
ਕੱਦੂ ਜਾਤੀ ਦੀਆਂ ਤਿੰਨ/ਚਾਰ ਪੱਤਿਆਂ ਤਕ ਪਹੁੰਚਣ ਵਾਲੀਆਂ ਵੇਲ੍ਹਾਂ ਆਮ ਹੀ ਬਾਜ਼ਾਰ ਵਿਚ ਮਿਲਦੀਆਂ ਹਨ
ਪੰਜਾਬ ਵਿਚ ਵੱਡੀ ਗਿਣਤੀ ਕਿਸਾਨ ਅਤੇ ਸਬਜ਼ੀ ਕਾਸ਼ਤਕਾਰ ਪਨੀਰੀ ਰਾਹੀਂ ਪੈਦਾ ਹੋਣ ਵਾਲੀਆਂ ਫ਼ਸਲਾਂ ਦੀ ਬੀਜਾਈ ਕਰਨ ਲਈ ਬਾਜ਼ਾਰ ਵਿਚੋਂ ਤਿਆਰ ਪਨੀਰੀ ਅਤੇ ਵੇਲਾਂ ਖ਼ਰੀਦ ਕੇ ਖੇਤਾਂ ’ਚ ਬੀਜਦੇ ਹਨ। ਜਿਵੇਂ ਕਿ ਬਾਗ਼ਬਾਨੀ ਨਾਲ ਸਬੰਧਤ ਬੂਟਿਆਂ ਦੀਆਂ ਕਲਮਾਂ, ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪਨੀਰੀ, ਕਈ ਕਿਸਮ ਦੇ ਕੁੱਦੂ ਜਾਤੀ ਦੀਆਂ ਤਿਆਰ ਵੇਲ੍ਹਾਂ ਕਿਸਾਨਾਂ ਨੂੰ ਬਾਜ਼ਾਰ ਵਿਚੋਂ ਮਿਲਦੀਆਂ ਹਨ। ਇਸ ਤੋਂ ਬਿਨਾਂ ਮਿਰਚਾਂ, ਕਰੇਲੇ, ਗੋਭੀ, ਪਿਆਜ਼ ਆਦਿ ਵਰਗੀਆਂ ਬਹੁਤ ਸਾਰੀਆਂ ਅਜਿਹੀਆਂ ਕਿਸਮਾਂ ਹਨ ਜਿਨ੍ਹਾਂ ਦੀ ਕਾਸ਼ਤ ਕਰ ਕੇ ਅੱਗੇ ਵੇਚਣ ਦਾ ਵਧੀਆ ਕਾਰੋਬਾਰ ਕੀਤਾ ਜਾ ਸਕਦਾ ਹੈ।
ਕੱਦੂ ਜਾਤੀ ਦੀਆਂ ਤਿੰਨ/ਚਾਰ ਪੱਤਿਆਂ ਤਕ ਪਹੁੰਚਣ ਵਾਲੀਆਂ ਵੇਲ੍ਹਾਂ ਆਮ ਹੀ ਬਾਜ਼ਾਰ ਵਿਚ ਮਿਲਦੀਆਂ ਹਨ। ਜਿਨ੍ਹਾਂ ਨੂੰ ਅਗੇਤੀਆਂ ਹੀ ਸ਼ੈੱਡਾਂ/ਪਲਾਸਟਿਕ ਦੀਆਂ ਸ਼ੀਟਾਂ ਆਦਿ ਹੇੇਠਾਂ ਸਰਦੀ ਦੇ ਮੌਸਮ ਵਿਚ ਹੀ ਉਗਾਇਆ ਜਾਂਦਾ ਹੈ ਕਿਉਂਕਿ ਗਰਮ ਰੁੱਤ ਦੀਆਂ ਫ਼ਸਲਾਂ ਨੂੰ ਠੰਢਾ ਮੌਸਮ ਉਗਣ ਨਹੀਂ ਦਿੰਦਾ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰ ਕੇ ਸਿਆਲ ਵਿਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਨੂੰ ਠੰਢ ਦੇ ਮੌਸਮ ਵਿਚ ਪੈਦਾ ਕਰਨ ਦੀ ਵਿਗਿਆਨਕਾਂ ਨੇ ਖੋਜ ਕੀਤੀ ਹੈ ਜਿਸ ਦੌਰਾਨ ਕੱਦੂ ਜਾਤੀ ਦੀਆਂ ਸਬਜ਼ੀਆਂ ਸਿਆਲ ਵਿਚ ਪੈਦਾ ਕੀਤੀਆਂ ਜਾ ਸਕਦੀਆ ਹਨ।
ਇਸ ਤਕਨੀਕ ਰਾਹੀਂ ਕਿਸਾਨ ਸਰਦੀ ਦੇ ਮੌਸਮ ਵਿਚ ਖੀਰਾ, ਕਕੜੀ, ਤਰਬੂਜ਼, ਖਰਬੂਜ਼ਾ, ਟਿੰਡਾ ਆਦਿ ਵਰਗੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਨ। ਆਮ ਤੌਰ ’ਤੇ ਕਿਸਾਨ ਸਰਦੀਆਂ ਵਿਚ ਕੱਦੂ ਜਾਤੀ ਦੀਆਂ ਵੇਲਾਂ ਨੂੰ ਠੰਢ ਤੋਂ ਬਚਾਉਣ ਲਈ ਖਾਦਾਂ ਅਤੇ ਪਰਾਲੀ ਵਗ਼ੈਰਾ ਦਾ ਪ੍ਰਬੰਧ ਕਰਦੇ ਹਨ ਜਿਹੜਾ ਜ਼ਿਆਦਾ ਖ਼ਰਚ ਅਤੇ ਮਿਹਨਤ ਵਾਲਾ ਕੰਮ ਹੈ। ਇਹ ਢੰਗ ਜ਼ਿਆਦਾ ਵਧੀਆ ਨਾ ਹੋਣ ਕਰ ਕੇ ਵੇਲਾਂ ਦਾ ਵਿਕਾਸ ਥੋੜ੍ਹਾ ਹੁੰਦਾ ਹੈ ਜਿਸ ਕਰ ਕੇ ਕਿਸਾਨਾਂ ਨੂੰ ਅਗੇਤੀ ਫ਼ਸਲ ਲੈਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਖੇਤੀ ਖੋਜਕਾਰਾਂ ਨੇ ਪਲਾਸਟਿਕ ਸ਼ੀਟ ਦੇ ਅੰਦਰ ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਨੂੰ ਤਰਜੀਹ ਦਿਤੀ ਹੈ। ਇਸ ਨੂੰ ਆਮ ਤੌਰ ’ਤੇ ਪੋਲੀਥੀਨ ਹਾਊਸ ਕਿਹਾ ਜਾਂਦਾ ਹੈ।
ਅਗੇਤੀਆਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੀਥੀਨ ਦੀ ਵਰਤੋਂ ਕਰਨ ਲੱਗੇ ਹੋਏ ਹਨ। ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਅੱਧਾ ਫ਼ੁਟ ਡੂੰਘੀ ਅਤੇ ਦੋ ਫ਼ੁਟ ਚੌੜੀ ਕਿਆਰੀ ਤਿਆਰ ਕੀਤੀ ਜਾਂਦੀ ਹੈ ਜਿਸ ਵਿਚ 10 ਤੋਂ ਲੈ ਕੇ 20 ਦਸੰਬਰ ਤਕ ਬੀਜ ਬੀਜੇ ਜਾਂਦੇ ਹਨ। ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿਚ ਲੋੜੀਂਦੀ ਦੇਸੀ ਖਾਦ ਜ਼ਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੀਥੀਨ ਹਾਊਸ ਪੱਕੇ ਤੌਰ ’ਤੇ ਨਾ ਬਣਾਇਆ ਹੋਵੇ ਤਾਂ 6 ਐਮ. ਐਮ. ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫ਼ਾਸਲੇ ’ਤੇ ਲਾ ਕੇ 40 ਮਾਈਕਰੋਨ ਦੀ ਪਾਰਦਰਸ਼ੀ ਸੀਟ ’ਤੇ ਪਾ ਦੇਣੀ ਚਾਹੀਦੀ ਹੈ। ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਉਤਰ ਦਿਸ਼ਾ ਵਾਲੇ ਪਾਸਿਉਂ ਸੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦਬ ਦੇਣਾ ਚਾਹੀਦਾ ਹੈ ਅਤੇ ਦੱਖਣ ਵਾਲਾ ਪਾਸਾ ਕੁੱਝ ਦਿਨ ਬਾਅਦ ਦਬ ਦਿਉ। ਜ਼ਿਆਦਾਤਰ ਠੰਢੀਆਂ ਹਵਾਵਾਂ ਉਤਰ ਵਾਲੇ ਪਾਸਿਉਂ ਆਉਂਦੀਆਂ ਹਨ ਜਿਸ ਕਰ ਕੇ ਪੋਲੀਥੀਨ ਸ਼ੀਟ ਚੰਗੀ ਤਰ੍ਹਾਂ ਦਬ ਦੇਣੀ ਚਾਹੀਦੀ ਹੈ। ਸ਼ੀਟ ਦੇ ਕਿਆਰਿਆਂ ’ਤੇ ਪੈਣ ਨਾਲ ਤਾਪਮਾਨ ਵਧਣ ਕਰ ਕੇ ਵੇਲਾਂ ਵਿਚ ਵਾਧਾ ਬਹੁਤ ਛੇਤੀ ਹੁੰਦਾ ਹੈ।
ਫ਼ਰਵਰੀ ਮਹੀਨੇ ਵਿਚ ਮੌਸਮ ਤਬਦੀਲ ਹੋਣ ਕਰ ਕੇ ਦਿਨ ਸਮੇਂ ਸੀਟ ਚੁੱਕ ਦੇਣੀ ਚਾਹੀਦੀ ਹੈ ਅਤੇ ਰਾਤ ਨੂੰ ਦੁਬਾਰਾ ਫਿਰ ਪਾ ਦਿਉ। ਇਸ ਢੰਗ ਨਾਲ ਕਿਸਾਨ ਫ਼ਰਵਰੀ-ਮਾਰਚ ਦੇ ਮਹੀਨੇ ਕੱਦੂ ਜਾਤੀ ਦੀਆਂ ਅਗੇਤੀਆ ਸਬਜ਼ੀਆਂ ਪੈਦਾ ਕਰ ਕੇ ਵੱਧ ਮੁਨਾਫ਼ਾ ਲੈ ਸਕਦੇ ਹਨ। ਪਲਾਸਟਿਕ ਸੀਟ ਦੀ ਵਰਤੋਂ ਕਰਨ ਨਾਲ ਗਰਮੀ ਰੁੱਤ ਦੀਆਂ ਸਬਜ਼ੀਆਂ ਖੀਰਾ, ਕਕੜੀਆਂ ਆਦਿ ਆਮ ਫ਼ਸਲ ਨਾਲੋਂ 45 ਦਿਨ ਪਹਿਲਾਂ ਤਿਆਰ ਹੋ ਜਾਂਦੀਆਂ ਹਨ ਜਿਸ ਕਰ ਕੇ ਕਿਸਾਨ ਗਰਮੀ-ਸਰਦੀ ਵਾਲੀਆਂ ਅਗੇਤੀਆਂ ਸਬਜ਼ੀਆਂ ਦੀ ਪਨੀਰੀ ਵਾਲੀਆਂ ਵੇਲਾਂ/ਪਨੀਰੀ ਆਦਿ ਵੇਚ ਸਕਦੇ ਹਨ।
-ਬ੍ਰਿਜ਼ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ। 9876101698