
4 ਕਿਲੋ ਤਕ ਹੋ ਸਕਦਾ ਹੈ ਨੂਰਜਹਾਂ ਦੇ ਇਕ ਅੰਬ ਦਾ ਵਜ਼ਨ
ਇੰਦੌਰ: ਤੁਸੀਂ ਅੰਬ ਤਾਂ ਬਥੇਰੇ ਦੇਖੇ ਅਤੇ ਖਾਧੇ ਹੋਣਗੇ, ਪਰ ਕੀ ਤੁਸੀਂ ਕਦੇ ਅਜਿਹੀ ਕਿਸਮ ਦੇ ਅੰਬ ਖਾਧੇ ਹਨ ਜਿਸ ਦੇ ਇਕ ਅੰਬ ਦਾ ਵਜ਼ਨ ਚਾਰ ਕਿਲੋ ਦੇ ਕਰੀਬ ਹੋਵੇ। ਕਿਉਂ ਹੋ ਗਏ ਨਾ ਹੈਰਾਨ? ਜੀ ਹਾਂ, ਇਹ ਖ਼ਾਸੀਅਤ ਨੂਰਜਹਾਂ ਕਿਸਮ ਦੇ ਅੰਬਾਂ ਵਿਚ ਪਾਈ ਜਾਂਦੀ ਹੈ। ਅਪਣੀ ਇਸੇ ਖ਼ਾਸੀਅਤ ਕਾਰਨ ਇਹ ਅੰਬ ਖ਼ਾਸ ਵੀ ਨੇ ਅਤੇ ਮਸ਼ਹੂਰ ਵੀ। ਅੰਬਾਂ ਦੀ ਮਲਿਕਾ ਕਹਾਉਣ ਵਾਲੀ ਇਹ ਕਿਸਮ ਸਿਰਫ਼ ਨਾਮ ਤੋਂ ਹੀ ਸ਼ਾਹੀ ਨਹੀਂ ਬਲਕਿ ਇਸ ਦੀਆਂ ਖ਼ੂਬੀਆਂ ਵੀ ਸ਼ਾਹੀ ਨੇ।
Noorjajan Mango
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਅੰਬ ਦੀ ਇਕ ਗੁਠਲੀ ਦਾ ਵਜ਼ਨ ਹੀ 150 ਤੋਂ 200 ਗ੍ਰਾਮ ਦੇ ਦਰਮਿਆਨ ਹੁੰਦਾ ਹੈ। ਇਹ ਖ਼ਾਸ ਅੰਬ ਕਰੀਬ ਇਕ ਫੁੱਟ ਲੰਬਾ ਅਤੇ 19 ਇੰਚ ਤਕ ਚੌੜਾ ਹੋ ਸਕਦਾ ਹੈ। ਯਾਨੀ ਕਿ ਇਕ ਛੋਟੇ ਪਰਿਵਾਰ ਲਈ ਇਕ ਅੰਬ ਹੀ ਕਾਫ਼ੀ ਹੈ। ਨੂਰਜਹਾਂ ਅੰਬ ਦੀ ਸੀਮਤ ਗਿਣਤੀ ਹੋਣ ਕਾਰਨ ਇਸ ਨੂੰ ਖਾਣ ਦੇ ਸ਼ੌਕੀਨ ਪਹਿਲਾਂ ਹੀ ਅੰਬਾਂ ਦੀ ਬੁਕਿੰਗ ਕਰਵਾ ਲੈਂਦੇ ਹਨ।
Noorjajan Mango
ਮੰਗ ਵਧਣ 'ਤੇ ਨੂਰਜਹਾਂ ਕਿਸਮ ਦੇ ਇਕ ਅੰਬ ਦੀ ਕੀਮਤ 500 ਰੁਪਏ ਤਕ ਪਹੁੰਚ ਜਾਂਦੀ ਹੈ। ਅਫ਼ਗਾਨ ਮੂਲ ਦੀ ਇਹ ਕਿਸਮ ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਗਿਣਤੀ ਖੇਤਰ ਅਲੀਰਾਜ ਤੋਂ ਲੈ ਕੇ ਕਠੀਵਾੜਾ ਖੇਤਰ ਵਿਚ ਹੀ ਪਾਈ ਜਾਂਦੀ ਹੈ। ਇਸ ਦੇ ਦਰੱਖਤਾਂ 'ਤੇ ਦਸੰਬਰ ਤਕ ਬੂਰ ਆ ਜਾਂਦਾ ਹੈ ਅਤੇ ਜੂਨ ਤਕ ਅੰਬ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਨੇ। ਨੂਰਜਹਾਂ ਅੰਬ ਦਾ ਵਜ਼ਨ ਅਤੇ ਕੀਮਤ ਸੱਚਮੁੱਚ ਹੈਰਾਨ ਕਰਨ ਵਾਲਾ ਹੈ।
Noorjajan Mango
ਨੂਰਜਹਾਂ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਹੈ ਕਿ ਦਹਾਕਿਆਂ ਪਹਿਲਾਂ ਇਸ ਕਿਸਮ ਦੇ ਇਕ ਅੰਬ ਦਾ ਵਜ਼ਨ 7 ਕਿਲੋਗ੍ਰਾਮ ਤਕ ਹੁੰਦਾ ਸੀ ਯਾਨੀ ਅੰਬਾਂ ਦੀ ਇਹ ਮਲਿਕਾ ਭਾਰਤ ਵਿਚ ਆ ਕੇ ਕਾਫ਼ੀ ਪਤਲੀ ਹੋ ਗਈ। ਜਲਵਾਯੂ ਪਰਿਵਰਤਨ, ਤਾਪਮਾਨ 'ਚ ਬਦਲਾਅ ਅਤੇ ਉਚਿਤ ਦੇਖਰੇਖ ਦੀ ਕਮੀ ਵਿਚ ਇਸ ਅੰਬ ਦੀ ਪੈਦਾਵਾਰ ਕਾਫ਼ੀ ਘੱਟ ਹੁੰਦੀ ਜਾ ਰਹੀ ਹੈ।
Noorjajan Mango
ਹੁਣ ਮੱਧ ਪ੍ਰਦੇਸ਼ ਦੇ ਇਸ ਖੇਤਰ ਵਿਚ ਨੂਰਜਹਾਂ ਅੰਬ ਦੇ ਕੁੱਝ ਬਾਗ਼ ਹੀ ਬਾਕੀ ਬਚੇ ਹਨ। ਨੂਰਜਹਾਂ ਦੀ ਖੇਤੀ ਕਰਨ ਵਾਲੇ ਮੱਧ ਪ੍ਰਦੇਸ਼ ਦੇ ਇਕ ਕਿਸਾਨ ਨੂੰ ਇਸ ਦੀ ਪੈਦਾਵਾਰ ਕਰਨ ਦੇ ਲਈ ਸਰਕਾਰ ਵੱਲੋਂ ਆਲ ਇੰਡੀਆ ਮੈਗੋ ਸ਼ੋਅ ਵਿਚ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਮਾਹਿਰਾਂ ਅਨੁਸਾਰ ਪਿਛਲੇ ਇਕ ਦਹਾਕੇ ਦੌਰਾਨ ਮਾਨਸੂਨੀ ਬਾਰਿਸ਼ ਵਿਚ ਦੇਰੀ, ਘੱਟ ਬਾਰਿਸ਼ ਅਤੇ ਜ਼ਿਆਦਾ ਬਾਰਿਸ਼ ਅਤੇ ਹੋਰ ਵਾਤਾਵਰਣ ਸਬੰਧੀ ਬਦਲਾਵਾਂ ਦੇ ਚਲਦਿਆਂ ਇਸ ਦੁਰਲਭ ਕਿਸਮ ਦੇ ਵਜੂਦ 'ਤੇ ਸੰਕਟ ਮੰਡਰਾ ਰਿਹਾ ਹੈ।
Noorjajan Mango
ਅੰਬ ਦੀ ਇਹ ਪ੍ਰਜਾਤੀ ਮੌਸਮੀ ਉਤਾਰ ਚੜ੍ਹਾਅ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ। ਇਸ ਦੀ ਦੇਖ-ਰੇਖ ਓਵੇਂ ਹੀ ਕਰਨੀ ਹੁੰਦੀ ਹੈ ਜਿਵੇਂ ਅਸੀਂ ਕਿਸੇ ਛੋਟੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਹਾਂ। ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਅੰਬਾਂ ਦੀ ਇਸ ਮਲਿਕਾ ਨੂਰਜਹਾਂ ਦੀ ਪੈਦਾਵਾਰ ਵੱਲ ਧਿਆਨ ਦੇਵੇ ਤਾਂ ਦੇਸ਼ ਵਿਚ ਇਸ ਦੀ ਕਾਸ਼ਤ ਵਧਾਈ ਜਾ ਸਕਦੀ ਹੈ ਪਰ ਅਫ਼ਸੋਸ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ, ਜਿਸ ਦੇ ਨਤੀਜੇ ਵਜੋਂ ਭਾਰਤ ਵਿਚ ਨੂਰਜਹਾਂ ਦੇ ਕਾਸ਼ਤਕਾਰ ਕਾਫ਼ੀ ਨਿਰਾਸ਼ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।