ਕਿਸਾਨ ਵਲੋਂ ਪੈਦਾ ਕੀਤੇ ਉਤਪਾਦਾਂ ਨੂੰ ਮਿਲਿਆ ਭਰਵਾਂ ਹੁੰਗਾਰਾ, ਹੁਣ 20 ਰੁਪਏ ਦਾ ਵਿਕਦਾ ਹੈ ਇਕ ਆਂਡਾ
ਰਵਾਇਤੀ ਖੇਤੀ ਦੇ ਨਾਲ-ਨਾਲ ਮਨਵੀਰ ਸਿੰਘ ਨੇ ਅਪਣਾਏ ਅਨੇਕਾਂ ਸਹਾਇਕ ਧੰਦੇ
ਕਿਹਾ, ਆਮਦਨ ’ਤੇ ਨਹੀਂ ਸਗੋਂ ਕੰਮ ’ਤੇ ਕੇਂਦਰਿਤ ਰਹਿ ਕੇ ਕੀਤੀ ਮਿਹਨਤ ਦਾ ਮੁੱਲ ਜ਼ਰੂਰ ਮਿਲਦੈ
ਐਸ.ਏ.ਐਸ. ਨਗਰ, 2 ਜੂਨ (ਕੋਮਲਜੀਤ ਕੌਰ, ਸੁਰਖ਼ਾਬ ਚੰਨ) : ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਥੋਂ ਦੇ ਕਿਸਾਨ ਨਾ ਸਿਰਫ਼ ਅਪਣਾ ਸਗੋਂ ਦੇਸ਼ ਦੇ ਲੱਖਾਂ ਲੋਕਾਂ ਦਾ ਢਿੱਡ ਭਰਨ ਵਿਚ ਵੀ ਸਹਾਇਤਾ ਕਰਦੇ ਹਨ। ਅੱਜ ਦੇ ਸਮੇਂ ਵਿਚ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਇਸ ਦੇ ਰੂਪ ਨੂੰ ਬਦਲਣ ਦੀ ਲੋੜ ਹੈ। ਇਸ ਦੇ ਨਾਲ ਹੀ ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਕਿਸਾਨ ਦਾ ਪੁੱਤ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਵੀ ਅਪਣਾਵੇ ਤਾਂ ਜੋ ਭਰਪੂਰ ਰੁਚੀ ਦੇ ਨਾਲ ਕਮਾਈ ਵਿਚ ਵੀ ਇਜ਼ਾਫ਼ਾ ਹੋ ਸਕੇ। ਕੋਈ ਵੀ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿਚ ਅਪਣੀ ਫ਼ਸਲ ਦੀ ਖ੍ਰੀਦ ਅਤੇ ਕੰਮ ਦੀ ਸ਼ੁਰੂਆਤ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੁੰਦੇ ਹਨ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਵਲੋਂ ਮੋਹਾਲੀ ਅਧੀਨ ਆਉਂਦੇ ਪਿੰਡ ਤੀੜਾ ਦੇ ਕਿਸਾਨ ਮਨਵੀਰ ਸਿੰਘ ਪੁੱਤਰ ਅਵਤਾਰ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ ਗਈ।
ਦੱਸ ਦੇਈਏ ਕਿ ਮਨਵੀਰ ਸਿੰਘ ਨੇ ਦਸਵੀਂ ਤੋਂ ਬਾਅਦ ਇਲੈਕਟ੍ਰੀਕਲ ਦਾ ਡਿਪਲੋਮਾ ਕੀਤਾ ਅਤੇ ਫਿਰ ਬੀ.ਟੈਕ. ਦੀ ਡਿਗਰੀ ਹਾਸਲ ਕਰਨ ਮਗਰੋਂ ਕਰੀਬ ਅੱਠ ਸਾਲ ਆਈ.ਟੀ. ਖੇਤਰ ਵਿਚ ਨੌਕਰੀ ਕੀਤੀ। ਉਨ੍ਹਾਂ ਦਾ ਕਹਿਣ ਹੈ ਕਿ ਘਰ ਵਿਚ ਖੇਤੀਬਾੜੀ ਹੋਣ ਕਾਰਨ ਉਨ੍ਹਾਂ ਦਾ ਵੀ ਇਸ ਪਾਸੇ ਰੁਝਾਨ ਸੀ ਜਿਸ ਕਾਰਨ 2016 ਵਿਚ ਉਨ੍ਹਾਂ ਨੇ ਮੱਖੀ ਪਾਲਣ ਦੀ ਸਿਖਲਾਈ ਲਈ ਅਤੇ ਘਰ ਵਿਚ ਹੀ ਇਹ ਕੰਮ ਸ਼ੁਰੂ ਕੀਤਾ। ਮਨਵੀਰ ਸਿੰਘ ਦਾ ਕਹਿਣਾ ਹੈ ਕਿ ਰਵਾਇਤੀ ਖੇਤੀ ਤੋਂ ਹਟ ਕੇ ਕਿਸਾਨਾਂ ਨੂੰ ਹੋਰ ਸਹਾਇਕ ਕਿੱਤੇ ਵੀ ਅਪਨਾਉਣੇ ਚਾਹੀਦੇ ਹਨ। ਇਸੇ ਸੋਚ ਸਦਕਾ ਹੀ ਉਨ੍ਹਾਂ ਨੇ ਮੱਖੀ ਪਾਲਣ ਦੇ ਨਾਲ ਨਾਲ ਮੁਰਗੀ ਪਾਲਣ ਦੀ ਸਿਖਲਾਈ ਲਈ ਅਤੇ ਇਹ ਕੰਮ ਵੀ ਸ਼ੁਰੂ ਕੀਤਾ।
ਉਨ੍ਹਾਂ ਦਸਿਆ ਕਿ ਥੋੜੇ ਸਮੇਂ ਬਾਅਦ ਹੀ ਉਨ੍ਹਾਂ ਨੇ ਸ਼ਹਿਦ, ਮੀਟ ਅਤੇ ਆਂਡਿਆਂ ਦਾ ਉਤਪਾਦਨ ਸ਼ੁਰੂ ਕੀਤਾ। ਉਤਪਾਦਾਂ ਦੀ ਗੁਣਵਤਾ ਵਧੀਆ ਹੋਣ ਕਾਰਨ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ। ਮਨਵੀਰ ਸਿੰਘ ਨੇ ਦਸਿਆ ਕਿ ਬਾਜ਼ਾਰ ਵਿਚ ਸ਼ਹਿਦ ਆਦਿ ਦੀ ਗੁਣਵਤਾ ਬਹੁਤੀ ਚੰਗੀ ਨਾ ਹੋਣ ਕਾਰਨ ਮੇਰੇ ਸ਼ੁੱਧ ਉਤਪਾਦਾਂ ਨੂੰ ਲੋਕਾਂ ਨੇ ਪਸੰਦ ਕੀਤਾ ਅਤੇ ਨਾਲ ਹੀ ਮੈਨੂੰ ਹੋਰ ਉਤਸ਼ਾਹਤ ਵੀ ਕੀਤਾ। ਇਸ ਤਰ੍ਹਾਂ ਉਨ੍ਹਾਂ ਵਲੋਂ ਪਹਿਲਾਂ ਤੋਂ ਕੀਤਾ ਜਾਂਦਾ ਹਲਦੀ ਉਤਪਾਦਨ ਦੀ ਵਿਕਰੀ ਵੀ ਵੱਧ ਗਈ।
ਸਫ਼ਲ ਕਿਸਾਨ ਮਨਵੀਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਉਤਪਾਦਾਂ ਦਾ ਮਿਆਰ ਉਚਾ ਹੋਣ ਕਾਰਨ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਜਿਸ ਨਾਲ ਉਨ੍ਹਾਂ ਦੀ ਫ਼ਸਲ ਦੀ ਮਿਕਦਾਰ ਵਿਚ ਵੀ ਇਜ਼ਾਫ਼ਾ ਹੋਇਆ। ਲੋਕਾਂ ਦੀ ਮੰਗ ’ਤੇ ਉਨ੍ਹਾਂ ਨੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵੀ ਸ਼ੁਰੂ ਕੀਤੀ। ਉਨ੍ਹਾਂ ਦਸਿਆ ਕਿ ਇਸ ਕੰਮ ਵਿਚ ਉਨ੍ਹਾਂ ਦੀ ਪਤਨੀ ਅਤੇ ਮਾਤਾ ਜੀ ਦਾ ਵੀ ਵੱਡਾ ਯੋਗਦਾਨ ਹੈ। ਮਨਵੀਰ ਸਿੰਘ ਨੇ ਪ੍ਰਵਾਰ ਦੀ ਮਦਦ ਨਾਲ ਘਰ ਵਿਚ ਹੀ ਆਮਲਾ ਕੈਂਡੀ (ਆਮਲੇ ਤੋਂ ਬਣੀਆਂ ਟਾਫ਼ੀਆਂ) ਤਿਆਰ ਕੀਤੀਆਂ। ਇੰਨਾ ਹੀ ਨਹੀਂ ਮਨਵੀਰ ਸਿੰਘ ਹੁਰਾਂ ਵਲੋਂ ਤਿਆਰ ਕੀਤੇ ਲੱਸਣ ਦੇ ਅਚਾਰ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ।
ਅਪਣੀ ਸਫ਼ਲਤਾ ਦਾ ਰਾਜ਼ ਸਾਂਝਾ ਕਰਦਿਆਂ ਮਨਵੀਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਪਣਾ ਕੰਮ ਖ਼ੁਦ ਕਰਨ ਨਾਲ ਕੀਤੀ ਹੋਈ ਮਿਹਨਤ ਦਾ ਸਹੀ ਮੁੱਲ ਮਿਲਦਾ ਹੈ। ਰਵਾਇਤੀ ਖੇਤੀ ਜਿਵੇਂ ਕਣਕ ਅਤੇ ਝੋਨੇ ਦੇ ਕਾਸ਼ਤਕਾਰ ਕਿਸਾਨ ਜ਼ਿਆਦਾ ਸਮਾਂ ਵਿਹਲੇ ਰਹਿੰਦੇ ਹਨ ਇਸ ਲਈ ਉਨ੍ਹਾਂ ਨੂੰ ਅਪਣੇ ਬਚੇ ਹੋਏ ਸਮੇਂ ਦੀ ਢੁਕਵੀਂ ਵਰਤੋਂ ਕਰਨੀ ਚਾਹੀਦੀ ਹੈ ਅਤੇ ਖ਼ੁਦ ਤਿਆਰ ਕੀਤੀ ਫ਼ਸਲ ਤੋਂ ਹੀ ਹੋਰ ਕਿਸਮਾਂ ਜਾਂ ਉਤਪਾਦ ਪੈਦਾ ਕਰ ਕੇ ਅਪਣੀ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਫ਼ਸਲ ਦੀ ਸਹੀ ਕੀਮਤ ਵਸੂਲਣ ਲਈ ਸਿੱਧੀ ਵਿਕਰੀ ਬਹੁਤ ਜ਼ਰੂਰੀ ਹੈ, ਕਿਸੇ ਵੀ ਤੀਜੀ ਧਿਰ ਨੂੰ ਵਿਚ ਨਹੀਂ ਪਾਉਣਾ ਚਾਹੀਦਾ।
