
ਜ਼ਿਆਦਾ ਮਿੱਠਾ ਖਾਣ ਨਾਲ ਮੋਟੇ ਹੋ ਜਾਵੋਗੇ, ਪਰ ਲਗਾਤਾਰ ਬਨਾਉਟੀ ਮਿੱਠਾ ਖਾਣਾ ਵੀ ਹੋਰ ਮੋਟਾ ਕਰ ਸਕਦੈ : ਨਵੀਂ ਖੋਜ
ਵਾਸ਼ਿੰਗਟਨ : ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਬਨਾਉਟੀ ਮਿੱਠੇ ਵਾਲੀਆਂ ਚੀਜ਼ਾਂ ਅਸਲ ’ਚ ਤੁਹਾਡੀ ਭੁੱਖ ਨੂੰ ਵਧਾਉਣ ਦਾ ਕੰਮ ਕਰ ਸਕਦੀਆਂ ਹਨ। ਦੁਨੀਆਂ ’ਚ ਕਰੋੜਾਂ ਲੋਕ ਹਰ ਰੋਜ਼ ਸਟੀਵੀਆ ਵਰਗੇ ਬਨਾਉਟੀ ਮਿੱਠੇ ਦਾ ਪ੍ਰਯੋਗ ਕਰਦੇ ਹਨ ਤਾਂ ਕਿ ਉਹ ਮੋਟਾਪੇ ਤੋਂ ਦੂਰ ਰਹਿ ਸਕਣ। ਹਾਲਾਂਕਿ ਇਸ ਦਾ ਦਿਮਾਗ਼ ਉਤੇ ਭੁੱਖ ਨੂੰ ਕਾਬੂ ਰੱਖਣ ਬਾਰੇ ਪੂਰੇ ਅਸਰ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।
Charles Perkins Center
ਇਕ ਅਮਰੀਕੀ ਰਸਾਲੇ ’ਚ ਛਪੀ ਇਸ ਖੋਜ ’ਚ ਬਨਾਉਟੀ ਮਿੱਠੇ ਦੇ ਭੁੱਖ ਨੂੰ ਕਾਬੂ ਕਰਨ ਅਤੇ ਸੁਆਦ ਦੀ ਸੰਵੇਦਨਾ ਬਾਰੇ ਦਿਮਾਗ਼ ’ਤੇ ਹੁੰਦੇ ਅਸਰ ’ਤੇ ਰੌਸ਼ਨੀ ਪਾਈ ਗਈ ਹੈ। ਯੂਨੀਵਰਸਟੀ ਆਫ਼ ਸਿਡਨੀ ਦੇ ਚਾਰਲਸ ਪਰਕਿਨਜ਼ ਸੈਂਟਰ ਅਤੇ ਗਾਰਵੇਨ ਇੰਸਟੀਚਿਊਟ ਆਫ਼ ਮੈਡੀਕਲ ਰੀਸਰਚ ਨੇ ਦਿਮਾਗ਼ ’ਚ ਇਕ ਨਵੇਂ ਸਿਸਟਮ ਦਾ ਪਤਾ ਲਗਾਇਆ ਹੈ ਜੋ ਕਿ ਮਿੱਠੇ ਸੁਆਦ ਅਤੇ ਭੋਜਨ ਅੰਦਰ ਮੌਜੂਦ ਊਰਜਾ ਦੀ ਮਾਤਰਾ ਦਾ ਪਤਾ ਲਾਉਂਦਾ ਹੈ।
ਸਿਡਨੀ ਯੂਨੀਵਰਸਟੀ ਦੇ ਮੁੱਖ ਖੋਜੀ ਪ੍ਰੋਫ਼ੈਸਰ ਗਰੇਗ ਨੀਲੇ ਨੇ ਕਿਹਾ, ‘‘ਬਨਾਉਟੀ ਮਿੱਠੇ ਵਾਲੇ ਭੋਜਨ ਦੀ ਲਗਾਤਾਰ ਖੁਰਾਕ ਦੇਣ ਤੋਂ ਅਸੀਂ ਜਾਨਵਰਾਂ ’ਚ ਵੇਖਿਆ ਕਿ ਉਨ੍ਹਾਂ ਕਾਫ਼ੀ ਜ਼ਿਆਦਾ ਮਾਤਰਾ ’ਚ ਖਾਣਾ ਸ਼ੁਰੂ ਕਰ ਦਿਤਾ ਸੀ।’’ਉਨ੍ਹਾਂ ਕਿਹਾ ਕਿ ਇਸ ਅਸਰ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਦਿਮਾਗ਼ ਦੇ ਅੰਦਰ ਮਿੱਠੇ ਦੇ ਅਹਿਸਾਸ ਨਾਲ ਊਰਜਾ ਦੀ ਚੇਤਨਾ ਜੁੜੀ ਹੋਈ ਹੈ। ਜਦੋਂ ਮਿੱਠੇ ਅਤੇ ਊਰਜਾ ਦੀ ਮਾਤਰਾ ਦਾ ਸੰਤੁਲਨ ਕਾਫ਼ੀ ਦੇਰ ਤਕ ਵਿਗੜ ਜਾਂਦਾ ਹੈ ਤਾਂ ਦਿਮਾਗ਼ ਇਸ ਨੂੰ ਮੁੜ ਸੋਧ ਕੇ ਕੁਲ ਖਾਧੀਆਂ ਗਈਆਂ ਕੈਲੋਰੀਆਂ (ਊਰਜਾ) ਨੂੰ ਵਧਾ ਦਿੰਦਾ ਹੈ।
Calories
ਖੋਜ ’ਚ ਇਹ ਵੀ ਦਸਿਆ ਗਿਆ ਹੈ ਕਿ ਮੱਖੀਆਂ ਨੂੰ ਬਨਾਉਟੀ ਮਿੱਠੇ ਨਾਲ ਲਿਬੜੇ ਲੰਮੇ ਸਮੇਂ (ਪੰਜ ਦਿਨਾਂ ਤੋਂ ਜ਼ਿਆਦਾ) ਲਈ ਖਾਣ ਲਈ ਦਿਤੇ ਗਏ ਅਤੇ ਇਹ ਵੇਖਣ ਨੂੰ ਮਿਲਿਆ ਕਿ ਉਨ੍ਹਾਂ ਨੇ ਕੁਦਰਤੀ ਮਿੱਠੇ ਦੇ ਮੁਕਾਬਲੇ 30 ਫ਼ੀ ਸਦੀ ਜ਼ਿਆਦਾ ਕੈਲੋਰੀਆਂ ਖਾਧੀਆਂ।
ਪ੍ਰੋ. ਨੀਲੇ ਨੇ ਕਿਹਾ, ‘‘ਅਸੀਂ ਇਹ ਖੋਜ ਕੀਤੀ ਕਿ ਜਾਨਵਰਾਂ ਨੇ ਜਦੋਂ ਅਪਣੀ ਲੋੜ ਮੁਤਾਬਕ ਕੈਲੋਰੀਆਂ ਖਾ ਲਈਆਂ ਹਨ ਤਾਂ ਇਹ ਜ਼ਿਆਦਾ ਕਿਉਂ ਖਾ ਰਹੇ ਹਨ। ਅਸੀਂ ਵੇਖਿਆ ਕਿ ਕਾਫ਼ੀ ਸਮੇਂ ਤਕ ਬਨਾਉਟੀ ਮਿੱਠੇ ਨੂੰ ਖਾਣ ਨਾਲ ਅਸਲ ’ਚ ਭੁੱਖ ਵੱਧ ਜਾਂਦੀ ਹੈ।’’ ਬਨਾਉਟੀ ਮਿੱਠੇ ਨੂੰ ਖਾਣ ਬਾਰੇ ਇਹ ਪਹਿਲੀ ਖੋਜ ਹੈ ਜੋ ਕਿ ਇਸ ਦੇ ਦਿਮਾਗ਼ ’ਤੇ ਅਸਰ ’ਤੇ ਚਾਨਣਾ ਪਾਉਂਦੀ ਹੈ। (ਏਜੰਸੀਆਂ)