ਆਂਵਲਾ ਅਤੇ ਸ਼ਿਕਾਕਾਈ ਸਦੀਆਂ ਤੋਂ ਵਾਲਾਂ ਦੀ ਦੇਖਭਾਲ ਦੇ ਰਵਾਇਤੀ ਉਪਚਾਰ ਰਹੇ ਹਨ
ਮੁਹਾਲੀ : ਅੱਜਕਲ ਸਮੇਂ ਤੋਂ ਪਹਿਲਾਂ ਹੀ ਵਾਲਾਂ ਦਾ ਚਿੱਟਾ ਹੋਣਾ ਇਕ ਆਮ ਜਿਹੀ ਗੱਲ ਹੋ ਗਈ ਹੈ। ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਡਾਈਆਂ ਲਾਉਂਦੇ ਹਨ, ਜਿਨ੍ਹਾਂ ਵਿਚ ਅਜਿਹੇ ਰਸਾਇਣ ਹੁੰਦੇ ਹਨ ਜੋ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਆਉ ਜਾਣਦੇ ਹਾਂ ਵਾਲਾਂ ਨੂੰ ਕੁਦਰਤੀ ਤੌਰ ’ਤੇ ਕਾਲਾ ਰਖਣ ਦੇ ਘਰੇਲੂ ਨੁਸਖ਼ੇ:
ਆਂਵਲਾ ਅਤੇ ਨਾਰੀਅਲ ਤੇਲ ਦੋਵੇਂ ਵਾਲਾਂ ’ਤੇ ਅਪਣੇ ਲਾਭਕਾਰੀ ਪ੍ਰਭਾਵਾਂ ਲਈ ਮਸ਼ਹੂਰ ਹਨ। ਉਹ ਨਾ ਸਿਰਫ਼ ਵਾਲਾਂ ਨੂੰ ਕਾਲਾ ਕਰਦੇ ਹਨ ਬਲਕਿ ਤਾਕਤ ਅਤੇ ਮਜ਼ਬੂਤੀ ਵੀ ਪ੍ਰਦਾਨ ਕਰਦੇ ਹਨ। ਇਸ ਨੂੰ ਵਾਲਾਂ ਉਤੇ ਅਪਲਾਈ ਕਰਨ ਲਈ ਇਕ ਕਟੋਰੀ ਵਿਚ 2 ਚਮਚ ਨਾਰੀਅਲ ਤੇਲ ਲਵੋ ਅਤੇ ਇਸ ਨੂੰ ਗਰਮ ਕਰੋ। ਗਰਮ ਹੋਣ ’ਤੇ, ਤੇਲ ਵਿਚ ਆਂਵਲਾ ਪਾਊਡਰ ਪਾਉ ਅਤੇ ਇਸ ਨੂੰ ਰਾਤ ਭਰ ਇੰਝ ਹੀ ਰੱਖੋ। ਫਿਰ ਇਸ ਮਿਸ਼ਰਣ ਨੂੰ ਅਪਣੇ ਵਾਲਾਂ ’ਤੇ ਚੰਗੀ ਤਰ੍ਹਾਂ ਲਗਾਉ ਅਤੇ ਇਸ ਨੂੰ 2 ਘੰਟਿਆਂ ਲਈ ਲੱਗਾ ਰਹਿਣ ਦਿਉ। ਫਿਰ ਅਪਣੇ ਵਾਲਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਸਮੇਂ ਨਾਲ, ਤੁਹਾਡੇ ਵਾਲ ਕੁਦਰਤੀ ਤੌਰ ’ਤੇ ਕਾਲੇ ਅਤੇ ਮਜ਼ਬੂਤ ਹੋ ਜਾਣਗੇ।
ਮਹਿੰਦੀ ਅਤੇ ਇੰਡੀਗੋ ਵਾਲਾਂ ਨੂੰ ਡਾਈ ਕਰਨ ਲਈ ਵਰਤੀ ਜਾਣ ਵਾਲੀ ਕੁਦਰਤੀ ਸਮੱਗਰੀ ਹੈ। ਇਹ ਦੋਵੇਂ ਵਾਲਾਂ ਨੂੰ ਕਾਲੇ ਕਰਨ ਲਈ ਇਕ ਸੁਰੱਖਿਅਤ ਅਤੇ ਰਸਾਇਣ ਮੁਕਤ ਤਰੀਕਾ ਪ੍ਰਦਾਨ ਕਰਦੇ ਹਨ। ਆਉ ਜਾਣਦੇ ਹਾਂ ਇਸ ਨੂੰ ਵਰਤਣ ਦਾ ਸਹੀ ਤਰੀਕਾ: ਇਕ ਕਟੋਰੇ ਵਿਚ, 1 ਚਮਚ ਇੰਡੀਗੋ ਪਾਊਡਰ ਦੇ ਨਾਲ 1-2 ਚਮਚ ਮਹਿੰਦੀ ਪਾਊਡਰ ਨੂੰ ਮਿਲਾਉ। ਇਕ ਆਂਡਾ ਪਾਉ ਅਤੇ ਇਕ ਪੇਸਟ ਬਣਾਉਣ ਲਈ ਦਹੀਂ ਦੇ ਨਾਲ ਸਮੱਗਰੀ ਨੂੰ ਮਿਲਾਉ। ਪੇਸਟ ਨੂੰ ਅਪਣੇ ਵਾਲਾਂ ’ਤੇ ਸਮਾਨ ਰੂਪ ਨਾਲ ਲਗਾਉ ਅਤੇ ਇਸ ਨੂੰ 1 ਤੋਂ 2 ਘੰਟੇ ਤੱਕ ਲੱਗਾ ਰਹਿਣ ਦਿਉ। ਅਪਣੇ ਵਾਲਾਂ ਨੂੰ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਵਾਲ ਕੁਦਰਤੀ ਤੌਰ ਉਤੇ ਕਾਲੇ ਹੋ ਜਾਣਗੇ।
ਆਂਵਲਾ ਅਤੇ ਸ਼ਿਕਾਕਾਈ ਸਦੀਆਂ ਤੋਂ ਵਾਲਾਂ ਦੀ ਦੇਖਭਾਲ ਦੇ ਰਵਾਇਤੀ ਉਪਚਾਰ ਰਹੇ ਹਨ। ਉਹ ਵਾਲਾਂ ਦੀ ਸਿਹਤ ਨੂੰ ਬਣਾਈ ਰੱਖਣ ਅਤੇ ਕੁਦਰਤੀ ਕਾਲੇ ਰੰਗ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਲੋਹੇ ਦੇ ਭਾਂਡੇ ਵਿਚ 4 ਚਮਚ ਆਂਵਲਾ ਪਾਊਡਰ ਵਿਚ 1 ਚਮਚ ਸ਼ਿਕਾਕਾਈ ਪਾਊਡਰ ਮਿਲਾਉ। ਮਿਸ਼ਰਣ ਨੂੰ ਰਾਤ ਭਰ ਇੰਝ ਹੀ ਰੱਖੋ। ਮਿਸ਼ਰਣ ਨੂੰ ਅਪਣੇ ਵਾਲਾਂ ’ਤੇ ਲਗਾਉ ਅਤੇ ਚੰਗੀ ਤਰ੍ਹਾਂ ਕਵਰ ਕਰੋ। ਇਸ ਨੂੰ ਕੁੱਝ ਸਮੇਂ ਲਈ ਛੱਡ ਦਿਉ ਤੇ ਫਿਰ ਅਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਨਿਯਮਤ ਵਰਤੋਂ ਨਾਲ, ਤੁਹਾਡੇ ਵਾਲ ਹੌਲੀ-ਹੌਲੀ ਕੁਦਰਤੀ ਅਤੇ ਸਿਹਤਮੰਦ ਤਰੀਕੇ ਨਾਲ ਕਾਲੇ ਹੋ ਜਾਣਗੇ।