
ਵਧੀ ਵਾਈਬ੍ਰੇਸ਼ਨ ਫ੍ਰੀਕੁਐਂਸੀ ਪਿੱਠ ਅਤੇ ਧੌਣ ਲਈ ਨੁਕਸਾਨਦੇਹ ਹੈ
ਅਜੋਕੇ ਸਮੇਂ ਵਿੱਚ ਗੱਡੀ ਦੀ ਜ਼ਰੂਰਤ ਅਹਿਮ ਬਣਦੀ ਜਾ ਰਹੀ ਹੈ, ਖ਼ਾਸ ਕਰਕੇ ਭਾਰਤ ਵਰਗੇ ਮੁਲਕਾਂ ਵਿੱਚ ਜਿੱਥੇ ਬੱਸਾਂ ਅਤੇ ਰੇਲਗੱਡੀਆਂ ਵਿੱਚ ਬੇਤਹਾਸ਼ਾ ਭੀੜ ਭੜੱਕਾ ਹੁੰਦਾ ਹੈ। ਹਰ ਬੰਦਾ ਚਾਹੁੰਦਾ ਹੈ ਕਿ ਉਹ ਆਪਣੀ ਨਿੱਜੀ ਕਾਰ ਵਿੱਚ ਆਰਾਮਦਾਇਕ ਸਫ਼ਰ ਦਾ ਆਨੰਦ ਮਾਣੇ।
ਇਨਸਾਨ ਖੂਨ ਪਸੀਨੇ ਦੀ ਕਮਾਈ ਕਰਕੇ ਕਾਰ ਤਾਂ ਖ਼ਰੀਦ ਲੈਂਦਾ ਹੈ ਪਰ ਜਦੋਂ ਰੋਜ਼ ਖ਼ੁਦ ਕਾਰ ਚਲਾ ਕੇ ਕੰਮ 'ਤੇ ਜਾਣਾ ਪੈਂਦਾ ਹੈ, ਤਾਂ ਉਸ ਨੂੰ ਇਹ ਵੀ ਔਖਾ ਲਗਦਾ ਹੈ। ਰੋਜ਼ ਕਾਰ ਚਲਾਉਣ ਦੇ ਨਤੀਜੇ ਵਜੋਂ ਪਿੱਠ ਦਾ ਦਰਦ ਜਨਮ ਲੈਂਦਾ ਹੈ ਜੋ ਕਿ ਮਾਮੂਲੀ ਦਰਦ ਤੋਂ ਲੈ ਕੇ ਭਿਆਨਕ ਸੈਟਿਕਾ ਦਾ ਦਰਦ ਵੀ ਹੋ ਸਕਦਾ ਹੈ। ਦਰਅਸਲ ਆਮ ਕੁਰਸੀ 'ਤੇ ਬੈਠਣਾ ਅਤੇ ਡਰਾਈਵਰ ਦੀ ਸੀਟ 'ਤੇ ਬਹਿ ਕੇ ਗੱਡੀ ਚਲਾਉਣਾ ਦੋਵੇਂ ਬਿਲਕੁਲ ਅਲੱਗ ਹਨ, ਡਰਾਈਵਿੰਗ ਕਰਦੇ ਸਮੇਂ ਮਨੁੱਖ ਇੱਕ ਕਿਰਿਆ ਵਿੱਚ ਸਰਗਰਮ ਹੁੰਦਾ ਹੈ, ਜਦੋਂ ਕਿ ਕੁਰਸੀ 'ਤੇ ਬੈਠਾ ਉਹ ਅਰਾਮ ਫ਼ਰਮਾ ਰਿਹਾ ਹੁੰਦਾ ਹੈ।
ਡਰਾਈਵਿੰਗ ਦਾ ਮਨੁੱਖੀ ਸਰੀਰ 'ਤੇ ਪ੍ਰਭਾਵ
ਜਿਵੇਂ ਹੀ ਗੱਡੀ ਰਫ਼ਤਾਰ ਫੜਦੀ ਹੈ, ਕਈ ਕਿਸਮ ਦੀਆਂ ਕੁਦਰਤੀ ਤਾਕਤਾਂ ਮਨੁੱਖੀ ਸਰੀਰ 'ਤੇ ਅਸਰ ਪਾਉਂਦੀਆਂ ਹਨ, ਜਿਨ੍ਹਾਂ ਨਾਲ ਕਾਰ ਨੂੰ ਰੇਸ ਦੇਣ 'ਤੇ ਕਦੇ ਤਾਂ ਮਨੁੱਖੀ ਸਰੀਰ ਪਿੱਛੇ, ਸੀਟ ਵੱਲ ਨੂੰ ਧੱਕਿਆ ਜਾਂਦਾ ਹੈ ਅਤੇ ਕਦੇ ਬ੍ਰੇਕ ਲੱਗਣ 'ਤੇ ਅਗਾਂਹ ਨੂੰ ਹੁੰਦਾ ਹੈ। ਇਸ ਤੋਂ ਇਲਾਵਾ ਮੋੜਾਂ 'ਤੇ ਮਨੁੱਖੀ ਸਰੀਰ ਸੱਜੇ- ਖੱਬੇ ਨੂੰ ਵੀ ਧੱਕਿਆ ਜਾਂਦਾ ਹੈ ਜਿਸਦੇ ਸਿੱਟੇ ਵਜੋਂ ਸਰੀਰ ਦੇ ਕੁੱਝ ਜੋੜ ਜ਼ਰੂਰਤ ਤੋਂ ਜ਼ਿਆਦਾ ਤਣਾਅ ਮਹਿਸੂਸ ਕਰਦੇ ਹਨ।
ਇਸ ਤੋਂ ਇਲਾਵਾ ਗੱਡੀ ਚਲਾਉਂਦੇ ਸਮੇਂ ਸਾਡੇ ਪੈਰ ਲਗਾਤਾਰ ਹਰਕਤ ਵਿੱਚ ਰਹਿੰਦੇ ਹਨ, ਕਦੇ ਰੇਸ 'ਤੇ, ਕਦੇ ਬ੍ਰੇਕ 'ਤੇ ਅਤੇ ਕਦੇ ਕਲੱਚ ਉੱਪਰ, ਜਿਸ ਕਰਕੇ ਪੈਰ ਸਾਡੇ ਸਰੀਰ ਦੇ ਥੱਲੜੇ ਹਿੱਸੇ ਨੂੰ ਸਹਾਰਾ ਦੇਣ ਜਾਂ ਸਥਿਰ ਰੱਖਣ ਵਿੱਚ ਅਸਮਰੱਥ ਸਾਬਤ ਹੁੰਦੇ ਨੇ, ਅਤੇ ਸਾਡੇ ਸਰੀਰ ਦਾ ਜ਼ਿਆਦਾਤਰ ਭਾਰ ਸਾਡੀ ਪਿੱਠ ਦੇ ਹੇਠਲੇ ਹਿੱਸੇ 'ਤੇ ਆ ਟਿਕਦਾ ਹੈ ਜੋ ਕੇ ਪਿੱਠ ਦੇ ਦਰਦ ਦਾ ਮੁੱਖ ਕਾਰਨ ਹੈ।
ਕੁੱਝ ਤਾਂ ਇਨ੍ਹਾਂ ਕਾਰਣਾਂ ਕਰਕੇ ਅਤੇ ਕੁੱਝ ਕਾਰ ਦੀ ਸੀਟ ਦੀ ਬਣਤਰ ਅਤੇ ਛੱਤ ਦੀ ਘੱਟ ਉਚਾਈ ਕਰਕੇ ਪਿੱਠ ਦੇ ਦਰਦ ਦਾ ਖ਼ਦਸ਼ਾ ਵੱਧ ਜਾਂਦਾ ਹੈ। ਮਾਹਿਰ ਦੱਸਦੇ ਹਨ ਕੇ ਸਾਡੀ ਰੀੜ੍ਹ ਦੀ ਹੱਡੀ ਦੀ ਕੁਦਰਤੀ ਵਾਈਬ੍ਰੇਸ਼ਨ ਫ੍ਰੀਕੁਐਂਸੀ 4-5 ਹਰਡਜ਼ ਹੈ, ਜਦੋਂ ਕੇ ਡ੍ਰਾਈਵਿੰਗ ਸਮੇਂ ਕੀਤੇ ਗਏ ਤਜ਼ਰਬਿਆਂ ਵਿੱਚ ਇਹ ਫ੍ਰੀਕੁਐਂਸੀ ਵਧੀ ਹੋਈ ਪਾਈ ਗਈ ਜੋ ਕਿ ਯਕੀਨੀ ਤੌਰ 'ਤੇ ਪਿੱਠ ਅਤੇ ਧੌਣ ਲਈ ਨੁਕਸਾਨਦੇਹ ਹੈ।
ਡਰਾਈਵਿੰਗ ਸਮੇਂ ਪਿੱਠ ਦੇ ਦਰਦ ਤੋਂ ਬਚਣ ਦੇ ਨੁਸਖੇ
1. ਡ੍ਰਾਈਵਿੰਗ ਸਮੇਂ ਲੋੜ ਅਨੁਸਾਰ ਪਿੱਠ ਪਿੱਛੇ ਅਤੇ ਪਿੱਠ ਦੇ ਹੇਠਲੇ ਪਾਸੇ ਸਹੀ ਥਾਂ ਤੇ ਕੁਸ਼ਨ ਜਾਂ ਕੋਈ ਕੱਪੜਾ ਜ਼ਰੂਰ ਰੱਖੋ।
2. ਅਰਾਮ ਨਾਲ ਬੈਠਣ ਲਈ ਸੀਟ ਦੇ ਪਿੱਠ ਵਾਲੇ ਪਾਸੇ ਨੂੰ 100 ਤੋਂ 110 ਡਿਗਰੀ ਦੇ ਵਿਚਕਾਰ ਰੱਖੋ।
3. ਲੰਬੇ ਸਫ਼ਰ ਵਿੱਚ ਜੇ ਸੁਰੱਖਿਅਤ ਹੋਵੇ ਤਾਂ ਗੱਡੀ ਦਾ ਕਰੂਜ਼ ਕੰਟਰੋਲ ਵਰਤਿਆ ਜਾਵੇ, ਤਾਂ ਜੋ ਤੁਹਾਡੇ ਪੈਰ ਕੁੱਝ ਚਿਰ ਲਈ ਅਰਾਮ ਕਰ ਸਕਣ।
4. ਹੋ ਸਕੇ ਤਾਂ ਸਫ਼ਰ ਦੇ ਕੁੱਝ ਵਕਫ਼ੇ ਬਾਅਦ ਗੱਡੀ ਵਿੱਚੋਂ ਉੱਤਰ ਕੇ ਅੰਗੜਾਈ ਲਈ ਜਾਵੇ, ਭਾਵ ਕੇ ਸਰੀਰ ਨੂੰ ਅਰਾਮ ਦਿੱਤਾ ਜਾਵੇ। ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਇਨ੍ਹਾਂ ਸਾਰੇ ਨੁਸਖ਼ਿਆਂ ਨੂੰ ਵਰਤਣ ਮਗਰੋਂ ਵੀ ਜੇਕਰ ਪਿੱਠ ਦਾ ਦਰਦ ਨਹੀਂ ਬੰਦ ਹੁੰਦਾ ਤਾਂ ਡਾਕਟਰ ਦੀ ਰਾਏ ਜ਼ਰੂਰ ਲਈ ਜਾਵੇ।