
ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰੇਟ ਨੇ ਫੂਡ ਸੇਫਟੀ ਟੀਮਾਂ ਨੂੰ ਸੂਬੇ ਭਰ ਵਿੱਚ ਖੁੱਲ੍ਹੇ ਮਸਾਲਿਆਂ ਅਤੇ ਨਮਕ ਦੀ ਵਿਕਰੀ ਰੋਕਣ ਦਾ...
ਚੰਡੀਗੜ (ਸ.ਸ.ਸ) : ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰੇਟ ਨੇ ਫੂਡ ਸੇਫਟੀ ਟੀਮਾਂ ਨੂੰ ਸੂਬੇ ਭਰ ਵਿੱਚ ਖੁੱਲ੍ਹੇ ਮਸਾਲਿਆਂ ਅਤੇ ਨਮਕ ਦੀ ਵਿਕਰੀ ਰੋਕਣ ਦਾ ਆਦੇਸ਼ ਦਿੱਤਾ। ਇਸ ਸਬੰਧੀ ਵੇਰਵੇ ਦਿੰਦਿਆਂ ਫੂਡ ਸੇਫਟੀ ਕਮਿਸ਼ਨਰ ਸ੍ਰੀ ਕੇ. ਐਸ. ਪਨੂੰ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ (ਵਿਕਰੀ 'ਤੇ ਰੋਕਥਾਮ ਅਤੇ ਪਾਬੰਦੀਆਂ) ਰੈਗੂਲੇਸ਼ਨ, 2006 ਦੇ ਨਿਯਮ 2.3.14 ਦੇ ਅਨੁਸਾਰ, ਕੋਈ ਵੀ ਵਿਅਕਤੀ “ਬਿਨਾਂ ਪੈਕਿੰਗ'' ਦੇ ਪੀਸੇ ਹੋਏ ਮਸਾਲੇ ਨਹੀਂ ਵੇਚ ਸਕਦਾ। ਇਹਨਾਂ ਨਿਯਮਾਂ ਅਨੁਸਾਰ, ਸਿਰਫ਼ ਸਹੀ ਢੰਗ ਨਾਲ ਪੈਕ ਕੀਤੇ ਅਤੇ ਲੇਬਲ ਲਗਾਏ ਮਸਾਲਿਆਂ ਨੂੰ ਹੀ ਵੇਚਿਆ ਜਾ ਸਕਦਾ ਹੈ।
ਇਸ ਲਈ ਸਾਰੀਆਂ ਟੀਮਾਂ ਨੂੰ ਚੌਕਸ ਰਹਿਣ ਲਈ ਨਿਰਦੇਸ਼ ਦਿੱਤੇ ਗਏ ਅਤੇ ਉਹਨਾਂ ਨੂੰ ਆਪਣੇ ਅਧਿਕਾਰ ਖੇਤਰਾਂ ਵਿੱਚ ਖੁੱਲ੍ਹੇ ਅਤੇ ਬਿਨਾਂ ਪੈਕਿੰਗ ਦੇ ਮਸਾਲੇ ਅਤੇ ਲੂਣ ਨਾ ਵੇਚਣਾ ਯਕੀਨੀ ਬਣਾਉਣ ਅਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕਰਨ ਲਈ ਕਿਹਾ। ਸ੍ਰੀ ਪਨੂੰ ਨੇ ਕਿਹਾ ਕਿ ਹਰ ਭਾਰਤੀ ਰਸੋਈ ਵਿੱਚ ਮਸਾਲੇ ਬਹੁਤ ਮਹੱਤਵ ਰੱਖਦੇ ਹਨ ਪਰ ਉਨ੍ਹਾਂ ਦੀ ਦਿੱਖ ਨੂੰ ਆਕਰਸ਼ਿਤ ਬਣਾਉਣ ਅਤੇ ਵਜ਼ਨ ਨੂੰ ਵਧਾਉਣ ਲਈ, ਪੀਸੇ ਹੋਏ ਮਸਾਲਿਆਂ ਵਿੱਚ ਨਕਲੀ ਰੰਗ, ਸਟਾਰਚ, ਚਾਕ ਪਾਊਡਰ ਆਦਿ ਦੀ ਮਿਲਾਵਟ ਕੀਤੀ ਜਾਂਦੀ ਹੈ।
ਮਿਲਾਵਟ ਵਾਲੇ ਮਸਾਲਿਆਂ ਦੀ ਖਪਤ ਨਾਲ ਚਮੜੀ ਰੋਗ, ਜਿਗਰ ਦੀਆਂ ਬਿਮਾਰੀਆਂ ਆਦਿ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਖੁਰਾਕ ਸੁਰੱਖਿਆ ਟੀਮਾਂ ਨੂੰ ਬਿਨਾਂ ਪੈਕਿੰਗ ਦੇ ਨਮਕ ਅਤੇ ਹੋਰ ਮਸਾਲਿਆਂ ਦੀ ਵਿਕਰੀ ਨੂੰ ਰੋਕਣ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ।