
ਅੱਜ ਵਰੇ ਤੇਜ਼ ਮੀਂਹ, ਗੜ੍ਹੇਮਾਰੀ ਅਤੇ ਹਨੇਰੀ ਨੇ ਜਿੱਥੇ ਖੇਤਾਂ ਵਿਚ ਲਹਿਰਾਉਂਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ, ਉਥੇ ਮੰਡੀਆਂ ਵਿਚ ਨੀਲੇ ਅਸਮਾਨ
ਚੰਡੀਗੜ੍ਹ, 20 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਵਰੇ ਤੇਜ਼ ਮੀਂਹ, ਗੜ੍ਹੇਮਾਰੀ ਅਤੇ ਹਨੇਰੀ ਨੇ ਜਿੱਥੇ ਖੇਤਾਂ ਵਿਚ ਲਹਿਰਾਉਂਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ, ਉਥੇ ਮੰਡੀਆਂ ਵਿਚ ਨੀਲੇ ਅਸਮਾਨ ਹੇਠ ਪਈ ਕਣਕ ਵੀ ਭਿੱਜ ਗਈ। ਮੰਡੀਆਂ 'ਚ ਕਣਕ ਵੇਚਣ ਆਏ ਕਿਸਾਨ ਚਿੰਤਾ ਵਿਚ ਡੁੱਬ ਗਏ, ਜਦੋਂ ਉਨ੍ਹਾਂ ਦੀ ਕਣਕ ਮੀਂਹ ਦੇ ਪਾਣੀ ਵਿਚ ਨੁਕਸਾਨੀ ਗਈ। ਇਸੇ ਤਰ੍ਹਾਂ ਇਲਾਕੇ ਦੇ ਖੇਤਾਂ ਵਿਚ ਲਹਿ ਲਹਿਰਾਉਂਦੀਆਂ ਕਣਕ ਦੀਆਂ ਫ਼ਸਲਾਂ ਵੀ ਮੀਂਹ ਦੀਆਂ ਭੇਂਟ ਚੜ੍ਹ ਗਈਆਂ। ਇਸ ਦੌਰਾਨ ਕਈ ਥਾਂ ਗੜ੍ਹੇਮਾਰੀ ਨੇ ਵੀ ਕਿਸਾਨਾਂ ਦੀ ਚਿੰਤਾ ਨੂੰ ਹੋਰ ਗੰਭੀਰ ਕਰ ਦਿਤਾ।
ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਅੱਜ ਜਿੱਥੇ ਹੱਦੋ ਵੱਧ ਮੀਂਹ ਵਰਿਆ, ਉਥੇ ਗੜ੍ਹੇਮਾਰੀ ਅਤੇ ਤੇਜ਼ ਹਨੇਰੀ ਨੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਹੁਣ ਜਿਥੇ ਕਈ ਦਿਨ ਵਾਢੀ ਔਖੀ ਹੋ ਜਾਵੇਗੀ, ਉਥੇ ਇਸ ਦੌਰਾਨ ਫ਼ਸਲਾਂ ਦਾ ਝਾੜ ਕਾਫੀ ਘੱਟ ਜਾਵੇਗਾ। ਦੂਜੇ ਪਾਸੇ ਅੱਜ ਦੇ ਤੇਜ ਮੀਂਹ ਨੇ ਕੰਬਾਈਨਾਂ ਦਾ ਚੱਕਾ ਵੀ ਰੋਕ ਦਿਤਾ। ਹੁਣ ਜਦ ਤਕ ਖੇਤਾਂ ਵਿਚ ਮੀਂਹ ਦਾ ਪਾਣੀ ਨਹੀਂ ਸੁਕਦਾ, ਕੰਬਾਈਨ ਨਹੀਂ ਚੱਲ ਸਕਦੀ। ਵਿਸਾਖ ਦੀ ਝੜੀ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਫਸਾ ਲਿਆ ਹੈ ਕਿਉਂਕਿ ਉਹ ਨਾ ਤਾਂ ਖੇਤਾਂ 'ਚ ਖੜੀ ਕਣਕ ਦੀ ਫ਼ਸਲ ਨੂੰ ਵੱਢ ਸਕਦਾ ਹੈ ਤੇ ਨਾ ਹੀ ਉਸ ਦੀ ਥੋੜ੍ਹੀ ਮੋਟੀ ਮੰਡੀਆਂ 'ਚ ਸੁਟੀ ਪਈ ਕਣਕ ਹੀ ਵਿਕ ਰਹੀ ਹੈ
