ਗੁੱਤਾਂ ਵੀ ਅਲੋਪ ਹੋ ਗਈਆਂ, ਨਾਲੇ ਗੁੰਮ ਗਏ ਜਲੇਬੀ ਜੂੜੇ
Published : Oct 6, 2018, 1:27 pm IST
Updated : Oct 6, 2018, 1:27 pm IST
SHARE ARTICLE
braid
braid

ਤੀਆਂ ਵਿਚ ਧਮਾਲ ਪਾਉਣ ਵਾਲੀ, ਗਿਧਿਆਂ ਦੀ ਰਾਣੀ ਪੰਜਾਬੀ ਮੁਟਿਆਰ ਅੱਜ ਡਿਸਕੋ ਦੀ ਪਟਰਾਣੀ ਬਣ ਕੇ ਰਹਿ ਗਈ ਹੈ। ਉਹ ਭੁੱਲ ਗਈ ਏ ਚਰਖੇ ਦੇ ਤੰਦ ਅਤੇ ਫੁਲਕਾਰੀ ਦੇ ਫੁੱ...

ਤੀਆਂ ਵਿਚ ਧਮਾਲ ਪਾਉਣ ਵਾਲੀ, ਗਿਧਿਆਂ ਦੀ ਰਾਣੀ ਪੰਜਾਬੀ ਮੁਟਿਆਰ ਅੱਜ ਡਿਸਕੋ ਦੀ ਪਟਰਾਣੀ ਬਣ ਕੇ ਰਹਿ ਗਈ ਹੈ। ਉਹ ਭੁੱਲ ਗਈ ਏ ਚਰਖੇ ਦੇ ਤੰਦ ਅਤੇ ਫੁਲਕਾਰੀ ਦੇ ਫੁੱਲ ਪਾਉਣੇ। ਛੱਡ ਗਈ ਏ ਸੂਟ, ਘਗਰੇ ਅਤੇ ਰੇਸ਼ਮੀ ਗਰਾਰੇ ਪਾਉਣੇ। ਚੁੰਨੀ ਨੂੰ ਤਾਂ ਸਲਾਮ ਕੁੱਝ ਸਮਾਂ ਪਹਿਲਾਂ ਹੀ ਕਹਿ ਦਿਤੀ ਸੀ, ਹੁਣ ਤਾਂ ਸੂਟ ਸਲਵਾਰਾਂ ਨੂੰ ਅਲਵਿਦਾ ਕਹਿਣ ਦੀ ਤਿਆਰੀ ਵਿਚ ਹੈ। ਦੋਹਰੇ, ਸਿਠਣੀਆਂ, ਬੋਲੀਆਂ ਦੇ ਨਾਂ ਤਾਂ ਜਾਣਦੀ ਹੈ, ਪਰ ਗਾਉਣੀਆਂ ਨਹੀਂ ਆਉਂਦੀਆਂ।

punjabi culturepunjabi culture

ਨਚਣਾ-ਟਪਣਾ ਤਾਂ ਅੱਜ ਵੀ ਆਉੁਂਦੈ, ਪਰ ਢੋਲ ਦੇ ਡੱਗੇ ਜਾਂ ਤਾਲ ਵਿਚ ਨਹੀਂ। ਪੰਜਾਬੀ ਵਿਰਸੇ ਨੂੰ ਪੈਰਾਂ ਹੇਠ ਲਤਾੜ ਕੇ ਡਿਸਕੋ ਦੀ ਮੰਜ਼ਿਲ ਵਲ ਤੇਜ਼ੀ ਨਾਲ ਵੱਧ ਰਹੀ ਪੰਜਾਬਣ ਹੁਣ ਫ਼ੈਸ਼ਨਾਂ ਦੀ ਰਾਣੀ ਅਖਵਾਉਣ ਲੱਗ ਪਈ ਹੈ। ਟਾਪ-ਜ਼ੀਨਾਂ ਅਤੇ ਉੱਚੀ ਹੀਲ ਵਾਲੇ ਸੈਂਡਲ ਪਾਉਣ ਦੀ ਸ਼ੌਕੀਨ ਹੋ ਗਈ ਹੈ। ਮੁਕਤਸਰ ਵਾਲੀ ਜੁੱਤੀ ਤਾਂ ਗੀਤਾਂ ਵਿਚਲੀ ਗੱਲ ਹੀ ਬਣ ਕੇ ਰਹਿ ਗਈ ਹੈ। ਬੋਬੀ ਕੱਟ ਤੇ ਆਈਬਰੋ ਕਰਵਾਉਣ ਦੀ ਸ਼ੌਕੀਨ ਮੁਟਿਆਰ ਨੂੰ ਸ਼ਰਮ-ਹਯਾ ਦਾ ਕੋਈ ਖ਼ਿਆਲ ਨਹੀਂ। ਇਸ ਨੇ ਅਪਣੀ ਗ਼ਜ਼ ਲੰਮੀਂ ਗੁੱਤ ਅਤੇ ਜਲੇਬੀ ਜੂੜੇ ਬਿਊਟੀ ਪਾਰਲਰਾਂ ਦੀਆਂ ਨਾਲੀਆਂ ਵਿਚ ਰੋੜ੍ਹ ਦਿਤੇ ਨੇ। 

ਕਪੜਾ ਤਨ ਦੇ ਪਰਦੇ ਲਈ ਹੈ ਨਾ ਕਿ ਟੌਹਰ-ਸ਼ੌਕੀਨੀ ਦਾ ਨਮੂਨਾ ਪਰ ਅੱਜ ਦੀ ਫ਼ੈਸ਼ਨ-ਪੱਟੀ ਪੰਜਾਬਣ ਨੇ ਤਾਂ ਹੱਦ ਹੀ ਕਰ ਦਿਤੀ ਹੈ ਕਿ ਉਹ ਸਰਦੀਆਂ ਦੇ ਮੌਸਮ ਵਿਚ ਵੀ ਸੱਪ ਦੀ ਕੁੰਜ ਵਰਗੇ ਪਤਲੇ ਕਪੜੇ ਪਹਿਨਦੀ ਹੈ ਜਿਸ ਦਾ ਨਾ ਕੋਈ ਹੱਜ ਤੇ ਨਾ ਲੱਜ। ਮੈਂ ਹੈਰਾਨ ਹਾਂ ਕਿ ਇਕ ਸਾਦੀ ਸੁਚੱਜੀ, ਸੋਹਣੀ ਪੰਜਾਬਣ ਮੁਟਿਆਰ ਡਿਸਕੋ ਦੀ ਦੀਵਾਨੀ ਕਿਉਂ ਹੋ ਗਈ ਹੈ। ਫ਼ੈਸ਼ਨਾਂ ਪੱਟੀ ਨੇ ਵਿਰਸੇ ਵਲੋਂ ਤਾਂ ਮੁੱਖ ਮੋੜਿਆ ਹੀ ਸੀ ਸਗੋਂ ਅਪਣੀ ਮਾਂ ਬੋਲੀ ਪੰਜਾਬੀ ਨਾਲ ਵੀ ਮੋਹ ਤੋੜਨ ਲਈ ਯਤਨਸ਼ੀਲ ਹੈ। ਪੈਰ-ਪੈਰ 'ਤੇ ਇੰਗਲਿਸ਼ ਬੋਲਣਾ ਵੀ ਪੜ੍ਹੀ-ਲਿਖੀ ਪੰਜਾਬਣ ਮੁਟਿਆਰ ਦਾ ਅਜੀਬ ਸ਼ੌਕ ਬਣ ਗਿਆ ਹੈ। ਇੰਜ ਜਾਪਦੈ ਜਿਵੇਂ ਪੰਜਾਬੀ ਬੋਲਣ 'ਤੇ ਕੋਈ ਹਰਜਾਨਾ ਭਰਨਾ ਪੈਂਦਾ ਹੋਵੇ। 

Punjabi CulturePunjabi Culture

ਪੰਜਾਬਣ ਮੁਟਿਆਰੇ! ਮੈਂ ਨਹੀਂ ਮਚਦਾ ਤੇਰੀ ਕਾਮਯਾਬੀ 'ਤੇ, ਪਰ ਇਕ ਗੱਲ ਦਾ ਦਰਦ ਜ਼ਰੂਰ ਹੈ ਕਿ ਤੂੰ ਪੰਜਾਬਣ ਹੋ ਕੇ ਪੰਜਾਬੀ ਵਿਰਸੇ ਨਾਲੋਂ ਬਿਲਕੁਲ ਹੀ ਕਿਉੁਂ ਟੁਟਦੀ ਜਾ ਰਹੀ ਏਂ? ਤੈਨੂੰ ਯਾਦ ਹੋਣੈ ਜਦੋਂ ਤੂੰ ਦਰਵਾਜ਼ੇ 'ਚ ਬਹਿ ਕੇ ਦਰੀਆਂ ਦੇ ਤਾਣੇ ਪਾਉੁਂਦੀ ਸੀ ਅਤੇ ਕੱਚੇ ਘਰਾਂ ਦੀਆਂ ਕੰਧੋਲੀਆਂ 'ਤੇ ਮੋਰਨੀਆਂ ਵਾਹੁੰਦੀ ਸੀ। ਮੀਂਹ ਨਾ ਪੈਣ 'ਤੇ ਗੁੱਡੀਆਂ ਫੂਕਦੀ ਸੀ। ਤੇਰਾ ਨਚਣਾ ਬੜਾ ਕਮਾਲ ਸੀ। ਤੇਰੀ ਅੱਡੀ ਦੀ ਇਕ ਧਮਕ ਸਾਰੇ ਪਿੰਡ ਦੀਆਂ ਦੇਹਲੀਆਂ ਹਿਲਾ ਦਿੰਦੀ ਸੀ। ਤੇਰਾ ਨਖਰਾ ਵੇਖਣ ਲਈ ਗੱਭਰੂ ਬਹਿ ਜਾਂਦੇ ਸਨ ਮੱਲ ਕੇ ਬਨੇਰੇ। ਕਿਧਰ ਗਏ ਤੇਰੇ ਉਹ ਰੰਗ ਤੇ ਰਾਗ? 

ਕਮਲੀਏ! ਡਿਸਕੋ ਨੇ ਤੇਰੀ ਮੱਤ ਮਾਰ ਦਿਤੀ ਹੈ। ਡਿਸਕੋ ਇਕ ਉਡਵਾਂ ਪੰਛੀ ਹੈ ਜਿਸ ਦਾ ਕੋਈ ਪਰਛਾਵਾਂ ਨਹੀਂ ਹੁੰਦਾ। ਅੱਜ ਹੋਰ, ਕਲ ਹੋਰ। ਪੰਜਾਬਣ ਮੁਟਿਆਰ ਦਾ ਖ਼ਿਤਾਬ ਤੈਨੂੰ ਪੰਜਾਬੀ ਵਿਰਸੇ ਨੇ ਹੀ ਦਿਤੈ। ਵਾਹਲੇ ਹਾਰ ਸ਼ਿੰਗਾਰ ਲਾ ਕੇ ਕੀ ਲੈਣੈਂ? ਤੂੰ ਤਾਂ ਸਾਦੀ ਵੀ ਚੰਨ ਵਰਗੀ ਸੋਹਣੀ ਲਗਦੀ ਏਂ। ਅਜੇ ਤਕ ਤਾਂ ਦੁਨੀਆਂ ਤੇਰੀਆਂ ਸਿਫ਼ਤਾਂ ਕਰਦੀ ਏ ਅਤੇ ਮਤਾਂ ਵੀ ਦਿੰਦੀ ਹੈ, ਪਰ ਜੇ ਤੂੰ ਅਪਣੀ ਅੜੀ ਨਾ ਛੱਡੀ ਤਾਂ ਪੰਜਾਬਣ ਮੁਟਿਆਰ ਤੋਂ ਅੰਗਰੇਜ਼ਣ ਮੇਮ ਬਣ ਜਾਵੇਂਗੀ।

Punjabi CulturePunjabi Culture

ਹਾੜਾ, ਸਾਂਭ ਲੈ ਅਪਣੀ ਬੋਲੀ ਤੇ ਵਿਰਸੇ ਨੂੰ। ਇਸ ਚਾਰ ਦਿਨਾਂ ਦੀ ਚਾਂਦਨੀ ਤੋਂ ਕੀ ਕਰਵਾਉਣੈ। ਪੰਜਾਬੀ ਵਿਰਸਾ ਬੜਾ ਕੀਮਤੀ ਹੈ। ਜ਼ਰਾ ਹੋਸ਼ ਕਰ! ਤੇਰੇ ਵਲੋਂ ਨਜ਼ਰ-ਅੰਦਾਜ਼ ਕੀਤੀਆਂ ਤੇਰੀਆਂ ਨਿਸ਼ਾਨੀਆਂ ਦੇ ਕਾਰਨ ਹੀ ਸਾਰੀ ਦੁਨੀਆਂ ਕਹਿੰਦੀ ਹੈ...ਗੁੱਤਾਂ ਵੀ ਅਲੋਪ ਹੋ ਗਈਆਂ ਨਾਲੇ ਗੁੰਮ ਗਏ ਜਲੇਬੀ ਜੂੜੇ। - ਤਾਰੀ ਗੋਲੇਵਾਲੀਆ, ਮੇਨ ਬੱਸ ਅੱਡਾ, ਤਪਾ ਮੰਡੀ, ਜ਼ਿਲ੍ਹਾ : ਬਰਨਾਲਾ। ਮੋਬਾਈਲ : 99882-86466

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement