
ਪਰਾਲੀ ਦਾ ਹਲ ਗੈਸ ਅਤੇ ਬਿਜਲੀ ਬਣਾਉਣ ਦੇ ਪਲਾਂਟ, ਹਰ ਬਲਾਕ ਵਿਚ ਦੋ ਪਲਾਂਟ ਲੱਗਣ : ਲੱਖੋਵਾਲ
ਚੰਡੀਗੜ੍ਹ (ਐਸ.ਐਸ ਬਰਾੜ) : ਪ੍ਰਾਈਵੇਟ ਕੰਪਨੀਆਂ ਵਲੋਂ ਪਿਛਲੇ ਸਾਲ ਦੇ ਸਤਾਏ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾਉਣ ਤੋਂ ਮੂੰਹ ਮੋੜ ਲਿਆ ਅਤੇ ਧੜਲੇ ਨਾਲ ਮਾਲਵੇ ਅਤੇ ਦੁਆਬੇ ਵਿਚ ਪਰਾਲੀ ਨੂੰ ਅੱਗਾਂ ਲਗਾਈਆਂ ਜਾ ਰਹੀਆਂ ਹਨ। ਪਿਛਲੇ ਸਾਲ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਕੰਪਨੀਆਂ ਤੋਂ ਇਕ ਹਜ਼ਾਰ ਰੁਪਏ ਪ੍ਰਤੀ ਏਕੜ ਦੀ ਰਕਮ ਦੇ ਕੇ ਗੰਢਾਂ ਬਣਾਈਆਂ। ਕੰਪਨੀਆਂ ਦੇ ਕਰਿੰਦਿਆਂ ਨੇ ਰਕਮ ਲੈ ਕੇ ਗੰਢਾਂ ਤਾਂ ਬਣਾ ਦਿਤੀਆਂ
Straw
ਪਰ ਉਸ ਤੋਂ ਬਾਅਦ ਖੇਤਾਂ ਵਿਚ ਪਈਆਂ ਗੰਢਾਂ ਨਾ ਚੁੱਕੀਆਂ ਗਈਆਂ। ਇਸ ਚੱਕਰ ਵਿਚ 20 ਤੋਂ 30 ਦਿਨਾਂ ਵਿਚ ਵੀ ਖੇਤਾਂ ਵਿਚੋਂ ਗੰਢਾਂ ਨਾ ਚੁੱਕੀਆਂ ਗਈਆਂ ਤਾਂ ਅਖੀਰ ਕਿਸਾਨਾਂ ਨੇ ਟਰੈਕਟਰਾਂ ਨਾਲ ਗੰਢਾ ਖੇਤਾਂ ਵਿਚੋਂ ਬਾਹਰ ਕੱਢੀਆਂ ਅਤੇ ਫਿਰ ਅੱਗ ਲਗਾਈ। ਕੰਪਨੀਆਂ ਦੀ ਲਾਪਰਵਾਹੀ ਕਾਰਨ ਕਈ ਕਿਸਾਨਾਂ ਦੀ ਕਣਕ ਦੀ ਬਿਜਾਈ ਵੀ ਲੇਟ ਹੋ ਗਈ।
Straw
ਪਿਛਲੇ ਸਾਲ ਮਸ਼ੀਨਾਂ ਨਾਲ ਗੰਢਾ ਬਣਾਉਣ ਦਾ ਕਿਸਾਨਾਂ ਵਿਚ ਇਤਨਾ ਉਤਸ਼ਾਹ ਸੀ ਕਿ ਸਾਰੇ ਪਾਸੇ ਖੇਤਾਂ ਵਿਚ ਬੰਨੀਆਂ ਪਈਆਂ ਗੰਢਾਂ ਹੀ ਗੰਢਾਂ ਨਜ਼ਰ ਆ ਰਹੀਆਂ ਸਨ। ਇਹ ਗੰਢਾਂ ਝੋਨੇ ਦੀ ਪਰਾਲੀ ਤੋਂ ਬਿਜਲੀ ਬਦਾਉਣ ਵਾਲੇ ਪਲਾਂਟਾਂ ਨੂੰ ਸਪਲਾਈ ਹੁੰਦੀਆਂ ਸਨ। ਬਿਜਲੀ ਬਣਾਉਣ ਦੇ ਬਹੁਤ ਹੀ ਘਟ ਪਲਾਂਟ ਹੋਣ ਕਾਰਨ ਪਰਾਲੀ ਦੀ ਮੰਗ ਬਿਲਕੁਲ ਨਿਗੂਣੀ ਹੈ। ਇਸੀ ਕਾਰਨ ਕੰਪਨੀਆਂ ਕਿਸਾਨਾਂ ਨੂੰ ਪਰਾਲੀ ਦੀ ਕੀਮਤ ਦੇਣ ਦੀ ਬਜਾਏ ਕਿਸਾਨਾਂ ਤੋਂ ਰਕਮ ਵਸੂਲਦੀਆਂ ਹਨ।
Harinder singh lakhowal
ਰਕਮ ਵਸੂਲ ਕੇ ਵੀ ਖੇਤਾਂ ਵਿਚੋਂ ਗੰਢਾਂ ਨਾ ਚੁੱਕੀਆਂ ਗਈਆਂ। ਪਰਾਲੀ ਤੋਂ ਬਿਜਲੀ ਅਤੇ ਗੈਸ ਬਣਾਉਣ ਦੀ ਤਕਨੀਕ ਬਹੁਤ ਹੀ ਲਾਹੇਵੰਦ ਅਤੇ ਪੰਜਾਬ ਲਈ ਢੁਕਵੀਂ ਹੈ। ਕਿਸਾਨਾਂ ਨੇ ਉਤਸ਼ਾਹ ਵੀ ਵਿਖਾਇਆ ਪਰ ਕੰਪਨੀਆਂ ਦੀ ਢਿਲ ਕਾਰਨ ਕਿਸਾਨਾਂ ਨੇ ਫਿਰ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿਤੀ। ਇਸ ਮੁੱਕੇ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲਖੋਵਾਲ ਨਾਲ ਗਲ ਹੋਈ ਤਾਂ ਉਨ੍ਹਾਂ ਦਸਿਆ ਕਿ ਪਰਾਲੀ ਤੋਂ ਬਿਜਲੀ ਅਤੇ ਗੈਸ ਬਣਾਉਣ ਦੀ ਤਕਨੀਕ ਬਹੁਤ ਹੀ ਵਧੀਆ ਅਤੇ ਆਰਥਕ ਪਖੋਂ ਵੀ ਕੰਪਨੀਆਂ ਲਈ ਢੁਕਵੀ ਅਤੇ ਲਾਹੇਵੰਦ ਹੈ ਪਰ ਇਸ ਲਈ ਬਹੁਤ ਹੀ ਘਟ ਪਲਾਂਟ ਲੱਗੇ ਹਨ।
Straw
ਇਸੀ ਕਾਰਨ ਮਸ਼ੀਨਾਂ ਨਾਲ ਗੰਢਾਂ ਬਣਾਉਣ ਵਾਲੇ ਕਈ ਲੋਕ ਗੰਢਾਂ ਖੇਤਾਂ ਵਿਚੋਂ ਚੁਕਦੇ ਹੀ ਨਹੀਂ। ਪਰਾਲੀ ਦੇ ਮਸਲੇ ਦੇ ਹਲ ਲਈ ਬਿਜਲੀ ਅਤੇ ਗੈਸ ਬਣਾਉਣ ਵਾਲੇ ਪਲਾਂਟ ਵੱਡੀ ਸੰਖਿਆ ਵਿਚ ਲਾਏ ਜਾਣੇ ਚਾਹੀਦੇ ਹਨ। ਉਨ੍ਹਾਂ ਦਸਿਆ ਕਿ ਇਕ ਹੈਕਟੇਅਰ ਵਿਚੋਂ ਲਗਭਗ 20 ਕੁਇੰਟਲ ਪਰਾਲੀ ਨਿਕਲਦੀ ਹੈ। ਇਸ ਸਾਲ ਮੋਟੇ ਝੋਨੇ ਦੀ ਬਿਜਾਈ 10 ਲੱਖ ਹੈਕਟੇਅਰ ਤੋਂ ਉਪਰ ਹੈ। 7 ਲੱਖ ਹੈਕਟੇਅਰ ਦੇ ਨੇੜੇ ਬਾਸਮਤੀ ਹੈ।
ਬਾਸਮਤੀ ਦੀ ਪਰਾਲੀ ਤਾਂ ਡੰਗਰਾਂ ਲਈ ਚਾਰੇ ਦੇ ਤੌਰ 'ਤੇ ਵਰਤੀ ਜਾ ਸਕਦੀ ਹੈ ਪਰ ਮੋਟੇ ਝੋਨੇ ਦੀ ਪਰਾਲੀ ਚਾਰੇ ਦੇ ਕੰਮ ਨਹੀਂ ਆਉਂਦੀ ਅਤੇ ਇਸ ਤੋਂ ਬਿਜਲੀ ਅਤੇ ਗੈਸ ਬਣ ਸਕਦੀ ਹੈ। ਬਿਜਲੀ ਬਣਾਉਣ ਜਾਂ ਗੈਸ ਬਣਾਉਣ ਦੇ ਘਟੋ ਘਟ ਇਕ ਜਾਂ ਦੋ ਪਲਾਂਟ ਹਰ ਬਲਾਕ ਵਿਚ ਲਗਣ ਤਾਂ ਪਰਾਲੀ ਦੀ ਸਮੱਸਿਆ ਹਲ ਹੋ ਸਕਦੀ ਹੈ।
Captain Amarinder Singh
ਬੇਸ਼ਕ ਪੰਜਾਬ ਸਰਕਾਰ ਨੇ ਪਰਾਲੀ ਨੂੰ ਖੇਤਾਂ ਵਿਚ ਹੀ ਖਪਤ ਕਰਨ ਲਈ ਕਈ ਮਸ਼ੀਨਾਂ ਸਬਸਿਡੀ ਉਪਰ ਦਿਤੀਆਂ ਹਨ। ਸੱਭ ਤੋਂ ਵਧੀਆ ਮਸ਼ੀਨ ਸੁਪਰ ਸੀਡਰ ਮੰਨੀ ਜਾ ਰਹੀ ਹੈ। ਇਕ ਤਾਂ ਇਸ ਦੀ ਕੀਮਤ 2 ਲੱਖ 20 ਹਜ਼ਾਰ ਦੇ ਨੇੜੇ ਹੈ ਅਤੇ ਇਸ ਉਪਰ ਸਬਸਿਡੀ 50 ਫ਼ੀ ਸਦੀ ਮਿਲਦੀ ਹੈ। ਇਸ ਦੀ ਵਰਤੋਂ ਸਾਲ ਵਿਚ ਤਿੰਨ ਜਾਂ ਚਾਰ ਹਫ਼ਤੇ ਹੀ ਹੁੰਦੀ ਹੈ।
straw
ਇਕ ਮਸ਼ੀਨ ਮੁਸ਼ਕਲ ਨਾਲ ਇਕ ਦਿਨ ਵਿਚ 5 ਤੋਂ 6 ਏਕੜ ਤਕ ਪਰਾਲੀ ਵਾਲੇ ਖੇਤਾਂ ਵਿਚ ਬਿਜਾਈ ਕਰਦੀ ਹੈ। ਇਸ ਤਰ੍ਹਾਂ ਹਰ ਪਿੰਡ ਵਿਚ ਘਟੋ ਘਟ 8 ਤੋਂ 10 ਮਸ਼ੀਨਾਂ ਹੋਣ ਤਾਂ ਹੀ ਪਰਾਲੀ ਦਾ ਮਸਲਾ ਹਲ ਹੋ ਸਕਦਾ ਹੈ। ਦੂਸਰਾ ਇਸ ਮਸ਼ੀਨ ਨੂੰ ਖਿਚਣ ਲਈ ਵੱਡੇ ਟਰੈਕਟਰ ਦੀ ਲੋੜ ਹੁੰਦੀ ਹੈ ਜਦਿਕਿ 95 ਫ਼ੀ ਸਦੀ ਕਿਸਾਨਾਂ ਕੋਲ ਛੋਟੇ ਟਰੈਕਟਰ ਹਨ ਅਤੇ ਉਹ ਇਸ ਦਾ ਲਾਭ ਹੀ ਨਹੀਂ ਲੈ ਸਕਦੇ। ਇਹੀ ਕਾਰਨ ਹੈ ਕਿ ਸੁਪਰ ਸੀਡਰ ਦੀ ਵਰਤੋਂ ਵੀ ਬਹੁਤ ਘਟ ਹੋ ਰਹੀ ਹੈ।