
ਰੇਲਵੇ ਅਧਿਕਾਰੀਆਂ ਨੇ ਦਸਿਆ ਕਿ ਅੰਦੋਲਨ ਕਾਰਨ ਹੁਣ ਤਕ 13 ਰੇਲ ਗੱਡੀਆਂ ਦੇ ਰਸਤੇ ਬਦਲ ਦਿਤੇ ਗਏ ਹਨ
ਜੰਮੂ : ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨਾਂ ਦੇ ‘ਰੇਲ ਰੋਕੋ’ ਅੰਦੋਲਨ ਕਾਰਨ ਜੰਮੂ ਅਤੇ ਕਟੜਾ ਰੇਲਵੇ ਸਟੇਸ਼ਨਾਂ ’ਤੇ ਸ਼ਰਧਾਲੂਆਂ ਸਮੇਤ ਵੱਡੀ ਗਿਣਤੀ ਵਿਚ ਮੁਸਾਫ਼ਰ ਫਸੇ ਹੋਏ ਹਨ ਅਤੇ 7 ਰੇਲ ਗੱਡੀਆਂ ਨੂੰ ਰੱਦ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ 13 ਰੇਲ ਗੱਡੀਆਂ ਦਾ ਰਸਤਾ ਬਦਲ ਦਿਤਾ ਗਿਆ ਹੈ। ਕਈ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਹਾਲ ਹੀ ’ਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਆਰਥਕ ਪੈਕੇਜ, ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਵੀਰਵਾਰ ਤੋਂ ਅਪਣਾ ਤਿੰਨ ਦਿਨਾਂ ਅੰਦੋਲਨ ਸ਼ੁਰੂ ਕੀਤਾ ਹੈ।
ਪ੍ਰਦਰਸ਼ਨ ਹੇਠ ਕਿਸਾਨ ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਤਰਨਤਾਰਨ, ਸੰਗਰੂਰ, ਪਟਿਆਲਾ, ਫਿਰੋਜ਼ਪੁਰ, ਬਠਿੰਡਾ ਅਤੇ ਅੰਮ੍ਰਿਤਸਰ ਸਮੇਤ ਕਈ ਥਾਵਾਂ ’ਤੇ ਰੇਲ ਪਟੜੀਆਂ ’ਤੇ ਬੈਠੇ ਹਨ। ਸੀਨੀਅਰ ਰੇਲਵੇ ਅਧਿਕਾਰੀ ਪ੍ਰਤੀਕ ਸ਼੍ਰੀਵਾਸਤਵ ਨੇ ਕਿਹਾ, ‘‘ਅੰਦੋਲਨ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਤ ਹੋਈਆਂ ਹਨ, ਪਰ 60 ਤੋਂ 70 ਫ਼ੀ ਸਦੀ ਰੇਲਗੱਡੀਆਂ ਨੂੰ ਵੱਖਰੇ ਰੂਟ ਤੋਂ ਭੇਜਿਆ ਜਾ ਰਿਹਾ ਹੈ। ਅਧਿਕਾਰੀਆਂ ਨੂੰ ਰੇਲ ਆਵਾਜਾਈ ਦੀ ਨਿਗਰਾਨੀ ਕਰਨ ਅਤੇ ਯਾਤਰੀਆਂ ਨੂੰ ਘੱਟੋ-ਘੱਟ ਅਸਹੂਲਤ ਯਕੀਨੀ ਬਣਾਉਣ ਲਈ 24 ਘੰਟੇ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ।’’
ਰੇਲਵੇ ਅਧਿਕਾਰੀਆਂ ਨੇ ਦਸਿਆ ਕਿ ਅੰਦੋਲਨ ਕਾਰਨ ਹੁਣ ਤਕ 13 ਰੇਲ ਗੱਡੀਆਂ ਦੇ ਰਸਤੇ ਬਦਲ ਦਿਤੇ ਗਏ ਹਨ ਅਤੇ ਸੱਤ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ। ਸ੍ਰੀਵਾਸਤਵ ਨੇ ਕਿਹਾ ਕਿ ਅੰਦੋਲਨ ਦਾ ਸਿੱਧਾ ਅਸਰ ਅੰਬਾਲਾ ਅਤੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ’ਤੇ ਪਿਆ ਹੈ। ਉਨ੍ਹਾਂ ਕਿਹਾ, ‘‘ਇਥੋਂ ਰੇਲਗੱਡੀਆਂ ਦਾ ਇਥੋਂ ਨਕੋਦਰ ਖੇਤਰ (ਪੰਜਾਬ ’ਚ) ਹੁੰਦੇ ਹੋਏ ਰਾਹ ਬਦਲ ਦਿਤਾ ਗਿਆ ਹੈ। ਜਲੰਧਰ ਸਭ ਤੋਂ ਵੱਧ ਪ੍ਰਭਾਵਤ ਇਲਾਕਾ ਹੈ। ਕਟੜਾ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਨੂੰ ਰੱਦ ਕਰ ਦਿਤਾ ਗਿਆ ਹੈ। ਸ਼ਿਵਸ਼ਕਤੀ ਰੇਲ ਗੱਡੀ ਨੂੰ ਵੀ ਰੱਦ ਕਰ ਦਿਤਾ ਗਿਆ ਹੈ।’’
ਅਧਿਕਾਰੀ ਨੇ ਦਸਿਆ ਕਿ ਕਟੜਾ ਸਟੇਸ਼ਨ ’ਤੇ ਰੋਜ਼ਾਨਾ 15,000 ਤੋਂ 20,000 ਲੋਕ ਪਹੁੰਚਦੇ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ’ਚੋਂ 70 ਫੀ ਸਦੀ ਸ਼ਰਧਾਲੂ ਹੁੰਦੇ ਹਨ। ਅੰਦੋਲਨ ਕਾਰਨ ਕੁਝ ਰੇਲ ਗੱਡੀਆਂ ਪ੍ਰਭਾਵਤ ਹੋਈਆਂ ਹਨ ਅਤੇ ਜ਼ਿਆਦਾਤਰ ਰੇਲ ਗੱਡੀਆਂ ਦਾ ਰਾਹ ਬਦਲਿਆ ਜਾ ਰਿਹਾ ਹੈ।’’ ਜੰਮੂ ਅਤੇ ਕਟੜਾ ਰੇਲਵੇ ਸਟੇਸ਼ਨਾਂ ’ਤੇ ਫਸੇ ਮੁਸਾਫ਼ਰਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਨ੍ਹਾਂ ਨੂੰ ਰੇਲ ਗੱਡੀਆਂ ਦੇ ਰੱਦ ਹੋਣ ਅਤੇ ਮੋੜਨ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੋਰਖਪੁਰ ਦੇ ਅਰਵਿੰਦ ਕੁਮਾਰ ਨੇ ਕਿਹਾ, ‘‘ਅਸੀਂ ਰੇਲਵੇ ਸਟੇਸ਼ਨ ’ਤੇ ਫਸੇ ਹੋਏ ਹਾਂ। ਸਾਨੂੰ ਨਹੀਂ ਪਤਾ ਕਿ ਕੀ ਕਰਨਾ ਹੈ। ਅਸੀਂ ਘਰ ਪਹੁੰਚਣਾ ਹੈ। ਪਰ ਹੁਣ ਉਹ ਕਹਿ ਰਹੇ ਹਨ ਕਿ ਟਰੇਨਾਂ ਦਾ ਰੂਟ ਬਦਲਿਆ ਜਾਵੇਗਾ। ਇਹ ਸਾਡੇ ਲਈ ਸਮੱਸਿਆਵਾਂ ਪੈਦਾ ਕਰ ਰਿਹਾ ਹੈ।’’ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਘਰ ਪਰਤ ਰਹੇ ਛੱਤੀਸਗੜ੍ਹ ਦੇ ਬਿਹਾਰੀ ਲਾਲ ਰੇਲਵੇ ਸਟੇਸ਼ਨ ’ਤੇ ਫਸੇ ਹੋਏ ਹਨ। ਲਾਲ ਨੇ ਕਿਹਾ, ‘‘ਰੇਲ ਗੱਡੀ ਦੇ ਰੱਦ ਹੋਣ ਤੋਂ ਬਾਅਦ ਅਸੀਂ ਕੱਲ੍ਹ ਤੋਂ ਇੱਥੇ ਫਸੇ ਹੋਏ ਹਾਂ। ਸਾਨੂੰ ਨਹੀਂ ਪਤਾ ਕਿ ਕੀ ਕਰਨਾ ਹੈ। ਸਾਡੀਆਂ ਮੁਸ਼ਕਲਾਂ ਨੂੰ ਕੋਈ ਨਹੀਂ ਸੁਣ ਰਿਹਾ। ਸਾਡੇ ਗਰੁੱਪ ’ਚ ਬੱਚੇ ਸਮੇਤ ਅੱਠ ਲੋਕ ਹਨ।’’
ਅਹਿਮਦਾਬਾਦ ਦਾ ਸੂਰਜ ਸਿੰਘ 11 ਲੋਕਾਂ ਨਾਲ ਕਸ਼ਮੀਰ ਦੀ ਯਾਤਰਾ ਤੋਂ ਬਾਅਦ ਘਰ ਪਰਤ ਰਿਹਾ ਸੀ ਅਤੇ ਘਰ ਜਾਣ ਲਈ ਰੇਲ ਗੱਡੀ ਫੜਨੀ ਪਈ। ਸੂਰਜ ਸਿੰਘ ਨੂੰ ਦਸਿਆ ਗਿਆ ਕਿ ਉਸ ਦੀ ਰੇਲਗੱਡੀ ਰੱਦ ਕਰ ਦਿਤੀ ਗਈ ਹੈ। ਉਸ ਨੇ ਕਿਹਾ, ‘‘ਉਨ੍ਹਾਂ ਨੇ ਸਾਨੂੰ ਕੱਲ੍ਹ ਆਉਣ ਲਈ ਕਿਹਾ ਹੈ। ਅਸੀਂ ਕਿੱਥੇ ਰਹਾਂਗੇ? ਇਕ ਹੋਟਲ ’ਚ ਠਹਿਰਨ ਦਾ ਖਰਚਾ 10,000 ਤੋਂ 15,000 ਰੁਪਏ ਹੈ। ਟੈਕਸੀ ਡਰਾਈਵਰ ਦਿੱਲੀ ਜਾਣ ਲਈ 35,000 ਰੁਪਏ ਦੀ ਮੰਗ ਕਰ ਰਹੇ ਹਨ।