
ਕੇਲੇ ਦੇ ਸ਼ੇਕ ਵਿਚ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ ਜਿਸ ਨਾਲ ਮੋਟਾਪਾ ਹੋ ਸਕਦਾ ਹੈ
ਵੈਸੇ ਤਾਂ ਕੇਲਾ ਅਤੇ ਦੁੱਧ ਦੋਵੇਂ ਹੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਪਰ ਕੁੱਝ ਲੋਕਾਂ ਨੂੰ ਇਸ ਨੂੰ ਪੀਣ ਨਾਲ ਪਾਚਨ ਖ਼ਰਾਬ ਹੋ ਜਾਂਦਾ ਹੈ ਤਾਂ ਕੁੱਝ ਨੂੰ ਜ਼ੁਕਾਮ ਅਤੇ ਫ਼ਲੂ ਦੀ ਸਮੱਸਿਆ ਹੋ ਜਾਂਦੀ ਹੈ। ਅੱਜ ਅਸੀਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਜੇਕਰ ਤੁਸੀਂ ਲਗਾਤਾਰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਕੇਲੇ ਦੇ ਸ਼ੇਕ ਦਾ ਸੇਵਨ ਬੰਦ ਕਰ ਦਿਉ।
ਕੇਲੇ ਦੇ ਸ਼ੇਕ ਵਿਚ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ ਜਿਸ ਨਾਲ ਮੋਟਾਪਾ ਹੋ ਸਕਦਾ ਹੈ ਅਤੇ ਸਿਰਫ਼ ਕੇਲਾ ਅਤੇ ਦੁੱਧ ਹੀ ਕਿਉਂ ਉੱਚ ਕੈਲੋਰੀ ਵਾਲਾ ਭੋਜਨ ਹੈ। ਅਜਿਹੇ ਸੁਮੇਲ ਵਿਚ ਦੋਵੇਂ ਸਰੀਰ ਦੀ ਚਰਬੀ ਵਧਾਉਣ ਦਾ ਕੰਮ ਕਰਦੇ ਹਨ। ਇਸ ਲਈ ਜੇਕਰ ਤੁਸੀਂ ਮੋਟਾਪਾ ਘੱਟ ਕਰਨ ਬਾਰੇ ਸੋਚ ਰਹੇ ਹੋ ਤਾਂ ਕੇਲੇ ਦਾ ਸ਼ੇਕ ਪੀਣ ਤੋਂ ਪੂਰੀ ਤਰ੍ਹਾਂ ਬਚੋ।
ਕੈਲੋਰੀ ਜ਼ਿਆਦਾ ਹੋਣ ਕਾਰਨ ਕੇਲੇ ਦਾ ਸ਼ੇਕ ਪੀਣ ਨਾਲ ਪੇਟ ਪੂਰੀ ਤਰ੍ਹਾਂ ਭਰ ਜਾਂਦਾ ਹੈ। ਇਸ ਨੂੰ ਪਚਾਉਣ ਲਈ ਪਾਚਨ ਤੰਤਰ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਜ਼ਿਆਦਾਤਰ ਫਲਾਂ ਵਿਚ ਐਸੀਡਿਕ ਤੱਤ ਮੌਜੂਦ ਹੁੰਦੇ ਹਨ ਜਿਸ ਕਾਰਨ ਆਯੁਰਵੈਦ ਕਿਸੇ ਵੀ ਫਲ ਨੂੰ ਦੁੱਧ ਨਾਲ ਲੈਣ ਦੀ ਸਲਾਹ ਨਹੀਂ ਦਿੰਦਾ। ਕੇਲਾ ਵੀ ਇਨ੍ਹਾਂ ਵਿਚ ਸ਼ਾਮਲ ਹੈ। ਕੇਲੇ ਦੇ ਸ਼ੇਕ ਦੇ ਸੇਵਨ ਨਾਲ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵੀ ਹੋ ਸਕਦੀ ਹੈ।
ਕੇਲੇ ਦੇ ਸ਼ੇਕ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਕੈਲੇਸਟਰੋਲ ਦਾ ਪੱਧਰ ਉੱਚਾ ਹੋ ਸਕਦਾ ਹੈ ਕਿਉਂਕਿ ਇਸ ਵਿਚ ਚਰਬੀ ਹੁੰਦੀ ਹੈ। ਹਾਈ ਕੈਲੇਸਟਰੋਲ ਦਿਲ ਦੀਆਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ ਜਿਸ ਵਿਚ ਦਿਲ ਦਾ ਦੌਰਾ ਆਮ ਹੈ। ਇਸ ਲਈ ਇਸ ਨੂੰ ਵੀ ਧਿਆਨ ਵਿੱਚ ਰੱਖੋ। ਕੇਲੇ ਦਾ ਸ਼ੇਕ ਸਰਦੀ, ਜ਼ੁਕਾਮ, ਖਾਂਸੀ ਅਤੇ ਛਾਤੀ ਵਿਚ ਬਲਗਮ ਦੀ ਸਮੱਸਿਆ ਨੂੰ ਵੀ ਵਧਾ ਸਕਦਾ ਹੈ। ਇਹ ਸਾਈਨਸ ਨੂੰ ਉਤਸ਼ਾਹਤ ਕਰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਕੇਲੇ ਦੀ ਤਸੀਰ ਠੰਢੀ ਹੁੰਦੀ ਹੈ ਜਿਸ ਕਾਰਨ ਕੱੁਝ ਲੋਕਾਂ ਨੂੰ ਇਸ ਨੂੰ ਪੀਣ ਨਾਲ ਜ਼ੁਕਾਮ ਹੋ ਜਾਂਦਾ ਹੈ।