File photo
ਕਿਉਂਕਿ ਜਿਸ ਵੇਲੇ ਉਹ ਘਰੋਂ ਕਣਕ ਲੈ ਕੇ ਗਿਆ ਸੀ ਉਸ ਵੇਲੇ ਉਹ ਸੁੱਕੀ ਸੀ ਪਰ ਜਦੋਂ ਮੰਡੀ 'ਚ ਢੇਰੀਆਂ 'ਤੇ ਮੀਂਹ ਪੈ ਗਿਆ ਤਾਂ ਉਸ ਦੇ ਗਿੱਲੀ ਹੋਣ ਕਾਰਨ ਉਸ ਵਿਚ ਨਮੀ ਦੀ ਮਾਤਰਾ ਵਧ ਗਈ ਹੈ। ਹੁਣ ਨਾ ਹੀ ਠੀਕ ਢੰਗ ਨਾਲ ਧੁੱਪ ਨਿਕਲ ਰਹੀ ਹੈ ਇਸ ਲਈ ਭਿੱਜੀ ਹੋਈ ਕਣਕ ਸੁੱਕ ਵੀ ਨਹੀਂ ਰਹੀ। ਅਗਰ ਇਕ-ਦੋ ਦਿਨ ਮੀਂਹ ਨਾ ਹਟਿਆ ਤਾਂ ਦਾਣੇ ਫੁੱਲਣਾ ਸ਼ੁਰੂ ਹੋ ਜਾਵੇਗਾ ਇਸ ਨਾਲ ਕਿਸਾਨਾਂ ਨੂੰ ਨਵੀਂ ਮੁਸੀਬਤ ਖੜੀ ਹੋ ਜਾਵੇਗੀ।
ਕਿਸਾਨਾਂ ਦੀ ਸਮੱਸਿਆ ਇਥੇ ਹੀ ਖ਼ਤਮ ਨਹੀਂ ਹੋਣ ਵਾਲੀ ਕਿਉਂਕਿ ਆਉਣ ਵਾਲੇ ਦਿਨ ਵੀ ਕਿਸਾਨਾਂ 'ਤੇ ਭਾਰੂ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਅਜੇ ਆਉਣ ਵਾਲੇ ਦਿਨਾਂ 'ਚ ਹੋਰ ਮੀਂਹ ਪੈਣ ਦੀ ਸੰਭਾਵਨਾ ਵੀ ਹੈ ਇਸ ਲਈ ਕਿਸਾਨ ਦੀ ਹਾਲਤ ਹੋਰ ਵੀ ਪਤਲੀ ਹੋਣੀ ਤੈਅ ਹੈ।
ਕਿਸਾਨਾਂ ਦੀ ਮੰਡੀਆਂ ਵਿਚ ਖੱਜਲ ਖੁਆਰੀ
ਚੰਡੀਗੜ੍ਹ, 20 ਅਪਰੈਲ (ਗੁਰਉਪਦੇਸ਼ ਭੁੱਲਰ): ਕੋਵਿਡ-19 ਦੀ ਸਾਰੇ ਦੇਸ ਦੀ ਤਾਲਾਬੰਦੀ ਦਾ ਫਾਇਦਾ ਉਠਾਉਂਦੇ ਹੋਏ ਹਾੜ੍ਹੀ ਦੀਆਂ ਫਸਲਾਂ ਦੀ ਲੁੱਟ-ਖਸੁੱਟ ਲਈ ਨਵ-ਉਦਾਰਵਾਦੀ ਸਰਕਾਰਾਂ ਤੇ ਵਪਾਰੀਆਂ ਨੇ ਆਪਣੇ 'ਕੋਵਿਡ-20' ਦੀਆਂ ਲਗਾਮਾਂ ਖੋਲ੍ਹ ਦਿਤੀਆਂ ਹਨ। ਇਹ ਗੱਲ ਅਖਿਲ ਭਾਰਤੀ ਕਿਸਾਨ ਸਭਾ () ਦੇ ਜਨਰਲ ਸਕੱਤਰ ਅਤੁਲ ਕੁਮਾਰ ਅਣਜਾਨ ਤੇ ਵਰਕਿੰਗ ਪ੍ਰਧਾਨ ਭੂਪਿੰਦਰ ਸਾਂਬਰ ਨੇ ਕਹੀ। ਉਨ੍ਹਾਂ ਮੰਡੀਆਂ ਵਿਚ ਕਿਸਾਨਾਂ ਦੀ ਖੱਜਲ ਖੁਆਰੀ ਰੋਕਣ ਦੀ ਮੰਗ ਕੀਤੀ ਹੈ। ਸਭਾ ਦੇ ਦਫਤਰ ਵਿਚ ਪੁੱਜਦੀਆਂ ਰਿਪੋਰਟਾਂ ਦੇ ਅਧਾਰ ਉਤੇ ਉਨ੍ਹਾਂ ਕਿਹਾ ਕਿ ਕੇੱਦਰ ਸਰਕਾਰ ਪਹਿਲਾਂ ਹੀ ਘੱਟ ਭਾਅ ਬੰਨ੍ਹ ਰਹੀ ਹੈ।
