
ਕਿਸਾਨ ਆਗੂਆਂ ਨੇ ਕਿਹਾ- ਹਰ ਹਾਲ ’ਚ ਜਿੱਤਿਆ ਜਾਵੇਗਾ ਮੋਰਚਾ
ਚੰਡੀਗੜ੍ਹ: ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ਵਿਚ ਲਗਾਏ ਗਏ ਮੋਰਚੇ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚਾ ਦੀਆਂ 32 ਜਥੇਬੰਦੀਆਂ ਨੇ ਭਲਕੇ ਮੋਰਚੇ ਵਾਲੀ ਥਾਂ ’ਤੇ ਮੀਟਿੰਗ ਸੱਦੀ ਹੈ। ਇਸ ਮੀਟਿੰਗ ਦੌਰਾਨ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਮੋਰਚੇ ਨੂੰ ਢਾਹ ਨਹੀਂ ਲੱਗਣ ਦਿੱਤੀ ਜਾਵੇਗੀ। ਇਹ ਮੋਰਚਾ ਹਰ ਹਾਲ ਵਿਚ ਜਿੱਤਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਬਹੁਤ ਵੱਡਾ ਹੈ, ਇਸ ਨਾਲ ਕਈ ਬਿਮਾਰੀਆਂ ਫੈਲ ਰਹੀਆਂ ਹਨ। ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸੰਯੁਕਤ ਮੋਰਚਾ ਬਹੁਤ ਸੰਜੀਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਹੈ। ਸਰਕਾਰ ਜਿੰਨੀਆਂ ਮਰਜ਼ੀ ਚਾਲਾਂ ਚੱਲ ਲਵੇ ਉਹ ਧਰਨੇ ਤੋਂ ਜਿੱਤ ਕੇ ਹੀ ਵਾਪਸ ਮੁੜਨਗੇ। ਆਗੂਆਂ ਦਾ ਕਹਿਣਾ ਹੈ ਕਿ ਉਹ ਸ਼ਰਾਬ ਫੈਕਟਰੀ ਨੂੰ ਬੰਦ ਕਰਵਾ ਕੇ ਹੀ ਵਾਪਸ ਮੁੜਨਗੇ।
ਉਹਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਿਨਾਂ ਵਿਚ ਮੋਰਚਾ ਚੁਕਵਾਉਣ ਲਈ 100 ਦੇ ਕਰੀਬ ਗ੍ਰਿਫ਼ਤਾਰੀਆਂ ਅਤੇ 150 ਦੇ ਕਰੀਬ ਝੂਠੇ ਮੁਕੱਦਮੇ ਦਰਜ ਕੀਤੇ। ਅੱਜ ਵੀ ਕਿਸਾਨਾਂ ਉੱਤੇ ਲਾਠੀਚਾਰਜ ਹੋਇਆ। ਉਹਨਾਂ ਕਿਹਾ ਕਿ ਧਰਨਾ ਚੁਕਵਾਉਣ ਲਈ ਹਾਈ ਕੋਰਟ ਦਾ ਬਹਾਨਾ ਲਾਗਇਆ ਜਾ ਰਿਹਾ, ਜੇਕਰ ਸਰਕਾਰ ਚਾਹੁੰਦੀ ਤਾਂ ਮਸਲਾ ਪਹਿਲਾਂ ਹੀ ਹੱਲ਼ ਹੋ ਸਕਦਾ ਸੀ। ਕਿਸਾਨ ਆਗੂਆਂ ਨੇ ਗ੍ਰਿਫ਼ਤਾਰ ਪ੍ਰਦਰਸ਼ਨਕਾਰੀਆਂ ਦੀ ਤੁਰੰਤ ਰਿਹਾਈ ਦੀ ਮੰਗ ਵੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਪ੍ਰਦਰਸ਼ਕਾਰੀ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।