ਮੁੱਖ ਮੰਤਰੀ ਭਗਵੰਤ ਮਾਨ ਨੇ 186 ਕਰੋੜ ਦੀ ਰਾਸ਼ੀ 16 ਜ਼ਿਲ੍ਹਿਆਂ ਨੂੰ ਜਾਰੀ ਕੀਤੀ ਹੈ ਉਹ ਬਹੁਤ ਹੀ ਘੱਟ ਹੈ - ਜਗਜੀਤ ਡੱਲੇਵਾਲ
ਲੁਧਿਆਣਾ - ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੀ ਅੱਜ ਸਥਾਨਕ ਹਾਊਸਿੰਗ ਬੋਰਡ ਕਾਲੋਨੀ ਦੇ ਗੁਰਦੁਆਰਾ ਸਾਹਿਬ ਵਿਖੇ ਅਹਿਮ ਮੀਟਿੰਗ ਹੋਈ।
ਜਿਸ ਦੀ ਪ੍ਰਧਾਨਗੀ ਸੁਖਜਿੰਦਰ ਸਿੰਘ ਖੋਸਾ, ਸੁਖਦੇਵ ਸਿੰਘ ਭੋਜਰਾਜ ਅਤੇ ਕੁਲਵਿੰਦਰ ਸਿੰਘ ਪੰਜੋਲਾ ਨੇ ਕੀਤੀ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਤੋਂ ਬਾਅਦ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਕੀਤੇ ਅੱਤਿਆਚਾਰ ਨਾਲ ਜਖ਼ਮੀ ਹੋਏ ਕਿਸਾਨਾਂ ਅਤੇ ਸ਼ਹੀਦ ਹੋਏ ਕਿਸਾਨ ਪ੍ਰੀਤਮ ਸਿੰਘ ਦੇ ਪਰਵਾਰ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹਨਾਂ ਵਿਚੋਂ ਜ਼ਿਆਦਾ ਮੰਗਾਂ ਪਿਛਲੇ ਸਮੇਂ ਸਾਡੇ ਨਾਲ ਹੋਈਆਂ ਮੀਟਿੰਗਾਂ ਵਿਚ ਪੰਜਾਬ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਹਨ, ਪਰ ਬਦਨੀਤੀ ਨਾਲ ਸਰਕਾਰ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ।
ਜੇਕਰ ਲੋਕ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਕਰਦੇ ਹਨ ਤਾਂ ਉਹਨਾਂ ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। ਪੰਜਾਬ ਸਰਕਾਰ ਨੂੰ ਤਾੜਨਾਂ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੁਦਰਤੀ ਆਫ਼ਤਨ ਪ੍ਰਬੰਧ ਰਾਸ਼ੀ ਵਿਚੋਂ ਲੋਕਾਂ ਦੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕੀਤੀ ਜਾਵੇ। ਕਿਸਾਨਾਂ ਦੀ ਸਾਉਣੀ ਦੀ ਫ਼ਸਲ ਬਰਬਾਦ ਹੋ ਗਈ ਅਤੇ ਖੇਤਾਂ ਵਿਚ ਰੇਤਾ ਭਰ ਜਾਣ ਕਾਰਨ ਹਾੜੀ ਦੀ ਫ਼ਸਲ ਬੀਜ ਨਹੀਂ ਹੋਣੀਂ ਇਸ ਲਈ ਸਰਕਾਰ ਪ੍ਰਤੀ ਏਕੜ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕਰੇ ਅਤੇ ਪਿਛਲੇ ਸਮੇਂ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਨਹੀਂ ਤਾਂ 12 ਸਤੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਸਰਕਾਰ ਵਿਰੁੱਧ ਵੱਡੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ 186 ਕਰੋੜ ਦੀ ਰਾਸ਼ੀ 16 ਜ਼ਿਲ੍ਹਿਆਂ ਨੂੰ ਜਾਰੀ ਕੀਤੀ ਹੈ ਉਹ ਬਹੁਤ ਹੀ ਘੱਟ ਹੈ ਜਦਕਿ ਸਰਕਾਰ ਨੂੰ ਵੱਡੀ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ ਉਹ ਦੁਬਾਰਾ ਉੱਠ ਸਕਣ।