ਖੇਤੀਬਾੜੀ ਮਾਹਰਾਂ ਵਲੋਂ ਕਿਸਾਨਾਂ ਨੂੰ ਡੀ ਏ ਪੀ ਦੇ ਬਦਲਵੇਂ ਸਾਧਨ ਅਪਨਾਉਣ ਦੀ ਸਲਾਹ
Progressive farmer of Noorpurbedi using NPK and Triple Super Phosphate as substitute for DAP: ਬਲਾਕ ਨੂਰਪੁਰ ਬੇਦੀ ਦੇ ਪਿੰਡ ਨੰਗਲ ਅਬਿਆਣਾ ਦਾ ਰਹਿਣ ਵਾਲਾ ਪੰਜਾਬ ਦੇ ਅਗਾਂਹਵਧੂ ਕਿਸਾਨ ਵਜੋਂ ਜਾਣਿਆਂ ਜਾਂਦਾ ਪਰਮਜੀਤ ਸਿੰਘ ਜੋ ਕਿ ਡੀ ਏ ਪੀ ਦੇ ਬਦਲ ਵਜੋਂ ਐਨ ਪੀ ਕੇ ਵਰਤਦਾ ਹੈ ਦਾ ਕਹਿਣਾ ਹੈ ਕਿ ਫ਼ਾਸਫ਼ੋਰਸ ਤੱਤ ਦੀ ਪੂਰਤੀ ਲਈ ਸਾਨੂੰ ਹੁਣ ਡੀ ਏ ਪੀ ਦੀ ਵਰਤੋਂ ਕਰਨ ਦੀ ਜਾਂ ਨਿਰਭਰ ਰਹਿਣ ਦੀ ਜ਼ਰੂਰਤ ਨਹੀਂ ਹੈ। ਹੋਰਨਾਂ ਕਿਸਾਨਾ ਲਈ ਰਾਹ ਦਸੇਰਾ ਬਣੇ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਬੀਤੇ ਸਮੇਂ ਦੌਰਾਨ ਉਸ ਵਲੋਂ ਡੀ ਏ ਪੀ ਦੀ ਬਹੁਤ ਸੀਮਤ ਵਰਤੋਂ ਕੀਤੀ ਗਈ ਸੀ ਅਤੇ ਉਸਦੇ ਮੁਕਾਬਲੇ ਐਨ ਪੀ ਕੇ 12:32:16 ਦੀ ਵਰਤੋਂ ਕਣਕ ਵਾਸਤੇ ਕੀਤੀ ਗਈ ਸੀ, ਜਿਸ ਦਾ ਨਤੀਜਾ ਬਹੁਤ ਵਧੀਆ ਰਿਹਾ।
ਪਰਮਜੀਤ ਸਿੰਘ ਨੇ ਡੀ ਏ ਪੀ ’ਤੇ ਨਿਰਭਰਤਾ ਘਟਾ ਕੇ ਟਰਿਪਲ ਸੁਪਰ ਫ਼ਾਸਫ਼ੇਟ ਦੀ ਵਰਤੋਂ ’ਤੇ ਜ਼ੋਰ ਦਿਤਾ ਤਾਂ ਜੋ ਫ਼ਾਸਫੋਰਸ ਦੀ ਪੂਰਤੀ ਲਈ ਕੇਵਲ ਡੀ ਏ ਪੀ ’ਤੇ ਹੀ ਨਿਰਭਰ ਨਾ ਰਹਿਣਾ ਪਵੇ। ਉਸ ਦਾ ਕਹਿਣਾ ਹੈ ਕਿ ਡੀ ਏ ਪੀ ’ਚੋਂ ਫ਼ਾਸਫੋਰਸ ਦੀ ਪੂਰਤੀ ਨੂੰ ਅਸੀਂ ਅਪਣੀ ਨਿਰਭਰਤਾ ਦਾ ਸਾਧਨ ਬਣਾ ਲਿਆ ਹੈ ਅਤੇ ਅਸੀਂ ਬਦਲਵੀਆਂ ਖਾਦਾਂ ਦੀ ਵਰਤੋਂ ਕੇਵਲ ਇਸ ਲਈ ਨਹੀਂ ਕਰਦੇ ਕਿ ਫ਼ਸਲ ਦਾ ਝਾੜ ਘੱਟ ਜਾਵੇਗਾ ਤੇ ਆਰਥਕ ਨੁਕਸਾਨ ਹੋਵੇਗਾ, ਜਦੋਂ ਕਿ ਅਜਿਹਾ ਕਦੇ ਸੰਭਵ ਨਹੀ ਹੈ, ਪਰੰਤੂ ਕਿਸਾਨ ਵਲੋਂ ਅਮਲੀ ਤੌਰ ’ਤੇ ਬਦਲਵੇਂ ਸਰੋਤ ਤੋਂ ਫ਼ਾਸਫੋਰਸ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਉਸਨੂੰ ਚੰਗੇ ਨਤੀਜੇ ਮਿਲੇ ਹਨ। ਗੁਰਦੀਪ ਸਿੰਘ ਐਗਰੀਕਲਚਰ ਐਕਸਟੈਨਸ਼ਨ ਅਫ਼ਸਰ ਨੇ ਕਿਹਾ ਕਿ ਪਰਮਜੀਤ ਸਿੰਘ ਵਲੋਂ ਫ਼ਾਸਫੋਰਸ ਦੀ ਡੀ ਏ ਪੀ ਤੋਂ ਨਿਰਭਰਤਾ ਘਟਾ ਕੇ, ਹੋਰਨਾਂ ਫ਼ਾਸਫੋਰਸ ਸਰੋਤਾਂ ਤੋਂ ਪੂਰਤੀ ਕੀਤੀ ਗਈ ਹੈ, ਜਿਸ ਨਾਲ ਜਿੱਥੇ ਡੀ ਏ ਪੀ ’ਤੇ ਨਿਰਭਰਤਾ ਘਟੀ ਹੈ, ਉਥੇ ਬਾਜ਼ਾਰ ਵਿਚ ਮੌਜੂਦ ਹੋਰ ਫ਼ਾਸਫੋਰਸ ਖਾਦਾਂ ’ਤੇ ਵਿਸ਼ਵਾਸ ਬਣਿਆ ਹੈ।
ਪਰਮਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਮਾਹਰਾਂ ਦਾ ਮੰਨਣਾ ਹੈ ਕਿ ਐਨ ਪੀ ਕੇ 12:32:16 ਵਿਚ 32 ਫ਼ੀ ਸਦੀ ਫ਼ਾਸਫੋਰਸ ਤੱਤ ਮੋਜੂਦ ਹੈ, ਨਾਲ ਹੀ ਨਾਈਟਰੋਜਨ ਤੇ ਪੋਟਾਸ਼ ਵੀ ਮਿਲਦਾ ਹੈ ਜਦਕਿ ਇਕ ਹੋਰ ਬਦਲਵੇਂ ਸਰੋਤ ਟਰਿਪਲ ਸੁਪਰ ਫ਼ਾਸਫੇਟ ਵਿਚ 46 ਫ਼ੀ ਸਦੀ ਫ਼ਾਸਫੋਰਸ ਦੀ ਮਾਤਰਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਡੀ ਏ ਪੀ ਦੇ ਕਈ ਬਦਲ ਮੌਜੂਦ ਹਨ, ਇਸ ਕਰ ਕੇ ਸਾਨੂੰ ਕੇਵਲ ਇਕ ਖਾਦ ’ਤੇ ਹੀ ਨਿਰਭਰ ਨਾ ਰਹਿ ਕੇ, ਹੋਰ ਬਦਲਵੇਂ ਸਰੋਤਾਂ ਤੋਂ ਵੀ ਫ਼ਾਸਫੋਰਸ ਦੀ ਪੂਰਤੀ ਕਰ ਲੈਣੀ ਚਾਹੀਦੀ ਹੈ।