
Lehragaga News: ਮ੍ਰਿਤਕ ਕਿਸਾਨ ਸਿਰ ਸੀ 12 ਲੱਖ ਦੇ ਕਰੀਬ ਕਰਜ਼ਾ
Lehragaga Farmer suicide News in punjabi : ਪੰਜਾਬ ਵਿਚ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਕਰਨ ਦੇ ਮਾਮਲੇ ਰੁਕਦੇ ਨਜ਼ਰ ਨਹੀਂ ਆ ਰਹੇ। ਜਿਸ ਕਾਰਨ ਹਰੇਕ ਦਿਨ ਕੋਈ ਨਾ ਕੋਈ ਕਿਸਾਨ ਜ਼ਹਿਰੀਲੀ ਦਵਾਈ ਜਾਂ ਫਾਹਾ ਲੈ ਕੇ ਖ਼ੁਦਕਸ਼ੀ ਕਰ ਰਿਹਾ ਹੈ। ਜਿਸ ਦੇ ਚਲਦਿਆਂ ਨੇੜਲੇ ਪਿੰਡ ਘੋੜੇਨਬ ਵਿਖੇ ਇੱਕ ਕਿਸਾਨ ਨੇ ਕਰਜ਼ੇ ਦਾ ਭਾਰ ਨਾ ਸਹਿਣ ਕਰਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕਸ਼ੀ ਕਰ ਲਈ ਹੈ।
ਇਸ ਸਬੰਧੀ ਥਾਣਾ ਲਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਘੋੜੇਨਬ ਦੇ ਕਿਸਾਨ ਮਲਕੀਤ ਸਿੰਘ ਪੁੱਤਰ ਸਤਵੰਤ ਸਿੰਘ ਉਮਰ 40 ਸਾਲ ਨੇ ਸਵੇਰੇ ਘਰੇ 9 ਵਜੇ ਦੇ ਕਰੀਬ ਖੇਤਾਂ ਵਿੱਚ ਸਪਰੇਅ ਕਰਨ ਵਾਲੀ ਜ਼ਹਿਰੀਲੀ ਦਵਾਈ ਮੋਨੋਕਰੋਟੋਫਾਸ ਪੀ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।
ਪਿੰਡ ਘੋੜੇਨਬ ਦੇ ਸਾਬਕਾ ਪੰਚ ਗੁਰਸੇਵਕ ਸਿੰਘ ਸੂਬੇਦਾਰ, ਆਮ ਆਦਮੀ ਪਾਰਟੀ ਦੇ ਆਗੂ ਗੁਰਪਿਆਰ ਸਿੰਘ, ਰਾਮ ਸਿੰਘ ਨੰਬਰਦਾਰ, ਭੂਸ਼ਨ ਕੁਮਾਰ ਬਿੱਲਾ, ਰਾਜੇਵਾਲ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ,ਪਾਲ ਸਿੰਘ, ਭਗਤਾ ਸਿੰਘ ਨੰਬਰਦਾਰ,ਭੋਲਾ ਸਿੰਘ, ਗੁਰਮੀਤ ਸਿੰਘ ਗਾਂਧੀ ਨੰਬਰਦਾਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਦੱਸਿਆ, ਕਿ ਮਿਰਤਕ ਮਲਕੀਤ ਸਿੰਘ ਸਿਰ 12 ਲੱਖ ਦੇ ਕਰੀਬ ਸਰਕਾਰੀ ਕਰਜ਼ਾ ਸੀ ਅਤੇ ਉਸ ਦੀ ਧੀ ਵੀ ਵਿਆਹਣ ਵਾਲੀ ਹੈ।
ਇਸ ਤੋਂ ਇਲਾਵਾ ਹੋਰ ਦੁਖਦਾਈ ਇਹ ਕਿ ਉਸ ਦੇ ਪੁੱਤਰ ਦੇ ਪੈਰ ਦਾ ਪੰਜਾ ਟਰੈਕਟਰ ਦੀਆਂ ਤਵੀਆਂ ਵਿੱਚ ਆ ਜਾਣ ਕਰਕੇ ਕੱਟਿਆ ਗਿਆ ਸੀ, ਜਿਸ ਕਾਰਨ ਉਹ ਬੇਹੱਦ ਪਰੇਸ਼ਾਨ ਰਹਿੰਦਾ ਸੀ। ਜਿਸ ਦੇ ਚਲਦਿਆਂ ਹੀ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲਹਿਰਾ ਪੁਲਿਸ ਨੇ ਮਲਕੀਤ ਸਿੰਘ ਦੀ ਪਤਨੀ ਪਰਵਿੰਦਰ ਕੌਰ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਉਪਰੋਕਤ ਆਗੂਆਂ ਨੇ ਮੰਗ ਕੀਤੀ ਹੈ, ਕਿ ਪੀੜਤ ਪਰਿਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਇਸ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ।