ਬਹੁਤ ਸਾਰੇ ਗੁੱਲੇ ਬਣ ਜਾਂਦੇ ਹਨ।   ਜੋ ਟਾਹਣੀ ਬੂਟੇ ਦੇ ਆਕਾਰ ਤੋਂ ਬਾਹਰ ਜਾਂ ਅਸਲੀ ਟਾਹਣੀਆਂ ਵਿੱਚੋਂ ਨਿਕਲ ਕੇ ਖੁਰਾਕ ਖਿੱਚਦੀ ਹੈ। ਉਸ ਨੂੰ ਕੱਟ ਦਿੱਤਾ ਜਾਵੇ। 

ਪੰਜ ਸਾਲ ਦੇ ਬੂਟੇ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ ਅਤੇ ਹਰ ਸਾਲ ਵਾਧਾ ਹੁੰਦਾ ਰਹਿੰਦਾ ਹੈ। ਫ਼ਲ ਹਮੇਸ਼ਾ ਇੱਕ ਸਾਲਾਂ ਟਾਹਣੀਆਂ ਉੱਤੇ ਲੱਗਦਾ ਹੈ। ਇਸ ਕਾਰਨ 5-10 ਸਾਲ ਦੇ ਬੂਟਿਆਂ ਵਿੱਚੋਂ ਬਰੀਕ ਸੋਕ, ਬਿਮਾਰ ਅਤੇ ਬੇਲੋੜੀਆਂ ਟਾਹਣੀਆਂ ਹੀ ਕੱਟੋ। ਬਿਮਾਰ ਅਤੇ ਸੁੱਕੀਆਂ ਟਾਹਣੀਆਂ ਦੇ ਕੱਟਣ ਨਾਲ ਕੈਂਕਰ ਰੋਗ ਅਤੇ ਫ਼ਲ ਦੇ ਕੇਰੇ 'ਤੇ ਠੱਲ ਪੈਂਦੀ ਹੈ। ਦਸ ਸਾਲ ਦੇ ਬੂਟਿਆਂ ਵਿੱਚ ਛੱਤਰੀ ਦਾ ਪੂਰਾ ਵਿਕਾਸ ਹੋ ਚੁੱਕਾ ਹੁੰਦਾ ਹੈ। ਵਧੇਰੇ ਸੰਘਣਤਾ ਵਾਲੇ (20’×10′) ਬਾਗਾਂ ਵਿੱਚ ਕਟਾਈ ਦਾ ਪੱਧਰ ਜ਼ਿਆਦਾ ਰੱਖੋ।  20-25 ਸਾਲ ਦੇ ਵੱਡੇ ਅਤੇ ਸੰਘਣੇ ਬਾਗਾਂ ਵਿੱਚ ਕੁਦਰਤੀ ਕਾਂਟ-ਛਾਂਟ ਤੋਂ ਇਲਾਵਾ ਧੁੱਪ ਵਾਲੇ ਪਾਸੇ ਤੋਂ 1-2 ਵੱਡੀਆਂ ਟਹਿਣੀਆਂ ਕੱਟ ਕੇ ਰੋਸ਼ਨਦਾਨ ਬਣਾਏ ਜਾ ਸਕਦੇ ਹਨ।

ਇਹਨਾਂ ਬਾਗਾਂ ਵਿੱਚ ਬੂਟੇ 10 ਸਾਲ ਤੋਂ ਬਾਅਦ ਆਪਸ ਵਿੱਚ ਮਿਲ ਜਾਂਦੇ ਹਨ ਜਿਸ ਕਾਰਨ ਕੀੜੇ ਅਤੇ ਬਿਮਾਰੀਆਂ ਦਾ ਵੀ ਵਾਧਾ ਹੁੰਦਾ ਹੈ। ਅਜਿਹੇ ਬਾਗਾਂ ਵਿੱਚੋਂ ਕੁਦਰਤੀ ਕਾਂਟ-ਛਾਂਟ ਤੋਂ ਇਲਾਵਾ ਬੂਟੇ ਦੀਆਂ ਫਸਵੀਆਂ ਟਹਿਣੀਆਂ ਦੀ ਛੰਗਾਈ 1-1.5 ਫੁੱਟ ਲ਼ੰਬਾਈ ਤੱਕ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਬੂਟੇ ਦੇ ਅੰਦਰ ਹਵਾ ਅਤੇ ਧੁੱਪ ਪਹੁੰਚ ਜਾਂਦੀ ਹੈ ਅਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟਦਾ ਹੈ ਪਰ ਇਸ ਵਿਧੀ ਦੇ ਨਾਲ ਕਟਾਈ ਤੋਂ ਅਗਲੇ ਸਾਲ ਕੱਟ ਵਾਲੇ ਹਰ ਸਿਰੇ ਤੋਂ ਬਹੁਤ ਜ਼ਿਆਦਾ ਟਾਹਣੀਆਂ ਨਿਕਲਦੀਆਂ ਹਨ ਜਿਹਨਾਂ ਵਿੱਚੋਂ, ਸਹੀ ਟਾਹਣੀ ਨੂੰ ਛੱਡ ਕੇ ਬਾਕੀ ਮੁੱਢੋਂ ਹੀ ਕੱਟ ਦੇਣੀਆਂ ਚਾਹੀਦੀਆਂ ਹਨ।

ਕਈ ਵਾਰ ਸਾਲ ਵਿੱਚ ਜ਼ਿਆਦਾ ਫ਼ਲ ਲੱਗਣ ਕਾਰਨ ਅਗਲੇ ਸਾਲ ਘੱਟ ਝਾੜ ਹੁੰਦਾ ਹੈ। ਇਸ ਚੱਕਰ ਨੂੰ ਤੋੜਨ ਲਈ ਘੱਟ ਝਾੜ ਵਾਲੇ ਸਾਲ ਵਿੱਚ ਕਟਾਈ ਜ਼ਿਆਦਾ ਕੀਤੀ ਜਾਵੇ ਤਾਂ ਕਿ ਅਗਲੇ ਸਾਲ ਫ਼ਲ ਬਹੁਤ ਜ਼ਿਆਦਾ ਦੀ ਬਜਾਏ ਸੰਤੁਲਿਤ ਮਾਤਰਾ ਵਿੱਚ ਆਏ। ਕਟਾਈ ਦੇ ਢੰਗ ਦੇ ਨਾਲ-ਨਾਲ, ਇਸ ਲਈ ਵਰਤੇ ਜਾਣ ਵਾਲੇ ਔਜ਼ਾਰਾਂ ਦੀ ਚੋਣ ਵੀ ਬਹੁਤ ਜ਼ਰੂਰੀ ਹੈ। ਟਾਹਣੀਆਂ ਨੂੰ ਕੱਟਣ ਲਈ ਛੋਟੀ ਕੈਂਚੀ, ਹੈਂਡਲ ਵਾਲੀ ਵੱਡੀ ਕੈਂਚੀ ਅਤੇ ਆਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੰਘਣੇ ਅਤੇ ਵੱਡੇ ਬਾਗਾਂ ਵਿਚ ਕਟਾਈ ਕਾਂਟ-ਛਾਂਟ ਮਸ਼ੀਨ ਰਾਹੀਂ ਵੀ ਕੀਤੀ ਜਾ ਸਕਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement