ਵਧੇਰੇ ਆਮਦਨ ਲਈ ਕਰੋ ਪਿਆਜ਼ ਦੀ ਖੇਤੀ, ਬਿਜਾਈ ਤੋਂ ਲੈ ਪੁਟਾਈ ਤੱਕ ਜਾਣੋਂ ਪੂਰੀ ਜਾਣਕਾਰੀ
Published : Mar 7, 2019, 4:02 pm IST
Updated : Mar 7, 2019, 4:44 pm IST
SHARE ARTICLE
Onion Farming
Onion Farming

ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ। ਗੰਢੀਆਂ ਪੈਦਾ ਕਰਨ ਲਈ ਬਿਜਾਈ ਮਾਰਚ ਦੇ ਅੱਧ ਵਿਚ ਕਰਨੀ ਚਾਹੀਦੀ ਹੈ...

ਚੰਡਗੜ੍ਹ : ਬਿਜਾਈ ਦਾ ਸਮਾਂ : ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ। ਗੰਢਿਆਂ ਦੀ ਪੈਦਾਵਾਰ ਕਰਨ ਲਈ ਬਿਜਾਈ ਮਾਰਚ ਦੇ ਅੱਧ ਵਿਚ ਕਰਨੀ ਚਾਹੀਦੀ ਹੈ। ਬੀਜ ਦੀ ਮਾਤਰਾ : ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 5 ਕਿਲੋ ਬੀਜ ਕਾਫ਼ੀ ਹੈ। ਪਨੀਰੀ ਤਿਆਰ ਕਰਨਾ : ਪਨੀਰੀ ਬੀਜਣ ਲਈ, ਜ਼ਮੀਨ ਦੀ ਪੱਧਰ ਤੋਂ 20 ਸੈਂਟੀਮੀਟਰ ਉੱਚੀਆਂ ਅਤੇ 1 ਤੋਂ 1.5 ਮੀਟਰ ਚੌੜੀਆਂ ਕਿਆਰੀਆਂ ਬਣਾਓ। ਪਨੀਰੀ ਦੀ ਲੋੜ ਅਨੁਸਾਰ ਕਿਆਰੀਆਂ ਬਣਾਓ। ਪਨੀਰੀ ਅਤੇ ਪਿਆਜ਼ ਲਾਉਣ ਵਾਲੇ ਰਕਬੇ ਦੀ ਅਨੁਪਾਤ 1 : 20 ਰੱਖੋ।

Onion Farming Onion Farming

ਇਕ ਏਕੜ ਵਿਚ ਬੀਜੀ ਪਨੀਰੀ 20 ਏਕੜਾਂ ਵਿਚ ਲਾਈ ਜਾ ਸਕਦੀ ਹੈ। ਪਨੀਰੀ ਵਾਲੀ ਥਾਂ ਵਿਚ 125 ਕਿਲੋ ਗਲੀਸੜੀ ਰੂੜੀ ਪ੍ਰਤੀ ਮਰਲੇ (25 ਵਰਗ ਮੀਟਰ) ਦੇ ਹਿਸਾਬ ਨਾਲ ਪਾਓ। ਪਨੀਰੀ ਬੀਜਣ ਵਾਲਾ ਪਲਾਟ ਪੱਧਰਾ ਹੋਣਾ ਚਾਹੀਦਾ ਹੈ। ਇਕੋ ਥਾਂ 'ਤੇ ਪਨੀਰੀ ਵਾਰ-ਵਾਰ ਨਹੀਂ ਬੀਜਣੀ ਚਾਹੀਦੀ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਥੀਰਮ ਜਾਂ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ। ਬੀਜ ਨੂੰ 1 ਤੋਂ 2 ਸੈਂਟੀਮੀਟਰ ਡੂੰਘਾ 5 ਸੈਂਟੀਮੀਟਰ ਦੀ ਵਿੱਥ 'ਤੇ ਕਤਾਰਾਂ ਵਿਚ ਬੀਜੋ। ਕਤਾਰਾਂ ਵਿਚ ਬੀਜ ਇਕਸਾਰ ਬੀਜੋ ਅਤੇ ਗਲੀ-ਸੜੀ ਦੇਸੀ ਰੂੜੀ ਦੀ ਹਲਕੀ ਜਿਹੀ ਤਹਿ ਨਾਲ ਢਕ ਦਿਉ।

Onion Farming Onion Farming

ਬਿਜਾਈ ਚੰਗੀ ਵੱਤਰ ਵਿਚ ਕਰੋ। ਪਹਿਲੀ ਸਿੰਚਾਈ ਬਿਜਾਈ ਦੇ ਤੁਰੰਤ ਪਿੱਛੋਂ ਫੁਆਰੇ ਨਾਲ ਕਰੋ। ਪਨੀਰੀ ਦੀਆਂ ਕਿਆਰੀਆਂ ਨੂੰ ਦਿਨ ਵਿਚ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਦਿਓ। ਦੁਪਹਿਰ ਵੇਲੇ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਿਆਰੀਆਂ ਨੂੰ ਢਕ ਦਿਉ। ਡੇਢ ਮੀਟਰ ਚੌੜੀਆਂ ਕਿਆਰੀਆਂ ਨੂੰ ਢੱਕਣ ਲਈ ਘਾਹ-ਫੂਸ ਜਾਂ ਕਿਸੇ ਦੂਸਰੀ ਫ਼ਸਲ ਦੇ ਪੱਤਿਆਂ-ਤਣਿਆਂ ਆਦਿ ਤੋਂ ਪ੍ਰਾਪਤ ਕੀਤੀਆਂ ਛੱਪਰੀਆਂ 1.5 ਮੀਟਰ ਦੀ ਉੱਚਾਈ ਤੇ ਉੱਤਰ-ਦੱਖਣ ਦਿਸ਼ਾ ਵਿਚ ਵਰਤੋ। ਇਹ ਛੱਪਰੀਆਂ ਇਕ ਮਹੀਨੇ ਬਾਅਦ ਜਦੋਂ ਪੌਦੇ ਮਜ਼ਬੂਤ ਹੋ ਜਾਣ ਤਾਂ ਉਤਾਰ ਦਿਓ। 

Onion Farming Onion Farming

ਗੰਢੀਆਂ (ਬਲਬ ਸੈੱਟ) ਰਾਹੀਂ ਸਾਉਣੀ ਦੇ ਪਿਆਜ਼ ਦੀ ਫ਼ਸਲ : ਸਾਉਣੀ ਦੇ ਪਿਆਜ਼ ਦੀ ਵਧੀਆ ਫ਼ਸਲ ਲੈਣ ਲਈ ਅਤੇ ਜੂਨ ਵਿਚ ਬੀਜੀ ਪਨੀਰੀ ਦੀ ਨਾ ਕਾਮਯਾਬੀ ਤੋਂ ਬਚਣ ਲਈ ਸਾਉਣੀ ਰੁੱਤ ਦੀ ਫ਼ਸਲ ਗੰਢੀਆਂ ਲਾ ਕੇ ਲੈਣੀ ਲਾਹੇਵੰਦ ਹੈ। ਇਹ ਗੰਢੀਆਂ ਤਿਆਰ ਕਰਨ ਲਈ 5 ਕਿਲੋ ਬੀਜ 8 ਮਰਲੇ (200 ਵਰਗ ਮੀਟਰ) ਕਿਆਰੀਆਂ ਵਿਚ ਮਾਰਚ ਦੇ ਅੱਧ ਵਿਚ ਬੀਜੋ। ਪਨੀਰੀ ਨੂੰ ਹਫ਼ਤੇ ਵਿਚ ਦੋ ਵਾਰ ਪਾਣੀ ਲਾਓ ਅਤੇ ਗੰਢੀਆਂ ਨੂੰ ਜੂਨ ਦੇ ਅਖੀਰ ਵਿਚ ਪੁੱਟ ਕੇ ਛੱਪਰੀਆਂ ਟੋਕਰੀਆਂ ਵਿਚ ਆਮ ਕਮਰੇ ਦੇ ਤਾਪਮਾਨ ਤੇ ਰੱਖੋ। ਵਿਕਰੀਯੋਗ ਜ਼ਿਆਦਾ ਝਾੜ ਲੈਣ ਲਈ 1.5-2.5 ਸੈ.ਮੀ. ਘੇਰੇ ਵਾਲੀਆਂ ਗੰਢੀਆਂ ਢੁਕਵੀਆਂ ਹਨ।

