
ਕਈ ਤਰ੍ਹਾਂ ਫਲੇਵਰਾਂ 'ਚ ਮੌਜੂਦ ਗੁੜ ਖ਼ਰੀਦਣ ਲਈ ਉਮੜੇ ਲੋਕ
ਪੰਜਾਬ (ਦਿਲਬਾਗ ਸਿੰਘ): ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਪ੍ਰਦਰਸ਼ਨੀ ਦੇਸੀ ਗੁੜ ਦੀ ਲੱਗੀ ਹੋਈ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ ਕਿਉਂਕਿ ਇਹ ਕੋਈ ਆਮ ਗੁੜ ਨਹੀਂ ਬਲਕਿ ਆਰਗੈਨਿਕ ਗੁੜ ਹੈ ਅਤੇ ਜੋ ਇਸ ਪ੍ਰਦਰਸ਼ਨੀ ਵਿਚ ਕਈ ਫਲੇਵਰਾਂ ਵਿਚ ਉਪਲਬਧ ਹੈ।
Sultanpur Lodhi
ਜ਼ਿਮੀਦਾਰਾ ਆਰਗੈਨਿਕ ਗੁੜ ਦੇ ਨਾਂਅ 'ਤੇ ਲੱਗੀ ਇਸ ਪ੍ਰਦਰਸ਼ਨੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਫਲੇਵਰਾਂ ਵਾਲਾ ਗੁੜ ਮੌਜੂਦ ਹੈ, ਜਿਨ੍ਹਾਂ ਵਿਚ ਆਮ ਗੁੜ, ਅਜਵੈਣ ਵਾਲਾ ਗੁੜ, ਮੈਡੀਕੇਟਡ ਗੁੜ ਅਤੇ ਹੋਰ ਵੀ ਕਈ ਤਰ੍ਹਾਂ ਦੇ ਫਲੇਵਰਾਂ ਵਿਚ ਗੁੜ ਨੂੰ ਤਿਆਰ ਕੀਤਾ ਗਿਆ ਹੈ, ਜੋ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਗੱਲ ਕਰਦਿਆਂ ਇਸ ਗੁੜ ਦੇ ਕਾਸ਼ਤਕਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਇਹ ਗੁੜ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ।
Gurh Exhibition
ਉਨ੍ਹਾਂ ਨੂੰ ਇਸ ਗੁੜ ਕਾਰਨ ਮਾਰਚ 2019 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪਹਿਲਾ ਇਨਾਮ ਮਿਲ ਚੁੱਕਿਆ ਹੈ। ਦੱਸ ਦਈਏ ਕਿ ਕਿਸੇ ਸਮੇਂ ਗੁੜ ਨੂੰ ਪੰਜਾਬ ਵਿਚ ਆਮ ਤੌਰ 'ਤੇ ਵਰਤਿਆ ਜਾਂਦਾ ਸੀ ਪਰ ਹੁਣ ਜ਼ਿਆਦਾਤਰ ਲੋਕ ਚੀਨੀ ਦੀ ਵਰਤੋਂ ਕਰਦੇ ਹਨ। ਮਾਹਿਰਾਂ ਅਨੁਸਾਰ ਗੁੜ ਖੂਨ ਦੀ ਕਮੀ, ਬਲੱਡ ਪ੍ਰੈਸ਼ਰ, ਚਮੜੀ ਦੇ ਕੁੱਝ ਰੋਗਾਂ ਨੂੰ ਖ਼ਤਮ ਕਰਨ ਦੇ ਨਾਲ-ਨਾਲ ਗਰਭਵਤੀ ਔਰਤਾਂ ਵਿੱਚ ਅਨੀਮੀਆ ਦੀ ਕਮੀ ਨੂੰ ਵੀ ਦੂਰ ਕਰਦੈ। ਸੋ ਬਹੁਤ ਸਾਰੇ ਲੋਕਾਂ ਵੱਲੋਂ ਇਸ ਵਿਸ਼ੇਸ਼ ਪ੍ਰਦਰਸ਼ਨੀ ਤੋਂ ਗੁੜ ਖ਼ਰੀਦਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।