File photo
ਹੁਣ ਇਸ ਨੇ ਆਪਣੇ ਬੰਨ੍ਹੇ ਭਾਅ ਵੀ ਕਿਸਾਨਾਂ ਨੂੰ ਦੇਣਾ ਯਕੀਨੀ ਬਣਾਉਣ ਲਈ ਕੋਈ ਕਦਮ ਨਹੀਂ ਚੁੱਕੇ ਸਗੋਂ ਈ-ਮੰਡੀਆਂ ਨੂੰ ਖੁੱਲ੍ਹ ਦੇ ਦਿਤੀ ਹੈ ਕਿ ਉਹ 1925 ਰੁਪੈ ਕੁਇੰਟਲ ਤੋਂ ਘੱਟ ਕਣਕ ਦੇ ਭਾਅ ਉਤੇ ਵੀ ਕਿਸਾਨ ਦੀ ਲੁਟ ਕਰ ਸਕਦੇ ਹਨ। ਨਤੀਜੇ ਵਜੋਂ ਮਧ-ਪ੍ਰਦੇਸ਼, ਬਿਹਾਰ, ਯੂਪੀ, ਰਾਜਸਥਾਨ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਕਿਸਾਨਾਂ ਨੂੰ ਬੰਨ੍ਹੇ ਭਾਅ ਨਾਲੋਂ 5 ਤੋਂ 7 ਸੌ ਰੁਪੈ ਘਟ ਭਾਅ ਉਤੇ ਫਸਲ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੇਂਦਰ ਜਾਂ ਸਰਕਾਰ ਨੇ ਕੋਵਿਡ-19 ਦੀਆਂ ਔਕੜਾਂ ਦੇ ਮਦੇਨਜ਼ਰ ਪਿੰਡ-ਪਿੰਡ ਖਰੀਦ ਕੇੱਦਰ ਸਥਾਪਤ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ। ਅਣਜਾਨ ਅਤੇ ਸਾਂਬਰ ਨੇ ਕਿਹਾ ਕਿ ਨਵ-ਉਦਾਰਵਾਦੀ ਸਰਕਾਰਾਂ ਦੀ ਨੀਤੀ ਅਤੇ ਫਸਲ ਬੰਨ੍ਹੇ ਭਾਅ ਉਤੇ ਚੁਕਣ ਦੀ ਅਲਗਰਜ਼ੀ ਕਾਰਨ ਕਿਸਾਨਾਂ ਨੂੰ ਲੱਖਾਂ-ਕਰੋੜਾਂ ਰੁਪੈ ਦਾ ਘਾਟਾ ਪੈ ਰਿਹਾ ਹੈ।
ਕੂਪਨ ਸਿਸਟਮ ਨਾਲ ਸੰਭਵ ਨਹੀਂ ਕਣਕ ਦੀ ਖ਼ਰੀਦ : ਅਮਨ
ਚੰਡੀਗੜ੍ਹ, 20 ਅਪ੍ਰੈਲ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਮੰਡੀਆਂ 'ਚ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਹੋਰ ਚੁਸਤ ਅਤੇ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਈ ਸੁਝਾਅ ਦਿਤੇ ਹਨ ਤਾਂ ਕਿ ਕਿਸਾਨ, ਖੇਤ-ਮਜ਼ਦੂਰ, ਪੱਲੇਦਾਰ, ਆੜ੍ਹਤੀ, ਵਪਾਰੀ, ਟਰਾਂਸਪੋਰਟ ਅਤੇ ਸੰਬੰਧਿਤ ਸਰਕਾਰੀ ਅਮਲਾ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਵੀ ਬਚਿਆ ਰਹੇ ਅਤੇ ਮੰਡੀਕਰਨ, ਪ੍ਰਕਿਰਿਆ ਵੀ ਨਿਰਵਿਘਨ ਮੁਕੰਮਲ ਹੋ ਸਕੇ।
File photo
'ਆਪ' ਹੈੱਡਕੁਆਟਰ ਤੋਂ ਜਾਰੀ ਇਸ ਪੱਤਰ ਰਾਹੀਂ ਅਮਨ ਅਰੋੜਾ ਨੇ ਸਰਕਾਰ ਵਲੋਂ ਕੂਪਨ (ਪਾਸ) ਸਿਸਟਮ ਨੂੰ ਅਸਰ ਹੀਣ ਕਰਾਰ ਦਿੰਦੇ ਹੋਏ ਕਿਹਾ ਕਿ ਜਿੱਥੇ ਤਕਰੀਬਨ 135 ਲੱਖ ਮੈਟ੍ਰਿਕ ਟਨ ਕਣਕ ਹਜ਼ਾਰਾਂ ਆੜ੍ਹਤੀਆਂ ਰਾਹੀਂ ਲੱਖਾਂ ਕਿਸਾਨਾਂ ਤੋਂ ਮਹਿਜ਼ ਚੰਦ ਦਿਨਾਂ ਦੇ ਵਿੱਚ ਖ਼ਰੀਦਣੀ ਹੋਵੇ, ਉਥੇ ਐਨਾ 'ਕੇਂਦਰਿਤ ਸਿਸਟਮ' ਪ੍ਰੈਕਟੀਕਲ ਤੌਰ ਉੱਪਰ ਕਾਮਯਾਬ ਨਹੀਂ ਹੋ ਸਕਦਾ। ਅਮਨ ਅਰੋੜਾ ਨੇ ਕਿਹਾ ਕਿ ਇਸ ਪਾਸ ਸਿਸਟਮ ਨਾਲ ਇਕ ਤਾਂ ਜਿਥੇ ਕਿਸਾਨ ਅਤੇ ਆੜ੍ਹਤੀਆਂ ਦੇ ਰਿਸ਼ਤਿਆਂ ਵਿਚ ਪਾਸ ਜਾਰੀ ਕਰਨ ਨੂੰ ਲੈ ਕੇ ਖਟਾਸ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ, ਓਥੇ ਹੀ ਅਲੱਗ-ਅਲੱਗ ਅਤੇ ਵੱਧ ਗਿਣਤੀ ਕਿਸਾਨਾਂ ਨੂੰ ਹਰ ਰੋਜ਼ ਵੰਡ-ਵੰਡ ਕੇ ਪਾਸ ਹੋਣ ਨਾਲ ਸੋਸ਼ਲ ਡਿਸਟੈਂਸਿਗ' ਨਿਯਮ ਦੀਆਂ ਧੱਜੀਆਂ ਉੱਡ ਰਹੀਆਂ ਹਨ।
ਅਮਨ ਅਰੋੜਾ ਨੇ ਸੁਝਾਅ ਦਿਤੇ ਕਿ ਕਿਸਾਨਾਂ ਦੀ ਵੱਢੀ ਹੋਈ ਕਣਕ ਨੂੰ ਪਾਸ ਸਿਸਟਮ ਰਾਹੀਂ ਕਿਸਾਨਾਂ ਕੋਲ ਹੀ ਰੋਕਣ ਦੀ ਬਜਾਏ, ਉਸ ਨੂੰ ਸਾਰੀ ਫ਼ਸਲ ਨੂੰ ਇਕੱਠੇ ਲਿਆ ਕੇ ਵੱਡੇ ਫਰਸੀ ਧਰਮ ਕੰਡੇ ਉੱਪਰ ਹੀ ਮਹਿਕਮੇ ਦੇ ਇੰਸਪੈਕਟਰ ਵੱਲੋਂ ਨਮੀ ਚੈੱਕ ਕਰਨ ਉਪਰੰਤ ਟਰਾਲੀ ਅਤੇ ਕਣਕ ਦੇ ਕੁੱਲ ਵਜ਼ਨ ਵਿਚੋਂ ਉਸ ਵਿੱਚ ਮੌਜੂਦ ਸਰਕਾਰ ਵਲੋਂ ਮਨਜ਼ੂਰ ਕੀਤੇ ਔਸਤਨ ਭਾਰ ਦੀ ਕਟੌਤੀ ਕਰਕੇ ਕਿਸਾਨ ਨੂੰ ਫ਼ਾਰਗ ਕਰ ਦੇਣਾ ਚਾਹੀਦਾ ਹੈ, ਇਸ ਨਾਲ ਮੰਡੀ ਵਿੱਚ ਕਿਸਾਨਾਂ ਦਾ ਇਕੱਠ ਵੀ ਨਹੀਂ ਹੋਵੇਗਾ ਅਤੇ ਉਸ ਤੋਂ ਬਾਅਦ ਤਾਂ ਸਿਰਫ਼ ਲੇਬਰ ਅਤੇ ਆੜ੍ਹਤੀਏ ਦਾ ਕੰਮ ਰਹਿ ਜਾਵੇਗਾ, ਜੋ ਕਿ ਘੱਟ ਗਿਣਤੀ ਅਤੇ ਸਥਾਈ ਹੁੰਦੇ ਹਨ। ਇਸ ਨਿਯਮ ਨਾਲ ਸਾਰਾ ਮਸਲਾ ਹੱਲ ਹੋ ਸਕਦਾ ਹੈ ।
ਕਿਉਂਕਿ 'ਸੋਸ਼ਲ ਡਿਸਟੈਂਸਿੰਗ ਇਨਸਾਨਾਂ ਲਈ ਜ਼ਰੂਰੀ ਹੈ ਨਾ ਕਿ ਕਣਕ ਦੀਆਂ ਢੇਰੀਆਂ ਲਈ। ਇਸ ਤੋਂ ਇਲਾਵਾ ਇਹ ਵੀ ਬਦਲ ਹੈ ਕਿ ਕਿਸਾਨਾਂ ਨੂੰ ਇੱਕ-ਇੱਕ ਟਰਾਲੀ ਦੇ ਪਾਸ ਜਾਰੀ ਕਰਨ ਦੀ ਬਜਾਏ ਪਹਿਲਾਂ ਫ਼ੋਟੋ, ਫਿਰ ਉਸ ਤੋਂ ਵੱਡੇ ਅਤੇ ਫਿਰ ਸਭ ਤੋਂ ਵੱਡੇ ਕਿਸਾਨਾਂ ਦੀ ਫ਼ਸਲ ਇੱਕੋ ਵਾਰ ਲਿਆ ਕਿ ਖ਼ਰੀਦ ਕੀਤੀ ਜਾਵੇ, ਇਸ ਨਾਲ ਜਿਆਦਾ ਕਿਸਾਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਹੀ ਨਿੱਬੜ ਜਾਵੇਗਾ। ਵੱਡੇ ਕਿਸਾਨ ਤਾਂ ਕੁੱਝ ਦਿਨਾਂ ਲਈ ਆਪਣੀ ਫ਼ਸਲ ਨੂੰ ਘਰ ਵੀ ਸੰਭਾਲ ਸਕਦੇ ਹਨ ਜੋ ਕਿ ਛੋਟੇ ਕਿਸਾਨਾਂ ਲਈ ਸੰਭਵ ਨਹੀਂ ਹੈ।
ਅਮਨ ਅਰੋੜਾ ਨੇ ਅੱਗੇ ਕਿਹਾ ਕਿ ਖ਼ਰੀਦ ਦੇ ਇਸ ਸਾਰੇ ਪ੍ਰਬੰਧਾਂ ਵਿੱਚ ਲੇਬਰ ਇੱਕ ਅਹਿਮ ਕੜੀ ਹੈ ਪਰ ਜਿਸ ਤਰੀਕੇ ਨਾਲ ਸਰਕਾਰ ਨੇ ਖ਼ਰੀਦ ਸੀਜ਼ਨ ਇਸ ਵਾਰ 45 ਦਿਨ ਕਰ ਦਿੱਤਾ ਹੈ, ਉਸ ਨਾਲ ਹਰ ਲੇਬਰ ਵਾਲੇ ਵਿਅਕਤੀ ਨੂੰ ਜੋ 89000 ਰੁਪਏ ਮਹਿਜ਼ 15 ਦਿਨਾਂ ਵਿੱਚ ਹੀ ਬਣ ਜਾਂਦੇ ਸਨ, ਹੁਣ ਉਹ 45 ਦਿਨਾਂ ਵਿੱਚ ਕਰਨਗੇ ਜੋ ਕਿ ਗ਼ਰੀਬਾਂ ਨਾਲ ਨਾਇਨਸਾਫ਼ੀ ਹੈ ਜਿਸ ਦੀ ਵਜਾ ਕਰਕੇ ਮੰਡੀ ਵਿੱਚ ਲੇਬਰ ਮਿਲਣ ਦੀ ਵੀ ਦਿੱਕਤ ਆ ਰਹੀ ਹੈ, ਸੋ ਇਸ ਲਈ ਸਰਕਾਰ ਨੂੰ ਬਿਨਾਂ ਕਿਸਾਨ, ਆੜ੍ਹਤੀਏ ਆਦਿ ਤੇ ਬੋਝ ਪਾਏ ਆਪਣੇ ਵੱਲੋਂ ਲੇਬਰ ਕਰਨ ਵਾਲਿਆਂ ਨੂੰ ਸਨਮਾਨਜਨਕ ਮੁਆਵਜ਼ਾ ਦੇਣਾ ਚਾਹੀਦਾ ਹੈ।