
ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਇਕ ਵਿਲੱਖਣ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ।
ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਵੱਲੋਂ ਕਈ ਤਰ੍ਹਾਂ ਦੇ ਅਨੋਖੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ‘ਤੇ ਕਈ ਅਨੋਖੀਆਂ ਚੀਜ਼ਾਂ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਸਿੱਖੀ ਅਪਣੀ ਵੱਖਰੀ ਨੁਹਾਰ ਕਰਕੇ ਜਾਣੀ ਜਾਂਦੀ ਹੈ। ਸਿੱਖ ਧਰਮ ਵਿਚ ਦਸਤਾਰ ਦਾ ਅਪਣਾ ਹੀ ਮਹੱਤਵ ਹੈ। ਸਿੱਖ ਦੀ ਜੇਕਰ ਪਛਾਣ ਕਰਨੀ ਹੋਵੇ ਤਾਂ ਉਸ ਦੀ ਦਸਤਾਰ, ਗੁਫ਼ਤਾਰ ਅਤੇ ਰਫ਼ਤਾਰ ਤੋਂ ਕੀਤੀ ਜਾਂਦੀ ਹੈ।ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਇਕ ਵਿਲੱਖਣ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿੱਖ ਸੰਗਤਾਂ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਸਿੱਖ ਨੌਜਵਾਨਾਂ ਨੂੰ ਦਸਤਾਰ ਅਤੇ ਸਿੱਖੀ ਦੇ ਪਹਿਰਾਵੇ ਨਾਲ ਜੋੜਨ ਲਈ ਇਹ ਬਹੁਤ ਹੀ ਵੱਖਰਾ ਉਪਰਾਲਾ ਕੀਤਾ ਗਿਆ ਹੈ।
Dastar Langar
ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਇਸ ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਨੇ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਵੀ ਇਹ ਉਪਰਾਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਉਹਨਾਂ ਵੱਲੋਂ ਸ੍ਰੀ ਹਜੂਰ ਸਾਹਿਬ ਵਿਖੇ ਇਹ ਕੈਂਪ ਲਗਾਏ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸੰਗਤਾਂ ਵੱਲੋਂ ਕਈ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ ਪਰ ਅਸੀਂ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਦਸਤਾਰ ਕੈਂਪ ਦੀ ਥਾਂ ਦਸਤਾਰਾਂ ਦਾ ਲੰਗਰ ਲਗਾਉਣ ਬਾਰੇ ਸੋਚਿਆ। ਉਹਨਾਂ ਦੱਸਿਆ ਕਿ ਇਹ ਲੰਗਰ ਉਹਨਾਂ ਨੌਜਵਾਨਾਂ ਲਈ ਹੈ ਜੋ ਕੇਸ ਅਤੇ ਦਾਹੜੀ ਰੱਖਣ ਦਾ ਪ੍ਰਣ ਕਰਦੇ ਹਨ। ਉਹਨਾਂ ਦੱਸਿਆ ਕਿ 2-4 ਘੰਟਿਆਂ ਵਿਚ ਹੀ ਉਹਨਾਂ ਕੋਲ ਲਗਭਗ 10 ਨੌਜਵਾਨ ਆ ਗਏ ਸਨ।
Dastar Langar
ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨੌਜਵਾਨ ਕੇਸਧਾਰੀ ਨਹੀਂ ਹਨ, ਉਹ ਉਹਨਾਂ ਨੂੰ ਸਿੱਖੀ ਸਰੂਪ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦੱਸਿਆ ਕਿ ਉਹ 6 ਤੋਂ 12 ਨਵੰਬਰ ਤੱਕ ਇਹ ਲੰਗਰ ਚਾਲੂ ਰੱਖਣਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਕੇਸ ਰੱਖਣ ਲਈ ਅਪੀਲ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਇੱਥੇ ਆਏ ਨੌਜਵਾਨਾਂ ਨੂੰ ਬਾਬਾ ਫਤਿਹ ਸਿੰਘ ਜੀ ਅਤੇ ਹੋਰ ਸਿੱਖਾਂ ਦੀਆਂ ਕਹਾਣੀਆਂ ਦੱਸਦੇ ਹਨ ਅਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦੱਸਿਆ ਕਿ ਕਈ ਨੌਜਵਾਨ ਵਿਆਹ ਕਰਵਾਉਣ ਲਈ ਕੇਸ ਕਟਾ ਦਿੰਦੇ ਹਨ।
Dastar Langar
ਉਹਨਾਂ ਨੇ ਸਪੋਕਸਮੈਨ ਟੀਵੀ ਜ਼ਰੀਏ ਗੁਰਸਿੱਖ ਪਰਿਵਾਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਦੇਵੀ-ਦੇਵਤੀਆਂ ਨਾਲ ਸਬੰਧਿਤ ਪ੍ਰਥਾ ਤੋਂ ਪ੍ਰਹੇਜ਼ ਕਰਨ ਅਤੇ ਪਾਖੰਡਵਾਦ ਤੋਂ ਦੂਰ ਰਹਿਣ। ਉਹਨਾਂ ਦੱਸਿਆ ਕਿ ਹੁਣ ਤੱਕ ਉਹ ਕਈ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਚੁੱਕੇ ਹਨ ਅਤੇ ਹੁਣ ਜਦੋਂ ਉਹ ਉਹਨਾਂ ਨੌਜਵਾਨਾਂ ਨੂੰ ਮਿਲਦੇ ਹਨ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਗੁਰਮਤ ਲਹਿਰ ਦੇ ਪ੍ਰਬੰਧਕਾਂ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਲੰਗਰ ਦਾ ਲਾਹਾ ਜ਼ਰੂਰ ਲੈਣ। ਇਸ ਲੰਗਰ ਵਿਚ ਆਏ ਇਕ ਨੌਜਵਾਨ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਤਿਹਾਸ ਦੀ ਸਮਝ ਆਈ ਕਿ ਸਾਡੇ ਗੁਰੂ ਨੇ ਸਿੱਖੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਤਾਂ ਉਦੋਂ ਤੋਂ ਹੀ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਹੁਣ ਕੇਸ ਕਤਲ ਨਹੀਂ ਕਰਵਾਉਣਗੇ ਅਤੇ ਦਸਤਾਰਾਂ ਸਜਾ ਕੇ ਗੁਰੂ ਵਾਲੇ ਬਣਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।