ਹੁਣ ਕਣਕ ਦੀ ਫ਼ਸਲ ਦੀਆਂ ਕਈ ਕਿਸਮਾਂ, ਹਰਿਆਣਾ, ਰਾਜਸਥਾਨ, ਯੂ.ਪੀ.ਮਹਾਂਰਾਸ਼ਟਰ ਆਦਿ ਵਰਗੇ ਕਈ ਹੋਰ ਰਾਜਾਂ ਵਿਚ ਵੀ ਪੈਦਾ ਹੋ ਰਹੀਆਂ ਹਨ।
ਪੰਜਾਬ ਦੇ ਕਿਸਾਨਾਂ ਵਲੋਂ ਕਣਕ ਨੂੰ ਮੁੱਖ ਫ਼ਸਲ ਵਜੋਂ ਮੰਨਿਆ ਜਾਂਦਾ ਹੈ ਕਿਉਂਕਿ ਇਹ ਫ਼ਸਲ ਕਿਸਾਨਾਂ ਦੇ ਪਸ਼ੂਆਂ ਤੋਂ ਲੈ ਕੇ ਘਰੇਲੂ ਖਾਣ ਦਾ ਕੰਮ ਆਉਂਦੀ ਹੈ ਅਤੇ ਦੁਨੀਆਂ ਭਰ ’ਚ ਕਣਕ ਤੋਂ ਬਹੁਤ ਸਾਰੇ ਉਤਪਾਦ ਬਣਾ ਕੇ ਵੇਚੇ ਜਾਂਦੇ ਹਨ। ਜਿਵੇਂ ਕਿ ਬਰੈੱਡ, ਰਸ, ਡਬਲਰੋਟੀ ਅਤੇ ਹੋਰ ਬਹੁਤ ਸਾਰੇ ਖਾਧ ਪਦਾਰਥ ਅਜਿਹੇ ਹਨ ਜਿਹੜੇ ਕਣਕ ਤੋਂ ਤਿਆਰ ਹੁੰਦੇ ਹਨ। ਹੁਣ ਕਣਕ ਦੀ ਫ਼ਸਲ ਦੀਆਂ ਕਈ ਕਿਸਮਾਂ, ਹਰਿਆਣਾ, ਰਾਜਸਥਾਨ, ਯੂ.ਪੀ.ਮਹਾਂਰਾਸ਼ਟਰ ਆਦਿ ਵਰਗੇ ਕਈ ਹੋਰ ਰਾਜਾਂ ਵਿਚ ਵੀ ਪੈਦਾ ਹੋ ਰਹੀਆਂ ਹਨ।
ਪਰ ਕਣਕ ਦੀ ਬੀਜਾਈ ਲਈ ਕਿਸਮਾਂ ਦੀ ਚੋਣ ਅਤੇ ਘੱਟ ਖ਼ਰਚ ਨਾਲ ਫ਼ਸਲ ਨੂੰ ਪਕਾਉਣ ਜਾਂ ਨਦੀਨਾਂ ਦੀ ਰੋਕਥਾਮ ਬਿਨਾਂ ਜ਼ਾਹਰਾਂ ਤੋਂ ਕਰਨ ਅਤੇ ਅਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਆਰਗੈਨਿਕ ਕਣਕ ਦੀ ਕਾਸ਼ਤ ਕਰਨ ਵਰਗੇ ਕਈ ਮਸਲੇ ਕਾਸ਼ਤਕਾਰ ਕਿਸਾਨਾਂ ਅਤੇ ਲੋਕਾਂ ਦੇ ਸਾਹਮਣੇ ਖੜੇ ਹਨ। ਹੁਣ ਕੁੱਝ ਕੁ ਪ੍ਰਵਾਰਾਂ ਕੋਲ ਐਮ.ਪੀ.