
ਕੰਢੀ ਖੇਤਰ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੰਢੀ ਖੇਤਰ ਨਾਲ ਸਬੰਧਤ ਕਿਸਾਨਾਂ ਨੂੰ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਉਣ ਲਈ 50 ਫ਼ੀ ਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਜੰਗਲੀ ਜਾਨਵਰਾਂ ਤੋਂ ਆਪਣੇ ਖੇਤਾਂ/ਫਸਲਾਂ ਦੀ ਸੁਰੱਖਿਆ ਕਰ ਸਕਣ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਹ ਪ੍ਰਗਟਾਵਾ ਕਰਦਿਆਂ ਦਸਿਆ ਕਿ ਸੂਬੇ ਦੇ ਕੰਡੀ ਖੇਤਰ 'ਚ ਇਕ ਪਾਇਲਟ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਬੰਧਤ ਖੇਤਰ ਦੇ ਕਿਸਾਨ ਆਪਣੇ ਖੇਤਾਂ ਵਿਚ ਕੰਡਿਆਲੀ ਤਾਰ ਲਗਾਉਣ ਲਈ 50 ਫ਼ੀ ਸਦੀ ਤਕ ਵਿਤੀ ਸਹਾਇਤਾ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ।
Sadhu Singh Dharmsot
ਉਨ੍ਹਾਂ ਦਸਿਆ ਕਿ ਇਹ ਯੋਜਨਾ ਤਹਿਤ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਆਦਿ ਜ਼ਿਲ੍ਹਿਆਂ ਦੇ ਕੰਢੀ ਖੇਤਰ ਅਧੀਨ ਆਉਂਦੇ ਕਿਸਾਨ ਵਿੱਤੀ ਸਹਾਇਤਾ ਹਾਸਲ ਕਰ ਸਕਦੇ ਹਨ। ਜੰਗਲਾਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਵੱਲੋਂ ਬੱਲੀਆਂ ਰਾਹੀਂ ਅਤੇ ਐਂਗਲ ਆਇਰਨ/ਸੀਮੈਂਟ ਫੈਨਸ ਪੋਸਟ ਰਾਹੀਂ ਦੋ ਤਰ੍ਹਾਂ ਤਾਰਬੰਦੀ ਕੀਤੀ ਜਾ ਸਕਦੀ ਹੈ।
Kandi farmers to get 50% financial assistance for fencing fields
ਉਨ੍ਹਾਂ ਦਸਿਆ ਕਿ ਬੱਲੀਆਂ ਰਾਹੀਂ ਤਾਰਬੰਦੀ ਕਰਨ 'ਤੇ ਕਿਸਾਨਾਂ ਨੂੰ 125 ਰੁਪਏ ਪ੍ਰਤੀ ਰਨਿੰਗ ਮੀਟਰ ਅਤੇ ਐਂਗਲ ਆਇਰਨ/ਸੀਮੈਂਟ ਫੈਂਨਸ ਪੋਸਟ ਰਾਹੀਂ ਤਾਰਬੰਦੀ ਕਰਨ 'ਤੇ 175 ਰੁਪਏ ਪ੍ਰਤੀ ਰਨਿੰਗ ਮੀਟਰ ਦੇ ਹਿਸਾਬ ਨਾਲ ਵਿਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਵੱਲੋਂ ਆਪਣੇ ਖਰਚੇ 'ਤੇ ਅਗਾਊਂ ਤਾਰਬੰਦੀ ਕਰਨ ਉਪਰੰਤ ਵਿਤੀ ਸਹਾਇਤਾ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਡੀ.ਬੀ.ਟੀ./ਚੈੱਕ ਰਾਹੀਂ ਦੇਣ ਦੀ ਵਿਵਸਥਾ ਕੀਤੀ ਗਈ ਹੈ।
Kandi farmers to get 50% financial assistance for fencing fields
ਧਰਮਸੋਤ ਨੇ ਦੱਸਿਆ ਕਿ ਸੂਬੇ ਦੇ ਕੰਡੀ ਖੇਤਰ 'ਚ ਕੁਦਰਤੀ ਜੰਗਲ ਵੱਡੀ ਤਾਦਾਦ 'ਚ ਹਨ ਅਤੇ ਇਥੇ ਕੁਦਰਤੀ ਤੌਰ 'ਤੇ ਜੰਗਲੀ ਜਾਨਵਰਾਂ ਦੀ ਵੀ ਬਹੁਤਾਤ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਜੰਗਲਾਂ 'ਚ ਹਿਰਨ, ਜੰਗਲੀ ਸੂਰ, ਨੀਲ ਗਾਂ ਅਤੇ ਬਾਂਦਰ ਆਦਿ ਹਨ। ਇਹ ਜਾਨਵਰ ਆਪਣੀ ਖੁਰਾਕ ਲਈ ਕਈ ਵਾਰ ਕਿਸਾਨਾਂ ਦੇ ਖੇਤਾਂ 'ਚ ਫਸਲਾਂ ਦਾ ਨੁਕਸਾਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਨਾਲ ਕਿਸਾਨਾਂ ਅਤੇ ਜੰਗਲੀ ਜਾਨਵਰਾਂ ਵਿਚਕਾਰ ਤਣਾਓ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਣਾਓ ਨੂੰ ਘਟਾਉਣਾ ਹੀ ਇਸ ਯੋਜਨਾ ਦਾ ਮੁੱਖ ਉਦੇਸ਼ ਹੈ।