
ਕਣਕ ਦੀ ਖ਼ਰੀਦ ਇਸ ਸਾਲ ਹਰ ਪੱਖੋਂ ਬੇਹਤਰ ਰਹੀ : ਪੰਨੂੰ ਦਾ ਦਾਅਵਾ
ਚੰਡੀਗੜ੍ਹ, 19 ਮਈ (ਐਸ.ਐਸ. ਬਰਾੜ): ਆੜ੍ਹਤੀਆਂ ਅਤੇ ਕਿਸਾਨ ਯੂਨੀਅਨਾਂ ਦੇ ਸ਼ੰਕਿਆਂ ਦੇ ਉਲਟ ਇਸ ਸਾਲ ਪੰਜਾਬ 'ਚ ਕਣਕ ਦੀ ਖ਼ਰੀਦ ਪੂਰੀ ਤਰ੍ਹਾਂ ਨਿਰਵਿਘਨ ਹੋਈ ਅਤੇ ਕਿਸਾਨਾਂ ਨੂੰ ਮੰਡੀਆਂ 'ਚ ਰੁਲਣਾ ਵੀ ਨਹੀਂ ਪਿਆ। ਇਸ ਤਰ੍ਹਾਂ ਇਹ ਵੀ ਨੁਕਤਾਚੀਨੀ ਹੋਈ ਕਿ ਮੰਡੀਆਂ 'ਚੋਂ ਕਣਕ ਨਹੀਂ ਚੁੱਕੀ ਜਾ ਸਕੇਗੀ। ਪ੍ਰੰਤੂ ਇਨ੍ਹਾਂ ਸੱਭ ਕਿਆਸ ਅਰਾਈਆਂ ਦੇ ਉਲਟ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੋਰੋਨਾ ਬੀਮਾਰੀ ਦਾ ਸੰਕਟ ਅਤੇ ਮਜ਼ਦੂਰਾਂ ਦੀ ਘਾਟ ਦੇ ਬਾਵਜੂਦ ਕਣਕ ਦੀ ਖ਼ਰੀਦ ਬਿਨਾਂ ਕਿਸਾਨਾਂ ਦੀ ਖੱਜਲ-ਖੁਆਰੀ ਦੇ ਹੋਈ ਹੈ ਅਤੇ ਕਣਕ ਚੁੱਕਣ ਦਾ ਕੰਮ ਵੀ ਪਿਛਲੇ ਸਾਲ ਨਾਲੋਂ ਬੇਹਤਰ ਰਿਹਾ।
File photo
ਜੇਕਰ ਝੋਨੇ ਦੀ ਫ਼ਸਲ ਲਈ ਵੀ ਖ਼ਰੀਦ ਦਾ ਇਹੀ ਢੰਗ ਤਰੀਕਾ ਅਪਣਾਇਆ ਜਾਵੇ ਤਾਂ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਹੋਵੇਗੀ। ਇਸ ਸਾਲ ਕਣਕ ਦੀ ਸਰਕਾਰੀ ਖ਼ਰੀਦ 30 ਮਈ ਤਕ ਚੱਲੇਗੀ। ਜਿਥੋਂ ਤਕ ਕਣਕ ਦੇ ਝਾੜ ਅਤੇ ਉਤਪਾਦਨ ਦਾ ਸਬੰਧ ਹੈ, ਇਸ 'ਚ ਕੁੱਝ ਕਮੀ ਆਉਣ ਦੇ ਆਸਾਰ ਹਨ। ਇਸ ਸਾਲ 18 ਮਈ ਤਕ ਪੰਜਾਬ ਦੀਆਂ ਮੰਡੀਆਂ 'ਚ 1,24.05 ਲੱਖ ਟਨ ਕਣਕ ਆਈ ਅਤੇ ਲਗਭਗ ਸਾਰੀ ਹੀ ਖ਼ਰੀਦੀ ਗਈ। ਜਦਕਿ ਪਿਛਲੇ ਸਾਲ ਇਸ ਦਿਨ ਤਕ 127.80 ਲੱਖ ਟਨ ਕਣਕ ਦੀ ਖ਼ਰੀਦ ਹੋਈ ਪ੍ਰੰਤੂ ਇਸ ਸਾਲ ਝਾਂੜ ਘੱਟ ਹੋਣ ਅਤੇ ਉਤਪਾਦਨ ਘਟਣ ਕਾਰਨ, ਕਣਕ ਦੀ ਖ਼ਰੀਦ 130 ਲੱਖ ਟਨ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੇਗੀ।
ਇਸ ਮੁੱਦੇ 'ਤੇ ਜਦ ਪੰਜਾਬ ਸਰਕਾਰ ਦੇ ਖੇਤੀ ਸਕੱਤਰ ਕਾਹਨ ਸਿੰਘ ਪੰਨੂੰ ਨਾਲ ਗੱਲ ਹੋਈ ਤਾਂ ਉਨ੍ਹਾਂ ਮੰਨਿਆ ਕਿ ਤਿੰਨ ਜ਼ਿਲ੍ਹਿਆਂ ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੋਹਾਲੀ 'ਚ ਝਾੜ 'ਚ ਕੁੱਝ ਕਮੀ ਆਈ ਹੈ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ 6 ਜ਼ਿਲ੍ਹਿਆਂ 'ਚ ਕਣਕ ਦੀ ਆਮਦ ਪਿਛਲੇ ਸਾਲ ਨਾਲੋਂ ਬੇਹਤਰ ਹੈ। ਇਸ ਲਈ ਕਣਕ ਦੇ ਉਤਪਾਦਨ ਜਾਂ ਝਾੜ 'ਚ ਮਾਮੂਲੀ ਕਮੀ ਤਾਂ ਹੋ ਸਕਦੀ ਹੈ, ਜ਼ਿਆਦਾ ਫ਼ਰਕ ਨਹੀਂ ਹੋਵੇਗਾ। ਤਿੰਨ ਜ਼ਿਲ੍ਹਿਆਂ 'ਚ ਝਾੜ ਘੱਟ ਹੋਣ ਦਾ ਕਾਰਨ ਵੀ ਬੇਮੌਸਮੀ ਬਾਰਸ਼ ਹੈ।
File photo
ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਕਣਕ ਦੀ ਖ਼ਰੀਦ ਨਿਰਵਿਘਨ ਹੋਈ ਅਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਗਈ। ਉਨ੍ਹਾਂ ਦਸਿਆ ਕਿ ਮੰਡੀਆਂ 'ਚੋਂ ਕਣਕ ਚੁੱਕਣ ਦਾ ਕੰਮ ਵੀ ਬੇਹਤਰ ਚਲ ਰਿਹਾ ਹੈ। ਇਸ ਸਾਲ 18 ਮਈ ਨੂੰ 10.84 ਲੱਖ ਟਨ ਕਣਕ ਹੀ ਚੁੱਕਣ ਵਾਲੀ ਬਾਕੀ ਪਈ ਸੀ ਜਦਕਿ ਪਿਛਲੇ ਸਾਲ 15 ਦਿਨ ਪਹਿਲਾਂ ਕਣਕ ਦੀ ਖ਼ਰੀਦ ਆਰੰਭ ਕਰ ਕੇ ਵੀ 14.20 ਲੱਖ ਟਨ ਕਣਕ ਚੁੱਕਣ ਵਾਲੀ ਬਾਕੀ ਪਈ ਸੀ।
ਅਦਾਇਗੀਆਂ ਬਾਰੇ ਉੁਨ੍ਹਾਂ ਦਸਿਆ ਕਿ 21478 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ।