
ਇਸ ਨੂੰ ਆਈਸ ਐਪਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ
ਖੇਤੀ ਵਿਚ ਵੱਧ ਮੁਨਾਫ਼ਾ ਕਮਾਉਣ ਲਈ ਕਿਸਾਨ ਵੱਖ-ਵੱਖ ਫ਼ਸਲਾਂ ਦੀ ਖੇਤੀ ਵਲ ਰੁਖ਼ ਕਰ ਰਹੇ ਹਨ। ਟਾੜਗੋਲਾ ਵੀ ਇਨ੍ਹਾਂ ਫ਼ਸਲਾਂ ਵਿਚੋਂ ਇਕ ਹੈ। ਬਰਫ਼ ਵਰਗਾ ਦਿਖਣ ਵਾਲਾ ਇਹ ਫਲ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਆਈਸ ਐਪਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਮ ਤੌਰ ’ਤੇ ਇਸ ਦੀ ਖੇਤੀ ਕਿਸੇ ਵੀ ਕਿਸਮ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ। ਹਾਲਾਂਕਿ ਜੈਵਿਕ ਪਦਾਰਥਾਂ ਨਾਲ ਭਰਪੂਰ ਸੁੱਕੀ ਡੂੰਘੀ ਦੋਮਟ ਤੇ ਕਾਰਬਨਿਕ ਪਦਾਰਥਾਂ ਨਾਲ ਭਰਪੂਰ ਮਿੱਟੀ ਇਸ ਲਈ ਸੱਭ ਤੋਂ ਅਨੁਕੂਲ ਮੰਨੀ ਜਾਂਦੀ ਹੈ।
ਕਿਸਾਨਾਂ ਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਟਾੜਗੋਲਾ ਦੀ ਖੇਤੀ ਕਰਦੇ ਸਮੇਂ ਤੱਟਵਰਤੀ ਰੇਤਲੀ ਮਿੱਟੀ ਦੀ ਚੋਣ ਨਾ ਕਰੋ। ਇਸ ਦਾ ਪੌਦਾ 33 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਵਿਚ ਚੰਗੀ ਤਰ੍ਹਾਂ ਵਧਦਾ ਹੈ। ਇਸ ਦੌਰਾਨ ਚੰਗੀ ਬਾਰਸ਼ ਦੀ ਲੋੜ ਹੁੰਦੀ ਹੈ। ਇਸ ਲਈ ਜੁਲਾਈ-ਅਗੱਸਤ ਦਾ ਮਹੀਨਾ ਇਸ ਰੁੱਖ ਦੀ ਖੇਤੀ ਲਈ ਸੱਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਮਹਾਰਾਸ਼ਟਰ, ਤਾਮਿਲਨਾਡੂ ਤੇ ਉੜੀਸਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਕਿਸਾਨ ਟਾੜਗੋਲਾ ਉਗਾ ਕੇ ਚੰਗੀ ਆਮਦਨ ਕਮਾ ਰਹੇ ਹਨ। ਇਸ ਦੀ ਖੇਤੀ ਭਾਰਤ ਦੇ ਕਈ ਹੋਰ ਸੂਬਿਆਂ ਵਿਚ ਵੀ ਦੇਖੀ ਜਾ ਸਕਦੀ ਹੈ। ਪਰ ਇਨ੍ਹਾਂ ਸੂਬਿਆਂ ਦੇ ਕਿਸਾਨ ਇਸ ਦੀ ਵਪਾਰਕ ਵਰਤੋਂ ਕਰਦੇ ਨਜ਼ਰ ਨਹੀਂ ਆ ਰਹੇ। ਮਾਹਰਾਂ ਅਨੁਸਾਰ ਟਾੜਗੋਲਾ ਦੀ ਖੇਤੀ ਕਰ ਕੇ ਕਿਸਾਨ ਬੰਪਰ ਮੁਨਾਫ਼ਾ ਕਮਾ ਸਕਦੇ ਹਨ। ਇਹੀ ਕਾਰਨ ਹੈ ਕਿ ਸਰਕਾਰ ਵਲੋਂ ਵੀ ਕਿਸਾਨਾਂ ਨੂੰ ਇਸ ਦੀ ਖੇਤੀ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਟਾੜਗੋਲਾ ਵਿਚ ਕੈਲੋਰੀ, ਫ਼ੈਟ, ਸੋਡੀਅਮ, ਕਾਰਬੋਹਾਈਡਰੇਟ, ਫ਼ਾਈਬਰ, ਸ਼ੂਗਰ, ਪ੍ਰੋਟੀਨ, ਪੋਟਾਸ਼ੀਅਮ, ਕਾਪਰ, ਵਿਟਾਮਿਨ-ਬੀ6 ਅਤੇ ਜ਼ਿੰਕ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਇਹ ਸਰੀਰ ਵਿਚ ਖ਼ੂਨ ਨੂੰ ਸਾਫ਼ ਰੱਖਣ ਵਿਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਇਸ ਦੇ ਫਲ ਦਾ ਸੇਵਨ ਪਾਚਨ ਤੇ ਬੁਖ਼ਾਰ ਵਿਚ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।