
ਨਵੀਂ ਦਿੱਲੀ, 16 ਸਤੰਬਰ (ਸੁਖਰਾਜ
ਸਿੰਘ): ''ਹਰਨਾਮ ਸਿੰਘ ਹਰਬੰਸ ਕੌਰ ਚੇਰੀਟੇਬਲ ਟਰੱਸਟ ਵਲੋਂ ਅਪਣਾ 30ਵਾਂ ਸਥਾਪਨਾ
ਦਿਹਾੜਾ ਡਬਲਿਊ.ਈ.ਏ. ਕਰੋਲ ਬਾਗ ਵਿਖੇ ਉਤਸਾਹ ਨਾਲ ਮਨਾਇਆ ਗਿਆ ਜਿਸ 'ਚ ਸ੍ਰੀ
ਚੁਤਿਨਤਾਰਨ ਗੋਨਕਾਸਡੀ ਹਾਈ ਕਮਿਸ਼ਨਰ ਥਾਈਲੈਂਡ, ਰਜਿੰਦਰ ਨਗਰ ਦੇ ਵਾਰਡ ਨੰਬਰ 102-ਐਨ
ਤੋਂ ਕੌਂਸਲਰ ਤੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਡਾ. ਪੀ. ਖੋਮਸੋਰਨ (ਬੌਧ
ਸਮਾਜ), ਵਿਜੈ ਕਪੂਰ, ਰਵੀ ਕੁਮਾਰ, ਸ੍ਰੀਮਤੀ ਪ੍ਰਤਿਭਾ ਕਰਨ, ਸ੍ਰੀਮਤੀ ਅਤੇ ਸ੍ਰੀ
ਗੁਰਮੁੱਖ ਸਿੰਘ ਸਚਦੇਵ ਮੈਨੇਜਿੰਗ ਟ੍ਰਸੱਟੀ ਅਤੇ ਕਈ ਪਤਵੰਤੇ ਸੱਜਣ ਸ਼ਾਮਿਲ ਹੋਏ।ਟਰੱਸਟ
ਦੁਆਰਾ ਸ੍ਰੀ ਚੁਤਿਨਤਾਰਨ ਅਤੇ ਪਰਮਜੀਤ ਸਿੰਘ ਰਾਣਾ ਨੂੰ ਫੁੱਲਾਂ ਦਾ ਗੁਲਦਸਤਾ ਅਤੇ
ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ੍ਰੀ ਚੁਤਿਨਤਾਰਨ ਨੇ
ਭਾਰਤੀ ਸਭਿਆਚਾਰ, ਕਲਾ ਅਤੇ ਵਿਰਾਸਤ ਦੀ ਸ਼ਲਾਘਾ ਕਰਦੇ ਹੋਏ ਭਾਰਤ 'ਚ ਅਪਣੇ ਤਜ਼ਰਬੇ ਦੀਆਂ
ਕਈ ਯਾਦਾਂ ਦੱਸੀਆਂ ਜਦੋਂ ਕਿ ਸ. ਰਾਣਾ ਨੇ ਅਪਣੇ ਸੰਬੋਧਨ 'ਚ ਟਰੱਸਟ ਦੁਆਰਾ ਸਮਾਜ ਸੇਵਾ
ਦੇ ਖੇਤਰ 'ਚ ਕੀਤੇ ਗਏ ਉਨ੍ਹਾਂ ਦੇ ਕਾਰਜਾਂ ਲਈ ਵਧਾਈ ਦਿੰਦੇ ਹੋਏ ਧੀਆਂ ਅਤੇ ਮਹਿਲਾਵਾਂ
ਦੀ ਪ੍ਰਗਤੀ ਵੱਲ ਅਪਣਾ ਧਿਆਨ ਕੇਂਦ੍ਰਿਤ ਕਰਨ ਲਈ ਪ੍ਰੇਰਿਤ ਕੀਤਾ। ਸ. ਰਾਣਾ ਨੇ ਕਿਹਾ ਕਿ
ਧੀਆਂ ਅਨਮੋਲ ਵਿਰਾਸਤ ਹਨ ਇਸ ਲਈ ਸਾਨੂੰ ਧੀਆਂ ਨੂੰ ਅਭਿਸ਼ਾਪ ਨਹੀਂ ਵਰਦਾਨ ਸਮਝਣ ਦੀ ਸੋਚ
ਅਪਨਾਉਣੀ ਹੋਵੇਗੀ। ਕਿਸੇ ਦੀ ਧੀ ਸਾਡੇ ਘਰ ਦੀ ਨੂੰਹ ਹੈ ਅਤੇ ਸਾਡੀ ਧੀ ਕਿਸੇ ਦੇ ਘਰ ਦੀ
ਨੂੰਹ ਹੈ। ਇਸ ਲਈ ਸਾਨੂੰ ਕੁੱਖ਼ 'ਚ ਭਰੂਣ-ਜਾਂਚ ਕਰਵਾਉਣ ਵਰਗੀ ਮੰਦਭਾਗੀ ਸੋਚ ਨੂੰ ਵੀ
ਤਿਆਗਣਾ ਹੋਵੇਗਾ।