
ਨਵੀਂ
ਦਿੱਲੀ, 6 ਅਕਤੂਬਰ (ਸੁਖਰਾਜ ਸਿੰਘ) : ਇਥੇ ਦੇ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਨੂੰ
ਸਵੱਛ ਭਾਰਤ ਮੁਹਿੰਮ ਤਹਿਤ ਦਿੱਲੀ ਦੇ ਸਭ ਤੋਂ ਸਾਫ਼-ਸੁਥਰਾ ਧਾਰਮਕ ਅਸਥਾਨ ਵਜੋਂ ਚੁਣਿਆ
ਗਿਆ ਹੈ। ਨਵੀਂ ਦਿੱਲੀ ਨਗਰ ਪਰਿਸ਼ਦ ਦੇ ਚੇਅਰਮੈਨ ਪਵਨ ਗੋਇਲ, ਸਕੱਤਰ ਚੰਚਲ ਯਾਦਵ,
ਸੀ.ਐਮ.ਓ. ਡਾ. ਸ੍ਰੀ ਵਾਸਤਵ ਤੇ ਸਾਬਕਾ ਸਾਂਸਦ ਅਨਿਤਾ ਆਰਯ ਵਲੋਂ ਇਸ ਸਬੰਧੀ ਕਨਾਟ ਪਲੈਸ
ਦੇ ਸੈਂਟ੍ਰਲ ਪਾਰਕ ਵਿਖੇ ਹੋਏ ਸਮਾਗਮ ਦੌਰਾਨ ਗੁਰਦਵਾਰਾ ਬੰਗਲਾ ਸਾਹਿਬ ਦੇ ਚੇਅਰਮੈਨ
ਪਰਮਜੀਤ ਸਿੰਘ ਚੰਢੋਕ ਨੂੰ ਪ੍ਰਮਾਣ-ਪੱਤਰ ਦਿੱਤਾ ਗਿਆ।
ਦਿੱਲੀ ਕਮੇਟੀ ਦੇ ਪ੍ਰਧਾਨ
ਮਨਜੀਤ ਸਿੰਘ ਜੀ.ਕੇ. ਨੇ ਗੁਰਦਵਾਰਾ ਬੰਗਲਾ ਸਾਹਿਬ ਦੀ ਚੋਣ ਬੀਤੇ ਦਿਨੀਂ ਦਿੱਲੀ ਦੇ ਸਭ
ਤੋਂ ਪਸੰਦੀਦਾ ਧਾਰਮਕ ਸਥਾਨ ਵੱਜੋਂ ਹੋਣ ਉਪਰੰਤ ਹੁਣ ਸਭ ਤੋਂ ਸਾਫ਼ ਧਾਰਮਕ ਸਥਾਨ ਦਾ
ਪ੍ਰਮਾਣ ਪੱਤਰ ਗੁਰਦਵਾਰਾ ਸਾਹਿਬ ਨੂੰ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ
ਕਿਹਾ ਕਿ ਦਿੱਲੀ ਕਮੇਟੀ ਲਗਾਤਾਰ ਗੁਰਦਵਾਰਾ ਸਾਹਿਬ ਦੇ ਸੁੰਦਰੀਕਰਨ ਦੇ ਕਾਰਜਾਂ ਦੇ
ਨਾਲ-ਨਾਲ ਸੰਗਤਾਂ ਦੀ ਸਹੂਲਤਾਂ 'ਚ ਵਾਧਾ ਕਰਨ ਵਾਸਤੇ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹੈ।
ਜਿਸ ਕਰਕੇ ਅੱਜ ਗੁਰਦਵਾਰਾ ਬੰਗਲਾ ਸਾਹਿਬ ਧਰਮ ਅਤੇ ਅਧਿਆਤਮ ਦਾ ਸਭ ਤੋਂ ਵੱਡਾ ਕੇਂਦਰ
ਬਣ ਕੇ ਉਭਰਨ 'ਚ ਕਾਮਯਾਬ ਹੋ ਰਿਹਾ ਹੈ। ਸ. ਜੀ.ਕੇ. ਨੇ ਬਹੁਤ ਜਲਦ ਹੀ ਗੁਰਦਵਾਰਾ ਬੰਗਲਾ
ਸਾਹਿਬ ਵਿਖੇ ਆਧੂਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ ਸ਼ੁਰੂ ਹੋਣ ਦੀ ਜਾਣਕਾਰੀ ਵੀ ਦਿਤੀ।