ਸਹਾਇਕ ਧੰਦਿਆਂ ਬਾਰੇ ਗੱਲ ਕਰਦਿਆਂ ਮਨਵੀਰ ਸਿੰਘ ਨੇ ਦਸਿਆ ਕਿ ਮੱਛੀ ਪਾਲਣ ਦਾ ਕਿੱਤਾ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ। ਕੇ.ਵੀ.ਕੇ. ਤੋਂ ਇਸ ਦੀ ਬਾਕਾਇਦਾ ਟ੍ਰੇਨਿੰਗ ਵੀ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਥੋੜੀ ਗਿਣਤੀ ਤੋਂ ਸ਼ੁਰੂ ਕਰ ਕੇ ਮੁਰਗੀ ਪਾਲਣ ਦਾ ਕਿੱਤਾ ਵੀ ਸਹਾਇਕ ਸਿੱਧ ਹੁੰਦਾ ਹੈ। ਮਨਵੀਰ ਸਿੰਘ ਅਨੁਸਾਰ ਉਹ 20 ਰੁਪਏ ਦਾ ਇਕ ਆਂਡਾ ਵੇਚਦੇ ਹਨ। ਉਨ੍ਹਾਂ ਦਸਿਆ ਕਿ ਕਿਸਾਨ ਖੇਤੀ ਦੇ ਨਾਲ-ਨਾਲ ਸੂਰ ਪਾਲਣ, ਬੱਕਰੀ ਪਾਲਣ ਅਤੇ ਬਟੇਰ ਪਾਲਣ ਵਰਗੇ ਧੰਦੇ ਅਪਣਾ ਸਕਦੇ ਹਨ।
ਮਨਵੀਰ ਸਿੰਘ ਨੇ ਦਸਿਆ ਕਿ ਖੇਤੀ ਦੇ ਨਾਲ -ਨਾਲ ਉਨ੍ਹਾਂ ਨੂੰ ਕੁੱਤੇ ਪਾਲਣ ਦਾ ਸ਼ੌਕ ਵੀ ਸੀ ਅਤੇ ਇਸ ਤੋਂ ਉਨ੍ਹਾਂ ਨੇ ਕਾਫ਼ੀ ਕਮਾਈ ਕੀਤੀ ਹੈ। ਉਨ੍ਹਾਂ ਨੇ ਵੱਖ-ਵੱਖ ਨਸਲਾਂ ਦੇ ਕੁੱਤੇ ਰੱਖੇ ਹਨ ਅਤੇ ਤਾਲਾਬੰਦੀ ਦੌਰਾਨ ਉਨ੍ਹਾਂ ਨੇ ਹਸਕੀ ਨਸਲ ਦੇ ਕੁੱਤੇ ਕਰੀਬ 50 ਹਜ਼ਾਰ ਦੀ ਕੀਮਤ ’ਤੇ ਵੇਚੇ ਸਨ। ਕਿਸਾਨ ਨੇ ਦਸਿਆ ਕਿ ਇਕ ਨੌਕਰੀਪੇਸ਼ਾ ਆਦਮੀ ਨੂੰ ਸੀਮਤ ਸਮੇਂ ਲਈ ਕੰਮ ਕਰਨਾ ਪੈਂਦਾ ਹੈ ਪਰ ਅਸੀਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤਕ ਕੰਮ ਵਿਚ ਰੁਝੇ ਰਹਿੰਦੇ ਹਨ ਪਰ ਇਹ ਕਮਾਈ ਦਾ ਚੰਗਾ ਸਾਧਨ ਹੈ ਅਤੇ ਇਸ ਵਿਚ ਅਪਣੀ ਹੀ ਖ਼ੁਸ਼ੀ ਹੈ।
ਤਜਰਬਾ ਸਾਂਝਾ ਕਰਦਿਆਂ ਮਨਵੀਰ ਸਿੰਘ ਨੇ ਦਸਿਆ ਕਿ ਜੇਕਰ ਕੋਈ ਨੌਕਰੀਪੇਸ਼ਾ ਵੀ ਸਹਾਇਕ ਧੰਦਾ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੰਮ ਦੇ ਨਾਲ-ਨਾਲ ਸ਼ੁਰੂ ਕਰੇ। ਇਸ ਤੋਂ ਇਲਾਵਾ ਕੋਈ ਵੀ ਕੰਮ ਆਮਦਨ ਨੂੰ ਧਿਆਨ ਵਿਚ ਰਖ ਕੇ ਨਾ ਕੀਤਾ ਜਾਵੇ ਸਗੋਂ ਕੰਮ ’ਤੇ ਕੇਂਦਰਿਤ ਰਹਿ ਕੇ ਤੇ ਦਿਲ ਲਗਾ ਕੇ ਕੀਤੀ ਮਿਹਨਤ ਦਾ ਫ਼ਲ ਜ਼ਰੂਰ ਮਿਲਦਾ ਹੈ।