
ਫੁਲਕਾਰੀ ਜਿਸ ਨਾਲ ਪੰਜਾਬਣ ਮੁਟਿਆਰ ਦੀ ਵਖਰੀ ਪਹਿਚਾਣ ਬਣਦੀ ਹੈ। ਸ਼ਗਨਾਂ, ਜਾਗੋ , ਰਸਮਾਂ, ਰਿਵਾਜਾਂ, ਗਿੱਧਾ , ਸਮਾਗਮਾਂ, ਤਿਉਹਾਰਾਂ ਵਿਆਹ ਆਦਿ ਮੌਕੇ
ਫੁਲਕਾਰੀ ਜਿਸ ਨਾਲ ਪੰਜਾਬਣ ਮੁਟਿਆਰ ਦੀ ਵਖਰੀ ਪਹਿਚਾਣ ਬਣਦੀ ਹੈ। ਸ਼ਗਨਾਂ, ਜਾਗੋ , ਰਸਮਾਂ, ਰਿਵਾਜਾਂ, ਗਿੱਧਾ , ਸਮਾਗਮਾਂ, ਤਿਉਹਾਰਾਂ ਵਿਆਹ ਆਦਿ ਮੌਕੇ ਲਾੜੀ, ਮੁਟਿਆਰਾਂ ਆਦਿ ਦੀ ਸੁੰਦਰਤਾ ਨੂੰ ਚਾਰ- ਚੰਨ ਲਗਾਉਂਦੀ ਫੁਲਕਾਰੀ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ।
ਫੁਲਕਾਰੀ ਸ਼ਬਦ ਫੂੱਲ ਅਤੇ ਕਾਰੀ ਤੋਂ ਬਣਿਆ ਹੈ। ਜਿਸ ਦਾ ਮਤਲਬ ਹੁੰਦਾ ਹੈ -ਫੁੱਲਾਂ ਦੀ ਕਾਰੀਗਰੀ। ਫੁਲਕਾਰੀ ਉਹ ਕਢਾਈ ਹੈ ਜੋ ਚੁੰਨੀਆਂ/ਦੁੱਪਟਿਆਂ ਉਤੇ ਹੱਥਾਂ ਰਾਹੀਂ ਧਾਗਿਆਂ ਨਾਲ ਕੱਢੀ ਜਾਂਦੀ ਹੈ। ਹਰ ਤਰ੍ਹਾਂ ਦੀ ਕਢਾਈ ਲਈ ਵਰਤੋਂ ਵਿਚ ਆਉਣ ਵਾਲਾ ਇਹ ਸ਼ਬਦ ਬਾਅਦ ਵਿਚ ਸ਼ਾਲਾ ਸਿਰ ਤੇ ਲੈਣ ਵਾਲੀਆਂ ਚਾਦਰਾਂ ਆਦਿ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ ਪੰਜਾਬਣ ਦਾ ਕੱਜਣ ਫੁਲਕਾਰੀ ਹੈ। ਪੁਰਾਣੇ ਸਮਿਆਂ ਵਿਚ ਧੀਆਂ-ਧਿਆਣੀਆਂ ਨੂੰ ਚੱਜ ਸਲੀਕੇ ਚੁੱਲ੍ਹੇ-ਚੌਕੇ, ਕੱਤਣ-ਬੁਣਨ ਆਦਿ ਦਾ ਕੰਮ ਸਿਖਾਇਆ ਜਾਂਦਾ ਸੀ ਉਸ ਵਿਚ ਵੀ ਫੁਲਕਾਰੀ ਦੀ ਕਢਾਈ ਅਹਿਮ ਭੂਮਿਕਾ ਰਖਦੀ ਸੀ । ਕੁੜੀਆਂ ਇਸ ਕਢਾਈ ਵਿਚ ਮਾਹਰ ਹੰਦੀਆਂ ਸਨ ।
ਮੁਟਿਆਰਾਂ ਅਪਣੇ ਮਨ ਦੇ ਭਾਵ, ਹਮਸਫ਼ਰ ਦੀ ਤਾਂਘ ਨੂੰ ਖੁਲ੍ਹ ਕੇ ਪ੍ਰਗਟ ਨਹੀਂ ਕਰ ਸਕਦੀਆਂ ਸਨ। ਉਹ ਕਲਾ ਕਢਾਈ ਨੂੰ ਹੀ ਮਾਧਿਅਮ ਬਣਾ ਲੈਂਦੀਆਂ ਸਨ। ਰੁਮਾਲ, ਚਾਦਰਾ, ਫੁੱਲ ਬੂੱਟੇ, ਹੱਸਦੇ ਕਲੋਲਾਂ ਕਰਦੇ ਪੰਛੀ, ਪਿਆਰ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਅਤੇ ਵਿਛੋੜੇ ਨੂੰ ਪ੍ਰਗਟ ਕਰਦਾ ਇਕੱਲਾ ਦਰੱਖ਼ਤ ਆਦਿ। ਅਪਣੇ ਮਨ ਦੀਆਂ ਭਾਵਨਾਵਾਂ ਅਤੇ ਰੀਂਝਾਂ ਦੇ ਪ੍ਰਗਟਾਵੇ ਕਰਨ ਲਈ ਇਕ ਮੋਟੀ ਸੂਈ, ਖੱਦਰ ਦਾ ਕਪੜਾ ਨਾਲ ਰੰਗ-ਬਰੰਗੇ ਧਾਗੇ ਆਦਿ ਦੀ ਵਰਤੋਂ ਕਰਦੀਆਂ ਸਨ।
ਫੁਲਕਾਰੀ ਦੀਆਂ ਕਈ ਕਿਸਮਾਂ ਹਨ ਜਿਵੇਂ ਬਾਗ
ਬਾਗ: ਇਸ ਵਿਚ ਸਾਰੇ ਕਪੜੇ ਉਪਰ ਤਿਕੋਣੀ ਆਕਾਰ (ਪੈਟਰਨ) ਚਿੱਤਰੇ ਜਾਂਦੇ ਹਨ। ਇਹ ਕਢਾਈ ਬਹੁਤ ਹੀ ਸੰਘਣੀ ਕਢਾਈ ਹੁੰਦੀ ਹੈ ਜੋ ਕਿ ਪੱਟ ਦੇ ਧਾਗੇ ਨਾਲ ਕੀਤੀ ਜਾਂਦੀ ਹੈ। ਲੋਕ ਧੀਆਂ ਨੂੰ ਦਾਜ ਵਿਚ ਫੁਲਕਾਰੀ ਦੇ ਬਾਗ਼ ਦਿੰਦੇ ਹਨ।
ਚੋਪ: ਲਾਲ ਜਾਂ ਗੂੜ੍ਹੇ ਲਾਲ ਖੱਦਰ ਦੀ ਫੁਲਕਾਰੀ ਨੂੰ ਚੋਪ ਕਹਿੰਦੇ ਹਨ। ਇਸ ਫੁਲਕਾਰੀ ਉਪਰ ਕੰਨੀਆਂ ਉਤੇ ਕਢਾਈ ਕੀਤੀ ਜਾਂਦੀ ਹੈ ।ਸੁੱਭਰ ਵੀ ਲਾਲ ਰੰਗ ਸ਼ਗਨਾਂ ਦਾ ਕਪੜਾ ਹੁੰਦਾ ਹੈ। ਚਾਰੇ ਕੋਨੇ ਕਢਾਈ ਕੱਢੀ ਜਾਂਦੀ ਹੈ। ਇਸ ਖੱਦਰ ਵਾਲੀ ਫੁਲਕਾਰੀ ਨੂੰ ਸਾਲੂ ਵੀ ਆਖਿਆ ਜਾਂਦਾ ਹੈ । ਦਾਦੀ, ਨਾਨੀ ਇਸ ਫੁਲਕਾਰੀ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਦਿੰਦੀਆਂ ਰਹਿੰਦੀਆਂ ਹਨ। ਵਿਆਹ ਦੀ ਚੂੜਾ ਚੜ੍ਹਾਉਣ ਵਾਲੀ ਰਸਮ-ਰਿਵਾਜਾਂ ਵਿਚ ਨਾਨੀ ਅਪਣੀ ਦੋਹਤੀ ਨੇ ਚੋਪ ਪਹਿਨਾਉਂਦੀ ਹੈ । ਇਹ ਇਕ ਤਰ੍ਹਾਂ ਫੁਲਕਾਰੀ ਹੀ ਹੈ ਪਰ ਥੋੜ੍ਹੀ ਫੁਲਕਾਰੀ ਤੋਂ ਵੱਡਾ ਹੁੰਦਾ ਹੈ ।
ਨੀਲਕ : ਨੀਲੇ ਜਾਂ ਕਾਲੇ ਰੰਗ ਦੇ ਖੱਦਰ ਉਤੇ ਪੀਲੇ ਅਤੇ ਲਾਲ ਰੇਸ਼ਮ ਦੇ ਧਾਗੇ ਦੀ ਕਢਾਈ ਕੀਤੀ ਜਾਂਦੀ ਹੈ ਜਿਸ ਨੂੰ ਨੀਲਕ ਆਖਦੇ ਹਨ ।
ਤਿਲ ਪੱਤਰਾ : ਸੱਭ ਤੋਂ ਸਸਤੀ ਵਾਲੀ ਕਢਾਈ ਨੂੰ ਤਿਲ ਪੱਤਰਾ ਆਖਦੇ ਹਨ । ਇਸ ਕਢਾਈ ਦੇ ਤੋਪੇ ਵੀ ਛਿੱਦੇ-ਛਿੱਦੇ ਭਰੇ ਹੁੰਦੇ ਹਨ ਜਿਨ੍ਹਾਂ ਨੂੰ ਸਤੋਪੇ ਵੀ ਆਖਦੇ ਹਨ। ਇਹ ਫੁਲਕਾਰੀ ਸਮਾਗਮ ਵਿਚ ਜ਼ਿਆਦਾ ਵਿਆਹ ਆਦਿ ਮੌਕੇ ਲਾਗੀਆਂ ਨੂੰ ਸ਼ਗਨ ਰੂਪ ਵਿਚ ਦਿਤੀ ਜਾਂਦੀ ਹੈ ।
ਛਮਾਸ: ਛਮਾਸ ਫੁਲਕਾਰੀ ਜ਼ਿਆਦਾਤਰ ਹਰਿਆਣੇ ਅਤੇ ਨਾਲ ਲਗਦੇ ਪੰਜਾਬ ਦੇ ਖੇਤਰਾਂ ਵਿਚ ਪ੍ਰਚਲਤ ਰਹੀ ਹੈ। ਇਸ ਫੁਲਕਾਰੀ ਦੀ ਕਢਾਈ ਨਾਲ -ਨਾਲ ਇਸ ਉਪਰ ਸ਼ੀਸ਼ੇ ਵੀ ਲਗਾਏ ਜਾਂਦੇ ਹਨ ।
ਘੰਗਟਬਾਟ: ਘੁੰਗਟਬਾਟ ਫੁਲਕਾਰੀ ਉਪਰ ਸਿਰ ਵਾਲੇ ਹਿੱਸੇ ਤਿਕੋਣੀ ਕਢਾਈ ਕੀਤੀ ਜਾਂਦੀ ਹੈ ਅਤੇ ਗੋਟੇ ਦੀ ਵਰਤੋਂ ਵੀ ਘੁੰਗਟਬਾਟ ਫੁਲਕਾਰੀ ਉਪਰ ਹੁੰਦੀ ਹੈ। ਫੁਲਕਾਰੀ ਚੁੰਨੀ ਦੀ ਸੁੰਦਰਤਾ ਸਾਨੂੰ ਕਈ ਲੋਕ ਗੀਤਾਂ ਵਿਚ ਵੀ ਸੁਣਨ ਨੂੰ ਮਿਲਦੀ ਹੈ ।ਪੰਜਾਬਣਾਂ ਰਾਹੀ ਫੁਲਕਾਰੀ ਨਾਲ ਜੁੜਿਆ ਅਨੇਕ ਭਾਵਨਾਵਾਂ, ਤਾਂਘਾਂ ਆਦਿ ਨੂੰ ਪ੍ਰਗਟ ਕੀਤਾ ਗਿਆ। ਜਿਵੇਂ ਇਹ ਲੋਕ ਗੀਤ ਸੁਣਦੇ ਆ ਰਹੇ ਹਨ:
ਫੁਲਕਾਰੀ ਮੇਰੀ ਰੇਸ਼ਮੀ, ਰੰਗ ਢੁਕਾਏ ਠੀਕ,
ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ।
ਇਸ ਤਰ੍ਹਾ ਭੈਣ ਨੂੰ ਅਪਣੇ ਭਰਾ-ਭਾਬੀ ਵਲੋਂ ਫੁਲਕਾਰੀ ਭੇਜਣ ਤੇ ਭੈਣ ਆਖਦੀ ਗੀਤ ਰਾਹੀਂ
ਵੀਰ ਮੇਰੇ ਨੇ ਕੁੜਤੀ ਭੇਜੀ, ਭਾਬੋ ਨੇ ਫੁਲਕਾਰੀ,
ਨੀਂ ਜੁੱਗ- ਜੁੱਗ ਜੀ ਭਾਬੋ, ਲੱਗੇ ਵੀਰ ਤੋਂ ਪਿਆਰੀ।
ਇਸ ਤਰ੍ਹਾਂ ਦਾ ਫੁਲਕਾਰੀ ਨਾਲ ਜੁੜਿਆ ਹੋਇਆ ਲੋਕ ਗੀਤ ਜਦੋਂ ਪੰਜਾਬਣ ਮੁਟਿਆਰ ਖੇਤ ਵਿਚ ਭੱਤਾ ਭਾਵ ਰੋਟੀ ਲੈ ਕੇ ਫੁਲਕਾਰੀ ਕੱਜ ਕੇ ਜਾਂਦੀ ਹੈ, ਤਦ ਫੁਲਕਾਰੀ ਬਾਰੇ ਗੀਤ
ਲੈ ਕੇ ਸਿਰ ਤੇ ਸੋਹਣੀ ਫੁਲਕਾਰੀ,
ਨੀਂ ਭੱਤਾ ਚੁੱਕੀ ਜਾਂਦੀ ਖੇਤ ਨੂੰ ।
ਇਸ ਤਰ੍ਹਾਂ ਜਦੋਂ ਪੰਜਾਬੀ ਨਾਚ ਗਿੱਧੇ ਦੀ ਵਾਰੀ ਆਉਂਦੀ ਤਾਂ ਫੁਲਕਾਰੀ ਦੀ ਅਪਣੀ ਵਖਰੀ ਹੀ ਟੌਹਰ ਬਣਦੀ ਪੰਜਾਬਣ ਮੁਟਿਆਰਾਂ ਤੇ।
ਮੁਟਿਆਰਾਂ, ਚੁੰਨੀਆਂ ਲੈ ਕੇ ਫੁਲਕਾਰੀਆਂ,
ਨੱਚਣ ਗਿੱਧੇ ਦੇ ਵਿਚ ਆਈਆਂ।
ਗੱਭਰੂ ਵਲੋਂ ਜਦੋਂ ਮੁਟਿਆਰਾਂ ਨੂੰ ਮਿਹਣੇ ਮਾਰ ਕੇ ਆਖਿਆ ਜਾਂਦਾ ਹੈ ਕਿ ਤੂੰ ਤਾਂ ਨਾ ਹੀ ਕਤਣਾ ਜਾਣਦੀ ਹੈ ਅਤੇ ਨਾ ਹੀ ਕਢਾਈ ਕੱਢਣ ਤਾਂ ਫਿਰ ਪੰਜਾਬੀ ਮੁਟਿਆਰ ਫੁਲਕਾਰੀ ਕੱਢ ਕੇ ਸਿਰ ਉਪਰ ਫੁਲਕਾਰੀ ਲੈ ਲੈਂਦੀ ਹੈ ਤਾਂ ਫਿਰ ਗਭਰੂ ਮੁਟਿਆਰ ਦੇ ਫੁਲਕਾਰੀ ਲਈ ਵੇਖ ਹੁੰਗਰ ਮਾਰ ਆਖਦਾ ਹੈ:
ਹਾਇ ਫੁਲਕਾਰੀ ਤੇਰੇ ਜਾਵੇ ਫ਼ਬਦੀ,
ਸੁਣ ਮੇਰੀਏ, ਹੁਸਨ ਦੀਏ ਸਰਕਾਰੇ,
ਹੱਥ ਜੋੜ ਕੇ, ਮੈਂ ਖ਼ੈਰ ਤੇਰੀ ਮੰਗਦਾ,
ਹਾਇ ਫੁਲਕਾਰੀ ਤੇਰੇ ਜਾਵੇ ਫਬਦੀ।
ਇਸ ਤਰ੍ਹਾਂ ਫੁਲਕਾਰੀ ਚੁੰਨੀ ਦੀ ਅੱਜ ਦੇ ਸਮੇਂ ਵਿਚ ਮੰਗ ਘਟਦੀ ਜਾ ਰਹੀ ਹੈ । ਰੀਝਾਂ ਦੀ ਇਸ ਦੀ ਕਲਾ ਨਿਖੇੜਦਾ ਇਹ ਫੁਲਕਾਰੀ ਰੂਪ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਹੈ । ਅੱਜਕਲ ਦੇ ਰੁਝੇਵੇਂ ਭਰੀ ਜ਼ਿੰਦਗੀ ਵਿਚ ਲੋਕਾਂ ਕੋਲ ਕਢਾਈ ਕੱਢਣ ਦਾ ਸਮਾਂ ਬਹੁਤ ਘੱਟ ਗਿਆ ਹੈ । ਮਸ਼ੀਨੀ ਬਣੇ ਹੋਏ ਕਪੜੇ ਸ਼ਾਲ ਆਦਿ ਨੂੰ ਅਹਿਮੀਅਤ ਦਿਤੀ ਜਾਂਦੀ ਰਹੀ ਹੈ ।
ਸਾਨੂੰ ਫੁਲਕਾਰੀ ਚੂੰਨੀ/ਦੁਪੱਟਾ ਦੀ ਕਲਾ ਦੇ ਇਸ ਕਢਾਈ ਰੂਪ ਨੂੰ ਸੰਭਾਲਣ ਦੀ ਬਹੁਤ ਲੋੜ ਹੈ । ਸਕੂਲਾਂ ਵਿਚ ਸਮਾਗਮਾਂ, ਤਿਉਹਾਰ ਆਦਿ ਮੌਕੇ ਵਿਦਿਆਰਥੀਆਂ ਨੂੰ ਕੁੱਝ ਕੁ ਫੁਲਕਾਰੀ ਚੁੰਨੀ ਬਾਰੇ ਜਾਣਕਾਰੀ ਦੇ ਕੇ ਪੰਜਾਬੀ ਸਭਿਆਚਾਰ ਵਿਰਸਾ ਸੰਭਾਲ ਕੇ ਰਖਿਆ ਜਾ ਸਕਦਾ ਤੇ ਮੁੜ ਸੁਰਜੀਤ ਸਕ ਸਕਦੇ। ਕੁੱਝ ਸਕੂਲਾਂ ਵਿਚ ਸਮਾਗਮ ਆਦਿ ਮੌਕੇ ਪੰਜਾਬਣ ਮੁਟਿਆਰ ਆਦਿ ਦਾ ਰੋਲ ਅਦਾ ਕਰ ਫੁਲਕਾਰੀ ਨੂੰ ਮਹੱਤਵ ਦੇਣ ਦੀ ਕੋਸ਼ਿਸ਼ ਜਾਰੀ ਵੀ ਕੀਤੀ ਜਾ ਰਹੀ ਹੈ ।
ਸੋ ਸਾਫ਼ ਸੁਥਰੇ ਲੋਕ- ਗੀਤਾਂ ਰਾਹੀ ਵੀ ਫੁਲਕਾਰੀ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਤਾਂ ਜੋ ਫੁਲਕਾਰੀ ਕਲਾ ਦਾ ਪੰਜਾਬੀ ਸਭਿਆਚਾਰ ਪਹਿਰਾਵੇ ਨਾਲ ਫੁਲਕਾਰੀ ਚੁੰਨੀ ਦਾ ਵਿਰਸਾ ਕਿਧਰੇ ਗੁਆਂਚ ਨਾ ਜਾਵੇ।
-ਬਬੀਤਾ ਘਈ, ਲੁਧਿਆਣਾ। 6239083668