ਦੀ ਬਿਨਾਂ ਖਾਦਾਂ ਤੇ ਸਪਰੇਆਂ ਵਾਲੀ ਕਣਕ ਪਹੁੰਚ ਰਹੀ ਹੈ ਜਿਸ ਨੂੰ ਉਹ ਮਹਿੰਗੇ ਭਾਅ ਖ਼ਰੀਦ ਵੀ ਰਹੇ ਹਨ ਪਰ ਪੰਜਾਬ ਦੇ ਕਿਸਾਨਾਂ ਨੂੰ ਕੋਈ ਵੀ ਅਜਿਹੀ ਖੇਤੀ ਕਰਨ ਵਲ ਪ੍ਰੇਰਿਤ ਨਹੀਂ ਕਰ ਰਿਹਾ ਕਿ ਪੰਜਾਬ ਵਿਚ ਅਪਣੇ ਅਤੇ ਗੁਆਂਢੀਆਂ ਦੀ ਜਾਂ ਅਪਣੇ ਆੜ੍ਹੀਤੀਏ ਦੀ ਲੋੜ ਪੂਰੀ ਕਰਨ ਵਾਸਤੇ 2/4 ਏਕੜ ਕਣਕ ਪੰਜਾਬ ਵਿਚ ਹੀ ਬੀਜ ਲਈ ਜਾਵੇ ਸਗੋਂ ਐਮ.ਪੀ.ਦੀ ਆਰਗੈਨਿਕ ਕਣਕ ਕਹਿ ਕੇ ਵੇਚੀ ਜਾ ਰਹੀ ਹੈ।
ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਕਣਕ ਦੀ ਬੀਜਾਈ ਤਕਰੀਬਨ ਨਵੰਬਰ ਮਹੀਨੇ ਦੀ ਪਹਿਲੇ ਹਫ਼ਤੇ ਤੋਂ ਲੈ ਕੇ ਅਖ਼ੀਰਲੇ ਹਫ਼ਤੇ ਤਕ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੋਣ ਵਾਲੀ ਕਣਕ ਦੀ ਬੀਜਾਈ ਨੂੰ ਪਛੇਤੀ ਹੀ ਮੰਨਿਆ ਜਾਦਾ ਹੈ। ਆਮ ਤੌਰ ’ਤੇ ਪਿੰਡਾਂ ਵਿਚ ਦੀਵਾਲੀ ਵਾਲੇ ਦਿਨ ਕਾਫ਼ੀ ਹੱਦ ਤਕ ਕਣਕ ਦੀ ਬੀਜਾਈ ਦਾ ਕੰਮ ਨਿਬੜ ਜਾਂਦਾ ਸੀ ਪਰ ਸਾਲ 2022 ਦੀ ਦੀਵਾਲੀ ਅਕਤੂਬਰ ਦੇ ਅਖ਼ੀਰਲੇ ਹਫ਼ਤੇ ਹੀ ਆ ਰਹੀ ਹੈ ਜਿਸ ਕਰ ਕੇ ਬੀਜਾਈ ਦੀ ਕੇਂਦਰ ਬਿੰਦੂ ਦੀਵਾਲੀ ਨੂੰ ਨਹੀ ਮੰਨਿਆ ਜਾ ਸਕਦਾ।
ਹੁਣ ਤੋਂ 4 ਦਹਾਕੇ ਪਿੱਛੇ ਵਾਲੀ ਕਣਕ ਦੀ ਬੀਜਾਈ ਅਤੇ ਮੌਜੂਦਾ ਦੌਰ ਵਾਲੀ ਬੀਜਾਈ ਵਿਚ ਜ਼ਮੀਨ/ਅਸਮਾਨ ਦਾ ਫ਼ਰਕ ਹੈ ਕਿਉਂਕਿ ਪਹਿਲਾਂ ਬਲਦਾਂ ਦੇ ਪਿੱਛੇ ਬੋਰ ਵਾਲਾ ਹਲ ਜੋੜ ਕੇ ਇਕ ਬੰਦਾ ਬੋਰ ਵਿਚੋਂ ਖਾਦ ਪਾਉਂਦਾ ਸੀ ਅਤੇ ਦੂਸਰਾ ਉਸ ਦੇ ਪਿੱਛੇ ਬਣਨ ਵਾਲੀਆਂ ਖੁੱਡਾਂ ਵਿਚ ਕਣਕ ਦਾਣੇ ਕੇਰਦਾ ਸੀ। ਇਸ ਤਰ੍ਹਾਂ ਦੀ ਬੀਜਾਈ ਨਾਲ ਇਕ ਦਿਨ ’ਚ 2/3 ਏਕੜ ਹੀ ਬੀਜੇ ਜਾਂਦੇ ਸੀ ਅਤੇ ਬਾਅਦ ਵਿਚ ਬੀਜੀ ਹੋਈ ਕਣਕ ’ਤੇ ਸੁਹਾਗੀ ਮਾਰ ਕੇ 2/3 ਦਿਨਾਂ ਬਾਅਦ ਵੱਟਾਂ ਪਾ ਕੇ ਕਣਕ ਨੂੰ ਪਾਣੀ ਦੇਣ ਦਾ ਪ੍ਰਬੰਧ ਕੀਤਾ ਜਾਂਦਾ ਸੀ। ਫਿਰ ਤਿੰਨ ਚਾਰ ਫਾਲਿਆਂ ਵਾਲੀ ਕਣਕ ਬੀਜਣੀ ਮਸ਼ੀਨ ਆ ਗਈ ਜਿਸ ਨਾਲ ਖਾਦ ਅਤੇ ਕਣਕ ਇਕੱਠੀ ਹੀ ਜ਼ਮੀਨ ’ਚ ਕੇਰ ਦਿਤੀ ਜਾਂਦੀ ਸੀ। ਹੁਣ ਮਸ਼ੀਨਰੀ ਦਾ ਯੁੱਗ ਹੋਣ ਕਰ ਕੇ ਟਰੈਕਟਰ ਪਿੱਛੇ ਕਣਕ ਬੀਜਣੀ ਡਰਿੱਲ ਪਾ ਕੇ ਇਕ ਦਿਨ ’ਚ 12/13 ਏਕੜ ਕਣਕ ਦੀ ਬੀਜਾਈ ਕੀਤੀ ਜਾ ਸਕਦੀ ਹੈ।
ਕਣਕ ਦੇ ਬੀਜ ਦਾ ਫੁਟਾਰਾ ਵੇਖਣ ਲਈ ਦੋ ਤਿੰਨ ਅਸਾਨ ਜਿਹੇ ਤਰੀਕੇ ਲੱਭੇ ਗਏ ਹਨ। ਪਹਿਲਾ ਤਰੀਕਾ ਤਾਂ ਇਹ ਹੈ ਕਿ ਜਿਹੜੀ ਕਣਕ ਦਾ ਬੀਜ ਕਿਸਾਨ ਬੀਜਣਾ ਚਾਹੁੰਦਾ ਹੈ। ਉਸ ਕਣਕ ਦੇ 100 ਕੁ ਦਾਣੇ 40 ਕਿਲੋ ਵਿਚੋਂ (ਛਾਂਟ ਕੇ ਨਹੀਂ) ਅੰਦਾਜ਼ੇ ਨਾਲ ਲੈ ਲਵੋ ਅਤੇ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਿਚ ਇਕ ਹਫ਼ਤਾ ਪਹਿਲਾਂ ਬੀਜੋ ਅਤੇ ਫਿਰ ਉਨ੍ਹਾਂ ਦੇ ਫੁਟਾਰੇ ਵਾਲੇ ਬੀਜਾਂ ਦੀ ਗਿਣਤੀ ਕਰੋ। ਜੇਕਰ 100 ਵਿਚੋਂ 95 ਬੀਜ ਉਗ ਆਏ ਹਨ ਤਾਂ ਤੁਹਾਡਾ ਕਣਕ ਦਾ ਬੀਜ ਸਫ਼ਲ ਹੈ। ਜੇਕਰ ਉਗਣ ਵਾਲੇ ਬੀਜਾਂ ਦੀ ਮਾਤਰਾ 65/70 ਹੈ ਤਾਂ ਤੁਹਾਡੇ ਕਣਕ ਦੇ ਬੀਜ ਦਾ ਫੁਟਾਰਾ ਬਹੁਤਾ ਹੋਣ ਵਾਲਾ ਨਹੀਂ। ਕਿਤੇ ਨਾ ਕਿਤੇ ਦੁਸਹਿਰਾ ਮਨਾਉਣ ਪਿਛੇ ਵੀ ਸਾਡੇ ਬਜ਼ੁਰਗਾਂ ਦੀ ਅਜਿਹੀ ਹੀ ਕਾਢ ਕੰਮ ਕਰ ਰਹੀ ਸੀ ਕਿਉਂਕਿ ਬਰਾਨੀ ਧਰਤੀ ਹੋਣ ਕਰ ਕੇ ਜੌ ਦੇ ਬੀਜਾਂ ਦਾ ਛਿੱਟਾ ਹੀ ਦਿਤਾ ਜਾਂਦਾ ਸੀ। ਥੋੜ੍ਹੀ ਜਿਹੀ ਬਰਸਾਤ ਹੋਣ ਨਾਲ ਵੀ ਬੀਜ ਵਿਚ ਤਾਕਤ ਹੋਣ ਕਰ ਕੇ ਟਿੱਬਿਆਂ ’ਚ ਫ਼ਸਲ ਹੋ ਜਾਂਦੀ ਸੀ ਪਰ ਪੰਜਾਬ ਵਿਚ ਜੌਆਂ ਦੀ ਫ਼ਸਲ ਦੀ ਕਾਸ਼ਤ ਖ਼ਤਮ ਹੋਣ ਤੋਂ ਬਾਅਦ ਵੀ ਅਸੀਂ ਦੁਸਹਿਰੇ ਦੇ ਰੂਪ ਵਿਚ ਜੌਂ ਬੀਜਣ ਦਾ ਤਜਰਬਾ ਕਰ ਰਹੇ ਹਾਂ। ਕਿਸਾਨ ਵੀਰ ਕਣਕ ਦੇ ਬੀਜ ਦੀ ਪਰਖ ਦੁਸਹਿਰੇ ਦੇ ਰੂਪ ’ਚ ਵੀ ਕਰ ਸਕਦੇ ਹਨ। ਉਨ੍ਹਾਂ ਸਮਿਆਂ ਵਿਚ ਕਣਕ ਦੀ ਫ਼ਸਲ ਕਿਤੇ ਵੀ ਨਹੀਂ ਸੀ ਸਗੋਂ ਜੌਆਂ ਦੀ ਬੀਜਾਈ ਹੁੰਦੀ ਸੀ ਜਿਸ ਕਰ ਕੇ ਦੁਸਹਿਰੇ ਦੇ ਰੂਪ ’ਚ ਜੌ ਦੇ ਬੀਜ ਦਾ ਫੁਟਾਰਾ ਵੇਖਿਆ ਜਾਂਦਾ ਸੀ।
ਖੇਤ ਵਿਚ ਕੋਈ ਵੀ ਫ਼ਸਲ ਬੀਜਣੀ ਹੋਵੇ ਤਾਂ ਸਾਲ ਵਿਚ ਇਕ ਵਾਰੀ ਮਿੱਟੀ ਪਰਖ ਜ਼ਰੂਰ ਕਰਵਾਉ ਕਿਉਂਕਿ ਮਿੱਟੀ ਪਰਖ ਕਰਵਾਉਣ ਨਾਲ ਬੇਲੋੜੀਆਂ ਖਾਦਾਂ ਅਤੇ ਹੋਰ ਤੱਤਾਂ ਨੂੰ ਜ਼ਮੀਨ ਵਿਚ ਪਾਉਣ ਤੋਂ ਬਚਾਅ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਇਕ ਤਾਂ ਪੈਸੇ ਦੀ ਬੱਚਤ ਹੁੰਦੀ ਹੈ ਦੂਸਰੀ ਜ਼ਮੀਨ ਦੀ ਸਿਹਤ ਵੀ ਬਣੀ ਰਹਿੰਦੀ ਹੈ। ਕਈ ਵਾਰ ਜ਼ਮੀਨ ਵਿਚ ਛੋਟੇ/ਵੱਡੇ ਅਜਿਹੇ ਤੱਤ ਹੁੰਦੇ ਹਨ। ਜਿਨ੍ਹਾਂ ਨੂੰ ਕਈ –ਕਈ ਸਾਲ ਤਕ ਪਾਉਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਪਰ ਅਸੀਂ ਬਿਨਾਂ ਜ਼ਰੂਰਤ ਤੋਂ ਹਰ ਸਾਲ ਦੁਕਾਨਦਾਰ ਦੇ ਕਹਿਣ ਤੇ ਪਾ ਦਿੰਦੇ ਹਾਂ।
ਇਸੇ ਤਰ੍ਹਾਂ ਹੀ ਖਾਦਾਂ ਦੀ ਗੱਲ ਆਉਂਦੀ ਹੈ ਕਈ ਵਾਰ ਝੋਨੇ ਤੋਂ ਬਾਅਦ ਕਣਕ ਜਾਂ ਕਣਕ ਤੋਂ ਬਾਅਦ ਝੋਨੇ ਦੀ ਫ਼ਸਲ ’ਚ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜੀਆਂ ਜ਼ਮੀਨਾਂ ਵਿਚ ਫਲੀਆਂ ਵਾਲੀਆਂ ਜਾਂ ਬਰਸੀਮ ਬਗ਼ੈਰਾ ਦੀ ਬੀਜਾਈ ਕੀਤੀ ਹੁੰਦੀ ਹੈ ਉਥੇ ਨਾਈਟ੍ਰੋਜਨ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਖੇਤ ਦੀ ਮਿੱਟੀ ਪਰਖ ਕਰਵਾਉਣ ਸਮੇਂ ਕਦੇ ਵੀ ਖੇਤ ਦੀਆਂ ਵੱਟਾਂ ਕੋਲੋਂ ਮਿੱਟੀ ਦੇ ਨਮੂਨੇ ਨਾ ਭਰੋ ਕਿਉਂਕਿ ਵੱਟਾਂ ਕੋਲ ਪਸ਼ੂਆਂ ਦੀ ਚਰਾਂਦ ਹੋਣ ਕਰ ਕੇ ਖਾਦ ਬਗ਼ੈਰਾ ਪਈ ਰਹਿੰਦੀ ਹੈ। ਇਸ ਕਰ ਕੇ ਮਿੱਟੀ ਦੇ ਨਮੂਨੇ ਘੱਟੋ-ਘੱਟ ਚਾਰ ਥਾਵਾਂ ਤੋਂ ਜ਼ਮੀਨ ਦੀ ਫ਼ਸਲ ਜਿੰਨੀ ਡੂੰਘਾਈ ਤੋਂ ਲਏ ਜਾਣ ਅਤੇ ਚਾਰੇ ਥਾਵਾਂ ਦੀ ਮਿੱਟੀ ਨੂੰ ਆਪਸ ਵਿਚ ਮਿਲਾ ਕੇ ਉਸ ਵਿਚੋਂ ਥੋੜ੍ਹਾ ਜਿਹੀ ਮਿੱਟੀ ਦਾ ਨਮੂਨਾ ਲੈ ਕੇ ਜਾਉ ਅਤੇ ਮਿੱਟੀ ਪਰਖ ਮੁਤਾਬਕ ਖਾਦਾਂ ਅਤੇ ਹੋਰ ਲੋੜੀਦੇ ਤੱਤਾਂ ਦੀ ਵਰਤੋ ਕਰੋ।
-ਬ੍ਰਿਜ਼ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ 9876101698