
ਚੰਡੀਗੜ੍ਹ, 17 ਜਨਵਰੀ (ਸ.ਸ.ਸ.) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਸਰਕਾਰ ਵਲੋਂ ਦੁਬਾਰਾ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੀ ਐਫ਼ੀਲੀਏਸ਼ਨ ਲੈਣ ਦੀਆਂ ਕੋਸ਼ਿਸ਼ਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ।'ਆਪ' ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਕਿਸੇ ਵੀ ਕੀਮਤ ਉਤੇ ਹਰਿਆਣਾ ਦੇ ਕਾਲਜਾਂ ਨੂੰ ਮੁੜ ਤੋਂ ਪੰਜਾਬ ਯੂਨੀਵਰਸਟੀ ਦੀ ਐਫ਼ੀਲੀਏਸ਼ਨ ਨਾ ਲੈਣ-ਦੇਣ ਕਿਉਂਕਿ ਇਸ ਨਾਲ ਰਾਜਧਾਨੀ ਚੰਡੀਗੜ੍ਹ ਉਪਰ ਪੰਜਾਬ ਦੇ ਹੱਕ ਨੂੰ ਹੋਰ ਢਾਅ ਲੱਗੇਗੀ।ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਸਪੱਸ਼ਟ ਕੀਤਾ ਕਿ ਕਾਫ਼ੀ ਸਮਾਂ ਪਹਿਲਾਂ ਹਰਿਆਣਾ ਸਰਕਾਰ ਨੇ ਸੂਬੇ ਦੇ ਕਾਲਜਾਂ ਦੀ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐਫ਼ੀਲੀਏਸ਼ਨ ਰੱਦ ਕਰ ਕੇ ਹਰਿਆਣਾ ਦੀਆਂ ਯੂਨੀਵਰਸਟੀ ਨਾਲ ਕਰ ਦਿਤੀ ਸੀ,
ਪ੍ਰੰਤੂ ਹੁਣ ਦੁਬਾਰਾ ਪੰਜਾਬ ਯੂਨੀਵਰਸਟੀ ਤੋਂ ਐਫ਼ੀਲੀਏਸ਼ਨ ਲੈਣ ਦੀ ਕੋਸ਼ਿਸ਼ ਪਿੱਛੇ ਕਿਸੇ ਸਾਜ਼ਸ਼ ਦੀ ਬੋਅ ਆ ਰਹੀ ਹੈ। ਇਥੋਂ ਤਕ ਕਿ ਪੰਜਾਬ ਯੂਨੀਵਰਸਟੀ ਦੇ ਮੌਜੂਦਾ ਉਪ-ਕੁਲਪਤੀ ਵੀ ਹਰਿਆਣਾ ਦੇ ਕਾਲਜਾਂ ਨੂੰ ਮੁੜ ਐਫ਼ੀਲੀਏਸ਼ਨ ਦੇਣ ਦੇ ਹੱਕ 'ਚ ਵਿਖਾਈ ਦਿੰਦੇ ਹਨ। ਉਪ ਕੁਲਪਤੀ ਦਾ ਅਜਿਹਾ ਕਦਮ ਕਿਸੇ ਨਿੱਜੀ
ਸਵਾਰਥ ਜਾਂ ਹਰਿਆਣਾ ਸਰਕਾਰ ਤੋਂ ਯੂਨੀਵਰਸਟੀ ਨੂੰ ਮਾਲੀ ਮਦਦ ਲਈ ਹੋ ਸਕਦੀ ਹੈ।ਅਜਿਹੀ ਸੂਰਤ 'ਚ ਬਤੌਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿਤਾਂ ਦੀ ਰੱਖਿਆ ਲਈ ਅੱਗੇ ਆ ਕੇ ਹਰਿਆਣਾ ਦੇ ਇਸ ਕਦਮ ਨੂੰ ਅਸਫ਼ਲ ਬਣਾਉਣ, ਕਿਉਂਕਿ ਪੰਜਾਬ ਦੇ ਸੱਤਾਧਾਰੀਆਂ ਦੇ ਢਿੱਲਮੱਠ ਰਵੱਈਏ ਕਾਰਨ ਪੰਜਾਬ ਪਹਿਲਾਂ ਹੀ ਬਹੁਤ ਦਫ਼ਾ ਖਤਾ ਖਾ ਚੁੱਕਿਆ ਹੈ।