ਲੋਕ ਵਿਖਾਵੇ ਲਈ ਸਭਿਆਚਾਰਕ ਮੇਲਿਆਂ ’ਤੇ ਇਸ ਦੀ ਝਲਕ ਕਦੇ ਕਦਾਈਂ ਵੇਖਣ ਨੂੰ ਮਿਲ ਜਾਂਦੀ ਹੈ
ਮੁਹਾਲੀ: ਪੰਜਾਬੀ ਸਭਿਆਚਾਰ ਦਾ ਅਨਿਖੜਵਾਂ ਅੰਗ ਰਿਹਾ ਚਰਖ਼ਾ ਅੱਜਕਲ ਕਿਸੇ ਘਰ ਦੀ ਪਰਛੱਤੀ ਦੇ ਇਕ ਨੁਕਰੇ ਪਿਆ ਅਪਣੇ ਟੁੱਟੇ ਭੱਜੇ ਅੰਗਾਂ ਨਾਲ ਆਖ਼ਰੀ ਸਾਹ ਲੈ ਰਿਹਾ ਹੈ। ਲੋਕ ਵਿਖਾਵੇ ਲਈ ਸਭਿਆਚਾਰਕ ਮੇਲਿਆਂ ’ਤੇ ਇਸ ਦੀ ਝਲਕ ਕਦੇ ਕਦਾਈਂ ਵੇਖਣ ਨੂੰ ਮਿਲ ਜਾਂਦੀ ਹੈ। ਮਸ਼ੀਨੀ ਯੁੱਗ ਤੋਂ ਪਹਿਲਾਂ ਸਾਰਾ ਧਾਗਾ ਚਰਖ਼ੇ ਨਾਲ ਹੀ ਕੱਤਿਆ ਜਾਂਦਾ ਸੀ। ਘਰ ਦੀਆਂ ਧੀਆਂ ਧਿਆਣੀਆਂ ਗਰਮੀ ਸਰਦੀ ਰੁੱਤੇ ਦੇਰ ਰਾਤ ਤਕ ਚਰਖਾਂ ਕਤਦੀਆਂ ਰਹਿੰਦੀਆਂ ਸਨ। ਲੜਕੀ ਦੇ ਵਿਆਹ ਸਮੇਂ ਦਹੇਜ ਦੇ ਰੂਪ ਵਿਚ ਦਿਤਾ ਜਾਣ ਵਾਲਾ ਚਰਖ਼ਾ ਸਹੁਰੇ ਘਰ ਬੈਠੀ ਧੀ ਜਦੋਂ ਉਦਾਸ ਹੁੰਦੀ ਤਾਂ ਇਸ ਨੂੰ ਵੇਖ ਬੋਲੀਆਂ ਪਾ ਅਪਣੀ ਮਾਂ ਦੀ ਯਾਦ ਕਰਦੀ ਹੋਈ ਕਹਿੰਦੀ।
ਮਾਂ ਮੇਰੀ ਮੈਨੂੰ ਚਰਖ਼ਾ ਦਿਤਾ ਵਿਚ ਲੁਆਈਆਂ ਮੇਖਾਂ
ਮਾਂ ਤੈਨੂੰ ਯਾਦ ਕਰਾਂ ਜਦ ਚਰਖ਼ੇ ਵਲ ਵੇਖਾਂ
ਪੰਜਾਬੀ ਗੀਤਾਂ ਵਿਚ ਚਰਖ਼ੇ ਦਾ ਜ਼ਿਕਰ ਆਮ ਹੁੰਦਾ ਸੀ। ਚਰਖ਼ੇ ਦੀ ਗੂੰਜ ਪਹਾੜਾਂ ਵਿਚ ਬੈਠੇ ਜੋਗੀਆਂ ਨੂੰ ਵੀ ਕੀਲ ਲੈਂਦੀ ਸੀ।
ਚਰਖ਼ੇ ਦੀ ਗੂੰਜ ਸੁਣ ਕੇ, ਜੋਗੀ ਉੱਤਰ ਪਹਾੜੋਂ ਆਇਆ।
ਜੇਕਰ ਚਰਖੇ ਦੀ ਬਣਤਰ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਦੇ ਲੱਕੜ ਦੇ ਬਣੇ ਹੇਠਲੇ ਹਿੱਸੇ ਨੂੰ ਕਾਢ ਕਿਹਾ ਜਾਂਦਾ ਸੀ ਜਿਸ ਦੇ ਇਕ ਸਿਰੇ ਤੇ ਛੋਟੀ ਫੱਟੀ ਲੱਗੀ ਹੁੰਦੀ ਸੀ। ਇਸ ਨੂੰ ਫੱਲੜ ਕਹਿੰਦੇ ਸਨ।
ਇਸ ਫੱਲੜ ਵਿਚ ਤਿੰਨ ਛੋਟੀਆਂ ਛੋਟੀਆਂ ਮੁੰਨੀਆਂ ਲੱਗੀਆਂ ਹੁੰਦੀਆਂ ਸਨ ਜਿਸ ਨੂੰ ਗੁੱਡੀਆਂ ਕਿਹਾ ਜਾਂਦਾ ਸੀ। ਇਸ ਕਾਢ ਦੇ ਦੂਸਰੇ ਸਿਰੇ ਤੇ ਇਕ ਹੋਰ ਚੌੜਾ ਫੱਟਾ ਲੱਗਾ ਹੁੰਦਾ ਸੀ ਇਸ ਨੂੰ ਵੀ ਫੱਲੜ ਕਿਹਾ ਜਾਂਦਾ ਸੀ। ਇਸ ਫੱਲੜ ਵਿਚ ਵੀ ਖਰਾਦ ਨਾਲ ਡਿਜ਼ਾਈਨ ਬਣਾ ਕੇ ਦੋ ਵੱਡੇ ਮੁੰਨੇ ਲੱਗੇ ਹੁੰਦੇ ਸਨ ਜਿਨ੍ਹਾਂ ਅੰਦਰ ਪਤਲੀ ਜਿਹੀ ਲੱਕੜ ਦੇ ਫੱਟੇ ਜੋੜਕੇ ਦੋ ਗੋਲ ਆਕਾਰ ਬਣਾਏ ਜਾਂਦੇ ਸਨ। ਇਨ੍ਹਾਂ ਨੂੰ ਫੱਟ ਕਿਹਾ ਜਾਂਦਾ ਸੀ ਜਿਸ ਦੀ ਗੋਲ ਲੱਕੜ ਨੂੰ ਮੇਖਾਂ ਨਾਲ ਜੋੜਿਆ ਹੁੰਦਾ ਸੀ। ਇਸ ਨੂੰ ਮਝੇਰੂ ਕਹਿੰਦੇ ਸਨ। ਇਨ੍ਹਾਂ ਗੋਲ ਆਕਾਰ ਦੇ ਫੱਟਾਂ ਦੇ ਅਖ਼ੀਰ ਵਿਚ ਆਰੀ ਨਾਲ ਤਿਰਛੇ ਦੰਦੇ ਕੱਢੇ ਹੁੰਦੇ ਸਨ। ਇਨ੍ਹਾਂ ਦੰਦਿਆਂ ਵਿਚ ਸਣ ਦੀ ਰੱਸੀ ਕਰਾਸ ਕਰ ਕੇ ਫੇਰੀ ਜਾਂਦੀ ਸੀ ਜਿਸ ਨੂੰ ਕਸਣ ਕਿਹਾ ਜਾਂਦਾ ਸੀ। ਦੋਵੇਂ ਵੱਡੇ ਮੁੰਨਿਆਂ ਵਿਚਾਲੇ ਲੱਗੇ ਮੰਝੇਰੂ ਵਿਚ ਇਕ ਲੋਹੇ ਦਾ ਚਾਰ ਸੂਤ ਮੋਟਾ ਸਰੀਆ ਪਾਇਆ ਹੁੰਦਾ ਸੀ ਜਿਸ ਨੂੰ ਗੁੱਜ ਕਹਿੰਦੇ ਸਨ। ਇਸ ਗੁੱਜ ਦੇ ਇਕ ਪਾਸੇ ਲੱਕੜ ਦਾ ਹੱਥਾ ਲੱਗਾ ਹੁੰਦਾ ਸੀ ਜਿਸ ਨਾਲ ਚਰਖੇ ਨੂੰ ਹੱਥ ਨਾਲ ਚਲਾਇਆ ਜਾਂਦਾ ਸੀ।
ਚਰਖੇ ਦੇ ਅਗਲੇ ਪਾਸੇ ਲੱਗੀਆਂ ਤਿੰਨ ਗੁੱਡੀਆਂ ਵਿਚਕਾਰ ਛੋਟੀਆਂ ਗਲੀਆਂ ਹੁੰਦੀਆਂ ਸਨ ਜਿਨ੍ਹਾਂ ਵਿਚ ਮੁੰਜ ਦੇ ਗੁੰਦ ਕੇ ਛੋਟੇ ਛੋਟੇ ਡੱਕੇ ਪਾਏ ਹੁੰਦੇ ਸਨ। ਇਨ੍ਹਾਂ ਨੂੰ ਚਰਮਖਾਂ ਕਿਹਾ ਜਾਂਦਾ ਸੀ ਜਿਸ ਵਿਚ ਲੋਹੇ ਦਾ ਤਕਲਾ ਪਾਇਆ ਹੁੰਦਾ ਸੀ ਜਿਸ ਦਾ ਅਗਲਾ ਤੇ ਪਿਛਲਾ ਸਿਰਾ ਪਤਲਾ ਤਿੱਖਾ ਅਤੇ ਵਿਚਕਾਰੋਂ ਮੋਟਾ ਹੁੰਦਾ ਸੀ। ਇਸ ਤਕਲੇ ਦਾ ਅਗਲੇ ਪਾਸੇ ਸੂਤ ਕੱਤ ਕੇ ਗਲੋਟਾ ਬਣਾਇਆ ਜਾਂਦਾ ਸੀ। ਇਸ ਗਲੋਟੇ ਦੇ ਪਿਛਲੇ ਪਾਸੇ ਇਕ ਗੋਲ ਵਾਸ਼ਲ ਹੁੰਦੀ ਸੀ ਜਿਸ ਨੂੰ ਦਮਕੜਾ ਕਿਹਾ ਜਾਂਦਾ ਸੀ। ਹੱਥਾਂ ਘੁਮਾਉਣ ਨਾਲ ਮਾਲ ਘੁੰਮਦੀ ਸੀ। ਇਸ ਨੂੰ ਘੁਮਾਉਣ ਲਈ ਜੋ ਸੂਤ ਵਲੇਟਿਆ ਜਾਂਦਾ ਸੀ ਉਸ ਨੂੰ ਬੀੜੀ ਕਹਿੰਦੇ ਸਨ। ਕਈ ਵਾਰ ਜਦੋਂ ਕਿਸੇ ਮੁਟਿਆਰ ਦਾ ਮਨ ਕੱਤਣ ਨੂੰ ਨਹੀਂ ਸੀ ਕਰਦਾ ਤਾਂ ਉਹ ਚਰਖੇ ਦੀ ਮਾਲ ਨੂੰ ਤੋੜ ਦਿੰਦੀ ਸੀ ਅਤੇ ਆਪ ਮੁਹਾਰੇ ਗਾਉਂਦੀ ਸੀ।
ਮੇਰੇ ਚਰਖੇ ਦੀ ਟੁੱਟ ਗਈ ਮਾਲ, ਵੇ ਦਸ ਕੱਤਾਂ ਕਿ ਨਾ
ਸੂਤ ਨੂੰ ਵੱਟ ਕੇ ਧਾਗਾ ਤਿਆਰ ਕੀਤਾ ਜਾਂਦਾ ਸੀ ਜੋ ਕੱਸਣ ਉਪਰ ਹੁੰਦਾ ਹੋਇਆ ਤਕਲੇ ਨੂੰ ਘੁੰਮਾਉਂਦਾ ਸੀ। ਇਸ ਤਰ੍ਹਾਂ ਤੱਕਲੇ ਨਾਲ ਪੂਣੀ ਦਾ ਇਕ ਸਿਰਾ ਜੋੜ ਕੇ ਸੂਤ ਕੱਤਿਆ ਜਾਂਦਾ ਸੀ। ਪੂਣੀਆਂ ਕੱਤ ਕੱਤ ਕੇ ਗਲੋਟੇ ਬਣਾਏ ਜਾਂਦੇ ਸਨ ਜਿਨ੍ਹਾਂ ਨੂੰ ਰੱਖਣ ਲਈ ਕੱਤਣੀ ਬਣਾਈ ਜਾਂਦੀ ਸੀ। ਇਹ ਕੱਤਣੀ ਕਣਕ ਦੀਆਂ ਤੀਲਾਂ ਦੀ ਬਣੀ ਹੁੰਦੀ ਸੀ। ਇਸ ਦੀ ਸੁੰਦਰਤਾ ਵਧਾਉਣ ਲਈ ਲੋਗੜੀ ਦੇ ਫੁੱਲ ਵੀ ਲਗਾਏ ਜਾਂਦੇ ਸਨ। ਚਰਖੇ ਦੀ ਸਜਾਵਟ ਲਈ ਕਈ ਤਰ੍ਹਾਂ ਦੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਸ ਨੂੰ ਛੋਟੇ ਛੋਟੇ ਸ਼ੀਸ਼ੇ ਵੀ ਲਗਾਏ ਜਾਂਦੇ ਸਨ। ਗਲੋਟੇ ਰੱਖਣ ਲਈ ਬੋਈਏ ਅਤੇ ਛੋਟੇ ਗੋਹਲਿਆਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਸੀ। ਚਰਖਾ ਕੱਤਦੀਆਂ ਮੁਟਿਆਰਾਂ ਆਮ ਤੌਰ ਤੇ ਬੋਲੀਆਂ ਪਾਉਂਦੀਆਂ ਹੁੰਦੀਆਂ ਸਨ।
ਮੇਰੀ ਕੱਤਣੀ ਫਰਾਟੇ ਮਾਰੇ, ਪੂਣੀਆਂ ਦੇ ਸੱਪ ਬਣ ਕੇ
-ਸੁਰਿੰਦਰ ਸਿੰਘ ਰਸੂਲਪੁਰ।
9417370699