Onion Farming Onion Farming

ਸਾਉਣੀ ਦੇ ਪਿਆਜ਼ ਨੂੰ ਬੈੱਡ ਉੱਪਰ ਲਾਉਣ ਨਾਲ ਆਕਾਰ ਵਿਚ ਸੁਧਾਰ ਹੁੰਦਾ ਹੈ। ਬੈੱਡ ਦਾ ਆਧਾਰ 60 ਸੈ.ਮੀ. ਅਤੇ ਉੱਚਾਈ 10 ਸੈ.ਮੀ. ਹੋਣੀ ਚਾਹੀਦੀ ਹੈ। ਇਹ ਸਿਫ਼ਾਰਸ਼ ਪਾਣੀ ਦੇ ਘੱਟ ਨਿਕਾਸ ਵਾਲੀਆਂ ਭਾਰੀਆਂ ਜ਼ਮੀਨਾਂ ਲਈ ਬਹੁਤ ਢੁਕਵੀਂ ਹੈ। ਇਨ੍ਹਾਂ ਗੰਢੀਆਂ ਨੂੰ ਅਗਸਤ ਦੇ ਅੱਧ ਵਿਚ ਖੇਤ ਵਿਚ ਲਾ ਦਿਉ। ਫ਼ਸਲ ਨਵੰਬਰ ਦੇ ਅਖੀਰ ਤੱਕ ਤਿਆਰ ਹੋ ਜਾਵੇਗੀ। ਖਾਦਾਂ : ਪ੍ਰਤੀ ਏਕੜ 20 ਟਨ ਦੇਸੀ ਰੂੜੀ ਦੀ ਖਾਦ, 90 ਕਿਲੋ ਯੂਰੀਆ, 125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਓ।

Onion Farming Onion Farming

ਸਾਰੀ ਰੂੜੀ ਦੀ ਖਾਦ, ਸਾਰੀ ਫਾਸਫੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਵਾਲੀ ਖਾਦ ਪਨੀਰੀ ਲਾਉਣ ਤੋਂ ਪਹਿਲਾਂ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਪੌਦੇ ਲਾਉਣ ਤੋਂ ਚਾਰ ਹਫ਼ਤੇ ਬਾਅਦ ਛੱਟੇ ਨਾਲ ਪਾਉ। ਪਨੀਰੀ ਪੁੱਟ ਕੇ ਖੇਤ ਵਿਚ ਲਾਉਣਾ : 6 ਤੋਂ 8 ਹਫ਼ਤਿਆਂ ਪਿੱਛੋਂ ਪਨੀਰੀ ਤਿਆਰ ਹੋ ਜਾਂਦੀ ਹੈ ਜੋ ਕਿ ਅਗਸਤ ਦੇ ਪਹਿਲੇ ਹਫ਼ਤੇ ਵਿਚ ਪੁੱਟ ਕੇ ਖੇਤ ਵਿਚ ਲਾ ਦੇਣੀ ਚਾਹੀਦੀ ਹੈ। ਚੰਗਾ ਝਾੜ ਲੈਣ ਲਈ ਕਤਾਰਾਂ ਵਿਚ 15 ਸੈਂਟੀਮੀਟਰ ਅਤੇ ਪੌਦਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿਚ ਲਾਓ ਅਤੇ ਤੁਰੰਤ ਪਿੱਛੋਂ ਪਾਣੀ ਦਿਓ। ਬਾਅਦ ਵਿਚ ਪਾਣੀ ਲੋੜ ਅਨੁਸਾਰ ਲਾਉਂਦੇ ਰਹੋ।

 ਨਦੀਨਾਂ ਦੀ ਰੋਕਥਾਮ : ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ ਤਿੰਨ ਹਫ਼ਤੇ ਪਿੱਛੋਂ ਕਰੋ। ਬਾਕੀ ਗੋਡੀਆਂ 15 ਦਿਨ ਦੇ ਵਕਫ਼ੇ ਤੇ ਕਰਦੇ ਰਹੋ। ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈ. ਸੀ. 750 ਮਿਲੀ ਲੀਟਰ 200 ਲਿਟਰ ਪਾਣੀ ਵਿਚ ਘੋਲ ਕੇ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕੋ।

Onion Farming Onion Farming

ਜੇ ਲੋੜ ਪਵੇ ਤਾਂ ਪੌਦੇ ਲਗਾਉਣ ਤੋਂ 60 ਦਿਨ ਬਾਅਦ ਇਕ ਗੋਡੀ ਕਰੋ। ਇਸ ਤੋਂ ਇਲਾਵਾ ਗੋਲ 23.5 ਈ. ਸੀ. (ਆਕਸੀਕਲੋਰੋਫੈਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 90-100 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਹਾੜ੍ਹੀ ਦੇ ਪਿਆਜ਼ ਦੀ ਤਰ੍ਹਾਂ ਹੀ ਕੀਤੀ ਜਾ ਸਕਦੀ ਹੈ। ਪੁਟਾਈ : ਫ਼ਸਲ ਦਸੰਬਰ ਵਿਚ ਪੁੱਟਣ ਲਈ ਤਿਆਰ ਹੋ ਜਾਂਦੀ ਹੈ। ਇਸ ਫ਼ਸਲ ਨੂੰ ਕੋਈ ਵੀ ਹਾਨੀਕਾਰਕ ਕੀੜਾ ਜਾਂ ਬਿਮਾਰੀ ਨਹੀਂ ਲੱਗਦੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement