
ਸਰਕਾਰ ਨੂੰ ਮੰਗਲਵਾਰ ਤਕ ਦਾ ਅਲਟੀਮੇਟਮ
ਸੰਗਰੂਰ : ਮਾਸੂਮ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਲਗਾਤਾਰ ਇਨਸਾਫ਼ ਦੀ ਮੰਗ ਕਰਦੀਆਂ ਆ ਰਹੀਆਂ ਵੱਖ-ਵੱਖ ਕਮੇਟੀਆਂ ਵੱਲੋਂ ਸੰਘਰਸ਼ ਜਾਰੀ ਹੈ ਪਿਛਲੇ 2 ਦਿਨਾਂ ਤੋਂ ਸੰਗਰੂਰ ਦੇ ਡੀ.ਸੀ. ਦਫ਼ਤਰ ਅੱਗੇ ਭੁੱਖ ਹੜਤਾਲ ਕਰ ਰਹੇ ਆਮ ਲੋਕਾਂ ਦੀ ਇਕ ਕਮੇਟੀ ਵੱਲੋਂ ਅੱਜ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸਵੇਰ ਤੋਂ ਧਰਨਾ ਜਾਰੀ ਸੀ ਪਰ ਇਹ ਧਰਨਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮੰਗਲਵਾਰ ਸ਼ਾਮ ਤਕ ਦਾ ਅਲਟੀਮੇਟਮ ਦੇ ਕੇ ਚੁੱਕ ਲਿਆ ਗਿਆ।
Fatehveer Singh
ਧਰਨੇ ਦੀ ਅਗਵਾਈ ਕਰਨ ਵਾਲੇ ਰਣਦੀਪ ਦਿਓਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਨਿਆਂਇਕ ਜਾਂਚ ਦੀ ਮੰਗ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਅੱਜ ਅਸੀਂ ਕੈਬਨਿਟ ਮੰਤਰੀ ਨੂੰ ਆਪਣਾ ਮੰਗ ਪੱਤਰ ਦੇਣ ਲਈ ਧਰਨਾ ਲਾਇਆ ਸੀ ਪਰ ਕੈਬਨਿਅ ਮੰਤਰੀ ਵਿਜੈਇੰਦਰ ਬਾਹਰ ਹੋਣ ਕਰ ਕੇ ਉਨ੍ਹਾਂ ਨੂੰ ਨਹੀਂ ਮਿਲ ਸਕੇ ਪਰ ਪ੍ਰਸ਼ਾਸਨ ਵਲੋਂ ਡੀ.ਐਸ.ਪੀ. ਸਤਪਾਲ ਸ਼ਰਮਾ ਅਤੇ ਡੀ.ਐਸ.ਪੀ. ਮਨਜੀਤ ਸਿੰਘ ਨੇ ਭਰੋਸਾ ਦਿਵਾਇਆ ਹੈ ਕਿ ਆਉਂਦੇ ਮੰਗਲਵਾਰ ਸ਼ਾਮ ਤਕ ਵਿਜੈਇੰਦਰ ਸਿੰਗਲਾ ਨਾਲ ਕਮੇਟੀ ਮੈਂਬਰਾਂ ਦੀ ਮੁਲਾਕਾਤ ਕਰਵਾ ਕੇ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
Hunger strike
ਕਮੇਟੀ ਮੈਂਬਰਾਂ ਵੱਲੋਂ ਪ੍ਰਸ਼ਾਸਨ ਨੂੰ ਮੰਗਲਵਾਰ ਸ਼ਾਮ ਤਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਮੰਗ ਕੀਤੀ ਗਈ ਕਿ ਜੇ ਮੰਗਲਵਾਰ ਸ਼ਾਮ ਤਕ ਵਿਜੈਇੰਦਰ ਸਿੰਗਲਾ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਬੁਧਵਾਰ ਨੂੰ ਨਵੇਂ ਸੰਘਰਸ਼ ਦੀ ਰੂਪ ਰੇਖਾ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਮੰਗ ਇਹ ਹੈ ਕਿ ਫ਼ਤਿਹਵੀਰ ਦੀ ਮੌਤ ਸਬੰਧੀ ਘਟਨਾ ਦੀ ਨਿਆਂਇਕ ਇਨਕੁਆਰੀ ਕਰਵਾਈ ਜਾਵੇ ਅਤੇ ਅੱਗੇ ਲਈ ਇਸ ਤਰ੍ਹਾਂ ਘਟਨਾਵਾਂ ਤੋਂ ਬਚਣ ਲਈ ਕੋਈ ਆਧੁਨਿਕ ਇੰਨਸਰੂਮੈਂਟ ਜਾਂ ਮਸ਼ੀਨ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮਾਂ 'ਚ ਅਜਿਹੀਆਂ ਘਟਨਾਵਾਂ ਨਾਲ ਨਜਿੱਠਿਆ ਜਾ ਸਕੇ।