
ਕਿਹਾ, ਵਿਦੇਸ਼ਾਂ ਵਿਚ ਗ਼ੁਲਾਮੀ ਕਰਨ ਤੋਂ ਚੰਗਾ ਹੈ ਕਿ ਅਪਣੇ ਦੇਸ਼ ਵਿਚ ਰਹਿ ਕੇ ਕੀਤੀ ਜਾਵੇ ਕਮਾਈ
ਖ਼ਰਾਬੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਕਿਸਾਨ ਗੁਰਪ੍ਰੀਤ ਸਿੰਘ ਦੀ ਅਪੀਲ - ਸਹਾਇਕ ਧੰਦੇ ਅਪਨਾ ਕੇ ਕਰੋ ਕਮਾਈ 'ਚ ਇਜ਼ਾਫ਼ਾ
ਬਠਿੰਡਾ (ਕੋਮਲਜੀਤ ਕੌਰ, ਅਮਿਤ ਸ਼ਰਮਾ): ਅੱਜ ਦੇ ਸਮੇਂ ਵਿਚ ਜਿਥੇ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੱਖ-ਵੱਖ ਕਿੱਤਿਆਂ ਵਿਚ ਮੁਹਾਰਤ ਹਾਸਲ ਕਰ ਰਹੇ ਹਨ ਉਥੇ ਹੀ ਉਹ ਪੰਜਾਬ 'ਚ ਰਹਿੰਦੇ ਅਪਣੇ ਰਿਸ਼ਤੇਦਾਰਾਂ ਨਾਲ ਉਥੋਂ ਦੇ ਰਹਿਣ-ਸਹਿਣ ਬਾਰੇ ਜਾਣਕਾਰੀ ਵੀ ਸਾਂਝੀ ਕਰ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਨੇ ਵੀ ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ। ਗੁਰਪ੍ਰੀਤ ਸਿੰਘ ਦੇ ਵਿਦੇਸ਼ ਰਹਿੰਦੇ ਭਰਾ ਨੇ ਉਨ੍ਹਾਂ ਨਾਲ ਹਰੀਆਂ ਸਬਜ਼ੀਆਂ ਆਏ ਫ਼ਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਨੂੰ ਸਹਾਇਕ ਕਿੱਤੇ ਵਜੋਂ ਅਪਨਾਉਣ ਦੀ ਸਲਾਹ ਦਿਤੀ।
ਕਿਸਾਨ ਗੁਰਪ੍ਰੀਤ ਸਿੰਘ ਨੇ ਫ਼ਸਲੀ ਚੱਕਰ 'ਚੋਂ ਬਾਹਰ ਨਿਕਲ ਕੇ ਜੂਸ ਦੀ ਗੱਡੀ ਲਗਾਉਣੀ ਸ਼ੁਰੂ ਕੀਤੀ ਜਿਥੇ ਉਹ ਚਿੱਟੇ ਪੇਠੇ ਸਮੇਤ ਹੋਰ ਕਈ ਤਰ੍ਹਾਂ ਦੇ ਫਲਾਂ ਦਾ ਜੂਸ ਵੇਚਦੇ ਹਨ। ਦੱਸ ਦੇਈਏ ਕਿ ਚਿੱਟਾ ਪੇਠਾ ਪੇਟ ਸਬੰਧੀ ਕਈ ਬਿਮਾਰੀਆਂ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ ਅਤੇ ਵਿਦੇਸ਼ਾਂ ਵਿਚ ਇਸ ਦੇ ਜੂਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਕਿਸੇ ਦੀ ਗ਼ੁਲਾਮੀ ਕਰਨ ਤੋਂ ਚੰਗਾ ਹੈ ਕਿ ਅਪਣੇ ਦੇਸ਼ ਵਿਚ ਰਹਿ ਕੇ ਕਮਾਈ ਕੀਤੀ ਜਾਵੇ। ਇਸੇ ਸੋਚ ਸਦਕਾ ਉਨ੍ਹਾਂ ਨੇ ਅਪਣਾ ਇਹ ਕੰਮ ਕਰੀਬ ਛੇ ਕੁ ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ: ਇਹ ਸਰਦਾਰ ਜੀ ਨੇ ਦਸਿਆ ਜ਼ਿੰਦਗੀ 'ਚ ਖ਼ੁਸ਼ ਰਹਿਣਾ ਦਾ ਰਾਜ਼!
ਕਿਸਾਨ ਨੇ ਦਸਿਆ ਕਿ ਉਹ ਇਸ ਤੋਂ ਪਹਿਲਾਂ ਰਿਵਾਇਤੀ ਖੇਤੀ ਦੇ ਨਾਲ-ਨਾਲ ਸਬਜ਼ੀਆਂ ਦੀ ਕਾਸ਼ਤ ਕਰਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਸਬਜ਼ੀਆਂ ਬਾਰੇ ਜਾਣਕਾਰੀ ਸੀ। ਹੁਣ ਜੂਸ ਦਾ ਕੰਮ ਸ਼ੁਰੂ ਕਰਨ ਵੇਲੇ ਉਨ੍ਹਾਂ ਦਾ ਇਹ ਤਜਰਬਾ ਬਹੁਤ ਕੰਮ ਆਇਆ ਹੈ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਰਿਵਾਇਤੀ ਖੇਤੀ ਕਰਦਿਆਂ ਕਈ ਤਰ੍ਹਾਂ ਦੀਆਂ ਕੁਦਰਤੀ ਕਰੋਪੀਆਂ ਆਦਿ ਕਾਰਨ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਕਾਰਨ ਕਿਸਾਨਾਂ ਲਈ ਸਹਾਇਕ ਧੰਦੇ ਅਪਨਾਉਣੇ ਲਾਜ਼ਮੀ ਹਨ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਬਾਹਰ ਕਿਉਂ ਆਉਣਾ ਚਾਹੁੰਦੇ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ?
ਗੁਰਪ੍ਰੀਤ ਦੇ ਦਸਣ ਮੁਤਾਬਕ ਸਰਦੀਆਂ ਵਿਚ ਕਰੀਬ 20 ਤਰ੍ਹਾਂ ਦੇ ਮੌਸਮੀ ਫ਼ਲਾਂ ਜਦਕਿ ਗਰਮੀਆਂ ਵਿਚ ਤਰਬੂਜ, ਲੌਕੀ ਅਤੇ ਚਿੱਟੇ ਪੇਠੇ ਦਾ ਜੂਸ ਜ਼ਿਆਦਾ ਵਿਕਦਾ ਹੈ। ਇਸ ਦੇ ਨਾਲ ਹੀ ਉਹ ਫ਼ਰੂਟ-ਚਾਟ ਵੀ ਵੇਚਦੇ ਹਨ। ਉਨ੍ਹਾਂ ਦਸਿਆ ਕਿ ਜਦੋਂ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ, ਲੋਕਾਂ ਨੇ ਬਹੁਤ ਪਸੰਦ ਕੀਤਾ। ਗੁਰਪ੍ਰੀਤ ਸਿੰਘ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਰਹਿ ਕੇ ਹੀ ਅਜਿਹੇ ਹੋਰ ਬਹੁਤ ਸਾਰੇ ਧੰਦੇ ਅਪਨਾ ਸਕਦੇ ਹਨ ਜਿਸ ਨਾਲ ਨਾ ਸਿਰਫ਼ ਚੰਗੀ ਕਮਾਈ ਸਗੋਂ ਅਪਣੇ ਪ੍ਰਵਾਰ ਨਾਲ ਰਹਿ ਕੇ ਚੰਗੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ।