
ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਸੁਰਿੰਦਰ ਸਿੰਘ ਨੇ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ 'ਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜ਼ਰੂਰੀ ਗੱਲਾਂ ਧਿਆਨ 'ਚ
ਨਵਾਂਸ਼ਹਿਰ, 14 ਅਪ੍ਰੈਲ (ਅਮਰੀਕ ਸਿੰਘ ਢੀਂਡਸਾ): ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਸੁਰਿੰਦਰ ਸਿੰਘ ਨੇ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ 'ਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜ਼ਰੂਰੀ ਗੱਲਾਂ ਧਿਆਨ 'ਚ ਰੱਖਣ ਦੀ ਅਪੀਲ ਕੀਤੀ ਹੈ।ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ 'ਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਖੜ੍ਹੀ ਕਣਕ ਅਤੇ ਕੱਟੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਲਈ ਖੇਤਾਂ ਵਿਚ ਪਾਣੀ ਦਾ ਪ੍ਰਬੰਧ ਅਗੇਤੇ ਤੌਰ 'ਤੇ ਜ਼ਰੂਰ ਕੀਤਾ ਜਾਵੇ।
File photo
ਇਸ ਲਈ ਸਪਰੇਅ ਕਰਨ ਵਾਲੀਆਂ ਢੋਲੀਆਂ ਵਿਚ ਪਾਣੀ ਭਰ ਕੇ ਰੱਖਿਆ ਜਾਵੇ। ਆਪਣੇ ਖੇਤਾਂ ਵਿਚੋਂ ਟਰਾਂਸਫਾ੍ਰਮਰਾਂ ਨੇੜਿਓਂ ਹੱਥ ਨਾਲ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜੇਕਰ ਕਿਤੇ ਤਾਰਾਂ ਦੀ ਕੋਈ ਸਪਾਰਕਿੰਗ ਦਾ ਪਤਾ ਲੱਗੇ ਤਾਂ ਬਿਜਲੀ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਫੌਰੀ ਸੂਚਿਤ ਕਰ ਕੇ ਨੁਕਸ ਠੀਕ ਕਰਵਾਇਆ ਜਾਵੇ। ਖੇਤ 'ਚ ਲਿਆਉਣ ਤੋਂ ਪਹਿਲਾਂ ਆਪਣੀਆਂ ਕੰਬਾਈਨਾਂ ਦੀ ਚੰਗੀ ਤਰਾਂ ਰਿਪੇਅਰ ਕਰਵਾਈ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਖੇਤਾਂ ਅਤੇ ਮੰਡੀਆਂ ਵਿਚ ਵੀ 'ਸੋਸ਼ਲ ਡਿਸਟੈਂਸਿੰਗ' ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਕਿਸਾਨ ਆਪਣੀ ਪੱਕੀ ਅਤੇ ਸੁੱਕੀ ਕਣਕ ਹੀ ਮੰਡੀਆਂ ਵਿਚ ਲੈ ਕੇ ਜਾਣ ਅਤੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ।