
ਸਰਦ ਰੁੱਤ ਦੀ ਕੋਹਰੇ ਭਰੀ ਰਾਤ ਸੀ। ਜਿਉਂ ਹੀ ਚੰਨ ਹਿਮਾਲੀਆ ਦੀਆਂ ਚੋਟੀਆਂ ਤੋਂ ਥੋੜਾ ਉਪਰ ਹੋਇਆ, ਮੈਨੂੰ ਉਸ ਪਹਾੜੀ ਕਸਬੇ ਦੀਆਂ ਸੜਕਾਂ 'ਤੇ ਥਾਂ-ਥਾਂ 'ਤੇ ਬਰਫ਼...
ਸਰਦ ਰੁੱਤ ਦੀ ਕੋਹਰੇ ਭਰੀ ਰਾਤ ਸੀ। ਜਿਉਂ ਹੀ ਚੰਨ ਹਿਮਾਲੀਆ ਦੀਆਂ ਚੋਟੀਆਂ ਤੋਂ ਥੋੜਾ ਉਪਰ ਹੋਇਆ, ਮੈਨੂੰ ਉਸ ਪਹਾੜੀ ਕਸਬੇ ਦੀਆਂ ਸੜਕਾਂ 'ਤੇ ਥਾਂ-ਥਾਂ 'ਤੇ ਬਰਫ਼ ਸਫ਼ੈਦ ਧਬਿਆਂ ਦੇ ਰੂਪ ਵਿਚ ਵਿਖਾਈ ਦਿਤੀ। ਜੇ ਕਿਤੇ ਮੈਂ ਇਸ ਵੇਲੇ ਅਪਣੇ ਬਿਸਤਰ ਵਿਚ ਹੁੰਦਾ, ਹੱਥ ਵਿਚ ਕਿਤਾਬ ਹੁੰਦੀ ਅਤੇ ਪਾਸੇ ਨਾਲ ਗਰਮ ਪਾਣੀ ਦੀ ਬੋਤਲ ਹੁੰਦੀ ਤਾਂ ਮੈਂ ਸਚਮੁਚ ਖ਼ੁਸ਼ ਹੁੰਦਾ ਪਰ ਅਜਿਹਾ ਸੰਭਵ ਨਹੀਂ ਸੀ ਕਿਉਂਕਿ ਮੈਂ ਕਪਾੜੀਆ ਪਰਵਾਰ ਨਾਲ ਪਾਰਟੀ 'ਤੇ ਆਉਣ ਦਾ ਵਾਅਦਾ ਕੀਤਾ ਸੀ। ਹੁਣ ਜੇ ਨਾ ਗਿਆ ਤਾਂ ਗੁਸਤਾਖ਼ੀ ਹੋਵੇਗੀ। ਮੈਂ ਦੋ ਸਵੈਟਰ ਪਾਏ, ਸਕਾਰਫ਼ ਲਿਆ ਅਤੇ ਉਪਰ ਓਵਰਕੋਟ ਪਾ ਲਿਆ।
ਫਿਰ ਚੰਨ ਚਾਨਣੀ ਵਿਚ ਨਿਖਰੀ ਸੜਕ 'ਤੇ ਚੱਲ ਪਿਆ। ਕਪਾੜੀਆ ਨਿਵਾਸ ਦਾ ਪੈਦਲ ਰਸਤਾ ਮੇਰੇ ਘਰ ਤੋਂ ਇਕ ਮੀਲ ਤੋਂ ਥੋੜਾ ਹੀ ਵੱਧ ਹੋਵੇਗਾ। ਮੈਂ ਅੱਧਾ ਕੁ ਰਸਤਾ ਤੈਅ ਕਰ ਚੁਕਿਆ ਸੀ ਜਦ ਅਚਾਨਕ ਇਕ ਲੜਕੀ ਨੂੰ ਮੈਂ ਸੜਕ ਦੇ ਵਿਚਕਾਰ ਖੜੇ ਵੇਖਿਆ। ਉਸ ਦੀ ਉਮਰ ਲਗਪਗ ਸੋਲਾਂ ਸਤਾਰਾਂ ਸਾਲ ਦੀ ਸੀ ਪਰ ਪੁਸ਼ਾਕ ਤੋਂ ਉਹ ਕੁੱਝ ਪੁਰਾਣੇ ਫ਼ੈਸ਼ਨ ਦੀ ਜਾਪਦੀ ਸੀ। ਉਸ ਦੇ ਲੰਮੇ ਕਮਰ ਤਕ ਝੂਲਦੇ ਲਹਿਰਾਉਂਦੇ ਵਾਲ, ਸਲਮੇ-ਸਿਤਾਰੇ ਜੜੀ, ਗੁਲਾਬੀ ਜਾਮਨੀ ਰੰਗ ਦੀ ਭੜਕੀਲੀ ਪੋਸ਼ਾਕ ਵੇਖ ਕੇ ਮੈਨੂੰ ਅਪਣੀ ਦਾਦੀ ਦੇ ਪਰਵਾਰ ਦੀ ਐਲਬਮ ਚੇਤੇ ਆ ਗਈ।
ਮੈਂ ਥੋੜਾ ਅੱਗੇ ਗਿਆ ਤਾਂ ਮਹਿਸੂਸ ਕੀਤਾ ਕਿ ਉਸ ਦੀਆਂ ਅੱਖਾਂ ਬੜੀਆਂ ਪਿਆਰੀਆਂ ਤੇ ਮੁਸਕਾਨ ਮਨਮੋਹਕ ਸੀ। ''ਨਮਸਕਾਰ''! ਮੈਂ ਕਿਹਾ, ''ਅੱਜ ਰਾਤ ਬਾਹਰ ਬੜੀ ਠੰਢ ਹੈ।'' ਉਸ ਨੇ ਮੈਨੂੰ ਪੁਛਿਆ, ''ਤੁਸੀ ਪਾਰਟੀ 'ਤੇ ਜਾ ਰਹੇ ਹੋ?'' ''ਹਾਂ ਤੁਸੀ ਠੀਕ ਸਮਝਿਐ। ਤੁਹਾਡੀ ਸਜੀਲੀ ਪੋਸ਼ਾਕ ਵੇਖ ਕੇ ਲਗਦੈ ਤੁਸੀ ਵੀ ਉਥੇ ਹੀ ਜਾ ਰਹੇ ਹੋ।'' ਮੈਂ ਕਿਹਾ। ''ਆਉ ਚਲਦੇ ਹਾਂ। ਬਸ ਤਕਰੀਬਨ ਪਹੁੰਚ ਹੀ ਗਏ ਹਾਂ।'' ਮੈਂ ਕਿਹਾ। ਉਹ ਮੇਰੇ ਨਾਲ-ਨਾਲ ਚੱਲਣ ਲੱਗੀ। ਦੂਰੋਂ ਸਾਨੂੰ ਦੇਵਦਾਰਾਂ ਵਿਚੋਂ ਦੀ ਕਪਾੜੀਆ ਨਿਵਾਸ ਦੀਆਂ ਬੱਤੀਆਂ ਦਿਸਣ ਲਗੀਆਂ। ਲੜਕੀ ਨੇ ਦਸਿਆ ਕਿ ਉਸ ਦਾ ਨਾਮ ਜੂਲੀ ਸੀ।
ਮੈਂ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ। ਵੈਸੇ ਵੀ ਮੈਂ ਇਸ ਕਸਬੇ 'ਚ ਕੁੱਝ ਮਹੀਨੇ ਪਹਿਲਾਂ ਹੀ ਆਇਆ ਸੀ। ਜਲਦੀ ਹੀ ਅਸੀ ਕਪਾੜੀਆ ਨਿਵਾਸ ਪਹੁੰਚ ਗਏ। ਅੰਦਰ ਜਾ ਕੇ ਵੇਖਿਆ ਤਾਂ ਪਾਰਕ 'ਚ ਚੰਗੀ ਖਾਸੀ ਭੀੜ ਸੀ। ਲਗਦਾ ਸੀ ਜੂਲੀ ਨੂੰ ਉਥੇ ਕੋਈ ਨਹੀਂ ਸੀ ਜਾਣਦਾ। ਸੱਭ ਨੇ ਇਹੀ ਸੋਚਿਆ, ਉਹ ਮੇਰੀ ਦੋਸਤ ਹੈ। ਮੈਂ ਵੀ ਇਸ ਤੋਂ ਇਨਕਾਰ ਨਹੀਂ ਸੀ ਕੀਤਾ। ਉਂਜ ਮੈਂ ਜਾਣ ਗਿਆ ਸੀ ਕਿ ਇਥੇ ਉਸ ਦਾ ਕੋਈ ਦੋਸਤ ਨਹੀਂ ਸੀ। ਇਸ ਪਾਰਟੀ ਵਿਚ ਉਹ ਇਕੱਲੀ ਸੀ ਪਰ ਉਹ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨਾ ਚਾਹੁੰਦੀ ਸੀ। ਸਚਮੁਚ ਥੋੜੀ ਹੀ ਦੇਰ ਵਿਚ ਉਹ ਪਾਰਟੀ ਦਾ ਆਨੰਦ ਮਾਣਨ ਲਗੀ।
ਮੈਂ ਉਸ ਨੂੰ ਬਹੁਤ ਖਾਂਦੇ ਪੀਂਦੇ ਤਾਂ ਨਹੀਂ ਵੇਖਿਆ ਪਰ ਪਾਰਟੀ ਦਾ ਮਜ਼ਾ ਲੈ ਰਹੀਆਂ ਵੱਖ-ਵੱਖ ਟੋਲੀਆਂ ਵਿਚ ਉਨ੍ਹਾਂ ਨਾਲ ਗੱਲਾਂ ਕਰਦਿਆਂ, ਸੁਣਦਿਆਂ ਹਸਦਿਆਂ ਉਸ ਨੂੰ ਜ਼ਰੂਰ ਵੇਖਿਆ। ਜਦ ਸੰਗੀਤ ਸ਼ੁਰੂ ਹੋਇਆ, ਉਸ ਤੋਂ ਬਾਅਦ ਤਾਂ ਉਹ ਲਗਾਤਾਰ ਕਦੇ ਇਕੱਲੀ, ਕਦੇ ਕਿਸੇ ਨਾ ਕਿਸੇ ਸਾਥੀ ਨਾਲ ਨਚਦੀ ਹੀ ਰਹੀ। ਸੰਗੀਤ ਵਿਚ ਉਹ ਪੂਰੀ ਤਰ੍ਹਾਂ ਮਗਨ ਹੋ ਗਈ ਸੀ। (ਚਲਦਾ)